ਸਰਕਾਰ ਦੀ ਕੋਈ ਸੁਧਾਰਵਾਦੀ ਨੀਤੀ ਨਾ ਹੋਣ ਕਰਕੇ ਬਰਬਾਦ ਘਰ ਬਣੀਆਂ ਜੇਲ੍ਹਾਂ | Punjab Jail
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀਆਂ ਜੇਲਾਂ ਵਿਚ ਰੱਖੇ ਗਏ ਬੰਦੀਆਂ ਦੀ ਗਿਣਤੀ ਤੈਅ ਸ਼ੁਦਾ ਗਿਣਤੀ ਨਾਲੋਂ 95 ਪ੍ਰਤੀਸ਼ਤ ਤੱਕ ਜ਼ਿਆਦਾ ਹੈ ਅਤੇ ਇਹਨਾਂ ਜੇਲਾਂ ਵਿਚ ਗੈਰ ਮਨੁੱਖੀ ਹਲਾਤਾਂ ‘ਚ ਰੱਖੇ ਗਏ ਬੰਦੀਆਂ ਨੂੰ ਭਵਿੱਖ ‘ਚ ਸੁਧਾਰਨ ਲਈ ਸਰਕਾਰ ਦੀ ਕੋਈ ਵੀ ਠੋਸ ਨੀਤੀ ਨਹੀਂ ਹੈ। ਇਹ ਵਿਚਾਰ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਦਿਨੇਸ਼ ਚੱਢਾ, ਬੁਲਾਰਾ ਐਡਵੋਕੇਟ ਜਸਤੇਜ ਸਿੰਘ ਅਤੇ ਸੁਖਵਿੰਦਰ ਸਿੰਘ ਸੁੱਖੀ ਖਜਾਂਚੀ ਨੇ ਆਰਟੀਆਈ ਦੀ ਜਾਣਕਾਰੀ ਦੇ ਆਧਾਰ ‘ਤੇ ਮੀਡੀਆ ਦੇ ਸਾਹਮਣੇ ਰੱਖੇ। (Punjab Jail)
ਐਡਵੋਕੇਟ ਚੱਢਾ ਨੇ ਦਫਤਰ ਵਧੀਕ ਡਾਇਰੈਕਟ ਜਨਰਲ ਆਫ ਪੁਲਿਸ (ਜੇਲ੍ਹਾਂ) ਪੰਜਾਬ ਤੋਂ ਆਰਟੀਆਈ ਐਕਟ ਅਧੀਨ ਲਈ ਜਾਣਕਾਰੀ ਦੇ ਮੁਤਾਬਿਕ ਦੱਸਿਆ ਕਿ ਸੈਂਟਰਲ ਜੇਲ੍ਹ ਫਿਰੋਜ਼ਪੁਰ ਵਿਚ 1100 ਤੱਕ ਪੁਰਸ਼ ਬੰਦੀ ਰੱਖਣ ਦੀ ਸਮਰੱਥਾ ਹੈ ਪਰੰਤੂ ਇਸ ਜੇਲ੍ਹ ਵਿੱਚ 1214 ਪੁਰਸ਼ ਬੰਦੀ ਹਨ ਜੋ ਕਿ 114 (10 ਪ੍ਰਤੀਸ਼ਤ) ਵਾਧੂ ਬੰਦੀ ਹਨ। ਇਸ ਤਰ੍ਹਾਂ ਹੀ ਸੈਂਟਰਲ ਜੇਲ੍ਹ ਪਟਿਆਲਾ ਵਿੱਚ ਕੁੱਲ 1688 ਪੁਰਸ਼ ਬੰਦੀ ਰੱਖਣ ਦੀ ਸਮਰੱਥਾ ਹੈ ਪਰੰਤੂ ਇੱਥੇ ਵੀ 1790 ਬੰਦੀ ਹੋਣ ਕਰਕੇ 102 (6 ਪ੍ਰਤੀਸ਼ਤ) ਵਾਧੂ ਕੈਦੀ ਹਨ। ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿਚ 1982 ਪੁਰਸ਼ ਬੰਦੀ ਰੱਖਣ ਦੀ ਸਮਰੱਥਾ ਹੈ ਪਰੰਤੂ ਇੱਥੇ ਵੀ 3127 ਬੰਦੀ ਹੋਣ ਕਰਕੇ 1145 (57 ਪ੍ਰਤੀਸ਼ਤ) ਵਾਧੂ ਕੈਦੀ ਹਨ।
ਸੈਂਟਰਲ ਜੇਲ੍ਹ ਹੁਸ਼ਿਆਰ ਵਿਚ 478 ਪੁਰਸ਼ ਬੰਦੀ ਰੱਖਣ ਦੀ ਸਮਰੱਥਾ ਹੈ ਪਰੰਤੂ ਇਥੇ 819 ਬੰਦੀ ਹੋਣ ਕਰਕੇ 341 (71 ਪ੍ਰਤੀਸ਼ਤ) ਵਾਧੂ ਕੈਦੀ ਹਨ। ਜਿਲਾ ਜੇਲ ਸੰਗਰੂਰ ਵਿਚ 584 ਪੁਰਸ਼ ਬੰਦੀ ਰੱਖਣ ਦੀ ਸਮਰੱਥਾ ਹੈ ਪਰੰਤੂ ਇਥੇ 843 ਬੰਦੀ ਹੋਣ ਕਰਕੇ 259 (48 ਪ੍ਰਤੀਸ਼ਤ) ਵਾਧੂ ਬੰਦੀ ਹਨ। ਜਿਲਾ ਜੇਲ ਰੂਪ ਨਗਰ ਵਿਚ 338 ਪੁਰਸ਼ ਬੰਦੀ ਰੱਖਣ ਦੀ ਸਮਰੱਥਾ ਹੈ ਪਰੰਤੂ ਇਥੇ 660 ਬੰਦੀ ਹੋਣ ਕਰਕੇ 322 (95 ਪ੍ਰਤੀਸ਼ਤ) ਵਾਧੂ ਬੰਦੀ ਹਨ। ਐਡਵੋਕੇਟ ਚੱਢਾ ਨੇ ਕਿਹਾ ਕਿ ਇੱਥੇ ਹੀ ਬਸ ਨਹੀਂ ਪੰਜਾਬ ਦੀਆਂ ਜੇਲਾਂ ਵਿਚ ਮਹਿਲਾ ਬੰਦੀਆਂ ਦੀ ਗਿਣਤੀ ਵੀ ਸਮਰੱਥਾ ਨਾਲੋਂ 84 ਪ੍ਰਤੀਸ਼ਤ ਤੱਕ ਵਾਧੂ ਹੈ।
ਪੰਜਾਬ ਦੀਆਂ ਜੇਲ੍ਹਾਂ ‘ਚ ਤੈਅ ਸ਼ੁਦਾ ਗਿਣਤੀ ਨਾਲੋਂ 95 ਪ੍ਰਤੀਸ਼ਤ ਤੱਕ ਵਾਧੂ ਬੰਦੀ ਗੈਰ ਮਨੁੱਖੀ ਹਲਾਤਾਂ ‘ਚ ਰੱਖੇ : ਆਪ
ਐਡਵੋਕੇਟ ਚੱਢਾ ਨੇ ਕਿਹਾ ਕਿ ਇੰਨੀ ਜਿਆਦਾ ਗਿਣਤੀ ‘ਚ ਬੰਦੀ ਰੱਖਣ ਕਾਰਨ ਜੇਲਾਂ ਦੇ ਵਿਚ ਇਹਨਾਂ ਬੰਦੀਆਂ ਦੀ ਹਾਲਤ ਗੈਰ ਮਨੁੱਖੀ ਬਣੀ ਹੋਈ ਹੈ,ਕਿਉਂਕਿ ਸਮਰੱਥਾ ਤੋਂ ਜਿਆਦਾ ਹੋਣ ਕਾਰਨ ਇਹਨਾਂ ਲਈ ਵਧੀਆ ਖਾਣ-ਪੀਣ, ਸਫਾਈ, ਸਿਹਤ ਸਹੂਲਤਾਂ ਅਤੇ ਹੋਰ ਸਹੂਲਤਾਂ ਮੁਹੱਇਆ ਕਰਵਾਉਣਾ ਸੰਭਵ ਨਹੀਂ ਹੈ। ਐਡਵੋਕੇਟ ਚੱਢਾ ਨੇ ਦੱਸਿਆ ਕਿ ਸੂਬੇ ਦੀਆਂ ਵੱਖ-ਵੱਖ ਜੇਲਾਂ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਹਾਸਿਲ ਜਾਣਕਾਰੀ ਇਹ ਖੁਲਾਸਾ ਕਰਦੀ ਹੈ ਕਿ ਜੇਲਾਂ ਦੇ ਵਿਚ ਬੰਦ ਅਪਰਾਧੀਆਂ ਨੂੰ ਸੁਧਾਰਨ ਲਈ ਸਰਕਾਰ ਦੀ ਕੋਈ ਵੀ ਠੋਸ ਨੀਤੀ ਨਹੀਂ ਹੈ। ਇਸ ਗੱਲ ਦਾ ਸਬੂਤ ਇਹ ਹੈ ਕਿ ਸੈਂਟਰ ਜੇਲ ਲੁਧਿਆਣਾ ਨੇ ਜਵਾਬ ਦਿੱਤਾ ਹੈ ਕਿ ਇਸ ਜੇਲ ਵਿਚ ਅਪਰਾਧੀਆਂ ਨੂੰ ਸੁਧਾਰਨ ਸੰਬੰਧੀ ਕੋਈ ਵੀ ਪ੍ਰੋਗਰਾਮ ਨਹੀਂ ਹੈ।
ਇਸੇ ਤਰਾਂ ਹੀ ਬਾਕੀ ਜੇਲਾਂ ਨੇ ਵੀ ਅਪਰਾਧੀਆਂ ਨੂੰ ਸੁਧਾਰਨ ਸੰਬੰਧੀ ਕੋਈ ਠੋਸ ਪ੍ਰੋਗਰਾਮ ਹੋਣ ਦੀ ਪੁਸ਼ਟੀ ਨਹੀਂ ਕੀਤੀ। ਸੈਂਟਰ ਜੇਲ ਪਟਿਆਲਾ ਨੇ ਜਵਾਬ ਦਿੱਤਾ ਕਿ ਇਸ ਜੇਲ ਵਿਚ ਸਿਰਫ ਇਕ ਯੋਗਾ ਟ੍ਰੈਨਰ ਜੋ ਕਿ ਖੁਦ ਬੰਦੀ ਹੈ ਜੋ 525 ਬੰਦੀਆਂ ਨੂੰ ਯੋਗਾ ਦੀ ਟਰੈਨਿੰਗ ਦਿੰਦਾ ਹੈ। ਜਦਕਿ ਇਸ ਜੇਲ ਵਿਚ ਕੁੱਲ 1801 ਬੰਦੀ ਹਨ। ਬਾਕੀ ਕਿਸੇ ਵੀ ਜੇਲ ਨੇ ਅਪਰਾਧੀਆਂ ਨੂੰ ਸੁਧਾਰ ਕੇ ਮੁਖ ਧਾਰਾ ਦੇ ਵਿਚ ਲਿਆਉਣ ਲਈ ਕੌਂਸਲਰ ਜਾਂ ਧਾਰਮਿਕ ਗਿਆਨ ਦੇਣ ਦੀ ਪੁਸ਼ਟੀ ਨਹੀਂ ਕੀਤੀ। ਐਡਵੋਕੇਟ ਚੱਢਾ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜੇਲਾਂ ਵਿਚ ਬੰਦ ਅਪਰਾਧੀਆਂ ਨੂੰ ਸੁਧਾਰਨ ਲਈ ਕੋਈ ਠੋਸ ਨੀਤੀ ਅਪਣਾਵੇ ਨਹੀਂ ਤਾਂ ਜੇਲ੍ਹਾਂ ਦੇ ਵਿਚ ਗੈਰ ਮਨੁੱਖੀ ਹਲਾਤਾਂ ‘ਚ ਬੰਦੀਆਂ ਨੂੰ ਰੱਖ ਕੇ ਉਨ੍ਹਾਂ ਦੇ ਅਪਰਾਧਾਂ ਨੂੰ ਘਟਾਇਆ ਨਹੀਂ ਜਾ ਸਕੇਗਾ।
ਕੈਦੀਆਂ ਨੂੰ ਸੁਧਾਰਨ ਲਈ ਨਹੀਂ ਕੋਈ ਪ੍ਰਬੰਧ | Punjab Jail
ਸਿਰਫ ਸੈਂਟਰਲ ਜੇਲ੍ਹ ਪਟਿਆਲਾ ‘ਚ ਇੱਕ ਯੋਗਾ ਟਰੇਨਰ ਹੈ ਜੋ 525 ਕੈਦੀਆਂ ਨੂੰ ਯੋਗਾ ਦੀ ਸਿਖਲਾਈ ਦਿੰਦਾ ਹੈ ਇਹ ਟਰੇਨਰ ਵੀ ਇੱਕ ਬੰਦੀ ਹੈ ਸਰਕਾਰ ਵੱਲੋਂ ਵੱਖਰੇ ਤੌਰ ‘ਤੇ ਕੈਦੀਆਂ ਦੇ ਸੁਧਾਰ ਲਈ ਨਾ ਤਾਂ ਕੋਈ ਪ੍ਰੋਗਰਾਮ ਹੈ ਨਾ ਹੀ ਪ੍ਰਬੰਧ ਮਹਿਲਾ ਕੈਦੀਆਂ ਦੀ ਹਾਲਤ ਵੀ ਬੁਰੀ ਮਹਿਲਾ ਕੈਦੀਆਂ ਦੀ ਹਾਲਤ ਵੀ ਬੇਹੱਦ ਮਾੜੀ ਹੈ ਸੈਂਟਰਲ ਜੇਲ੍ਹ ਸੰਗਰੂਰ ‘ਚ 66 ਮਹਿਲਾ ਕੈਦੀਆਂ ਨੂੰ ਰੱਖਣ ਦੀ ਸਹੂਲਤ ਹੈ ਪਰ ਇੱਥੇ 98 ਮਹਿਲਾ ਕੈਦੀ ਬੰਦ ਹਨ।
ਜੇਲ੍ਹਾਂ ‘ਚ ਕੈਦੀਆਂ ਦੀ ਗਿਣਤੀ | Punjab Jail
- ਜੇਲ੍ਹ ਸਮਰੱਥਾ ਮੌਜੂਦਾ ਗਿਣਤੀ
- ਮਾਨਸਾ : 401 691
- ਸੰਗਰੂਰ : 584 843
- ਰੂਪਨਗਰ : 338 660
- ਹੁਸ਼ਿਆਰਪੁਰ : 478 819
- ਅੰਮ੍ਰਿਤਸਰ : 1982 3127