ਬਰਨਾਲਾ/ਮਹਿਲ ਕਲਾਂ, (ਜੀਵਨ ਰਾਮਗੜ੍ਹ/ਜਸਵੰਤ ਸਿੰਘ/ਸੱਚ ਕਹੂੰ ਨਿਊਜ਼)। ਬਰਨਾਲਾ ਜਿਲ੍ਹੇ ‘ਚ ਹਲਕਾ ਮਹਿਲ ਕਲਾਂ ਦੇ ਪਿੰਡ ਮਹਿਲ ਖੁਰਦ ਵਿਖੇ ਜਦੋਂ ਦੋ ਦੋਸਤ ਦੇਰ ਰਾਤ ਘਰ ਨਾ ਅੱਪੜੇ ਤਾਂ ਕਿਸੇ ਹੋਣੀ ਦੇ ਡਰੋਂ ਘਰ ਵਾਲਿਆਂ ਨੇ ਤਲਾਸ਼ ਆਰੰਭ ਕਰ ਦਿੱਤੀ। ਅਖੀਰ 11 ਕੁ ਵਜੇ ਕਸਬਾ ਮਹਿਲਕਲਾਂ ਦੀ ਮੰਡੀ ‘ਚ ਸਥਿੱਤ ਸ਼ਰਾਬ ਦੇ ਠੇਕੇ ਦਾ ਇੱਕ ਕਰਿੰਦਾ ਠੇਕੇ ਦੇ ਪਿੱਛੇ ਲਾਪਤਾ ਲੜਕਿਆਂ ਦੀ ਬੇਹੋਸ਼ੀ ਦਾ ਆਲਮ ‘ਚ ਪਏ ਹੋਣ ਦੀ ਸੂਚਨਾ ਦਿੰਦਾ ਹੈ। ਆਖੀਰ ਓਹੀ ਵਾਪਰਿਆ ਹੈ ਜਿਸਦਾ ਸ਼ੱਕ ਸੀ, ਮੌਤ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪੀੜਤ ਪਰਿਵਾਰ ਭਾਵੇਂ ਦੋਵਾਂ ਲੜਕਿਆਂ ਦੇ ਨਸ਼ੱਈ ਹੋਣ ਦੀ ਪੁਸ਼ਟੀ ਕਰ ਰਹੇ ਹਨ ਅਤੇ ਲਾਸ਼ ਬਣੇ ਗੱਭਰੂਆਂ ਦੀ ਜੇਬ ‘ਚੋਂ ਸਰਿੰਜ਼ ਨਿਕਲਣ ਸਬੰਧੀ ਵੀ ਦੱਸਦੇ ਹਨ ਪ੍ਰੰਤੂ ਪੁਲਿਸ ਇਸ ਤੋਂ ਟਾਲ਼ਾ ਵੱਟ ਰਹੀ ਹੈ। (Barnala News)
ਪਿੰਡ ਮਹਿਲ ਖੁਰਦ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਜਸਵਿੰਦਰ ਸਿੰਘ (23) ਪੁੱਤਰ ਜਗਰਾਜ ਸਿੰਘ ਅਤੇ ਸੁਖਦੀਪ ਸਿੰਘ (28) ਪੁੱਤਰ ਰਣਜੀਤ ਸਿੰਘ ਦੋਵੇਂ ਗੁਆਂਢੀ ਦੋਸਤ ਸਨ। ਦੋਵੇਂ ਲੜਕੇ ਵਿਆਹੇ ਹੋਏ ਸਨ, ਜਿੰਨ੍ਹਾਂ ‘ਚੋਂ ਜਸਵਿੰਦਰ ਸਿੰਘ ਦੇ ਘਰ ਵਿਖੇ ਡੇਢ ਕੁ ਸਾਲ ਦਾ ਪੁੱਤਰ ਵੀ ਹੈ। ਸੁਖਦੀਪ ਸਿੰਘ ਦਾ ਵਿਆਹ ਬੇਸ਼ੱਕ 5-6 ਸਾਲ ਪਹਿਲਾਂ ਹੋਇਆ ਹੈ ਪ੍ਰੰਤੂ ਉਸਦੇ ਔਲਾਦ ਨਹੀਂ ਹੈ। ਦੋਵੇਂ ਕਿਸਾਨ ਪ੍ਰੀਵਾਰ ਨਾਲ ਸਬੰਧਿਤ ਸਨ ਅਤੇ ਦੋਵੇਂ ਹੀ ਘਰਾਂ ‘ਚ ਮਾਪਿਆਂ ਦੇ ਇਕਲੌਤੇ ਕਮਾਊ ਸਨ ਪ੍ਰੰਤੂ ਨਸ਼ਾ ਦੋਵਾਂ ਦੀ ਕਮਜ਼ੋਰੀ ਵੀ ਬਣ ਗਿਆ ਸੀ।
ਇਹ ਵੀ ਪੜ੍ਹੋ : Uric Acid : ਸਰੀਰ ‘ਚ ਯੂਰਿਕ ਐਸਿਡ ਵਧਣ ‘ਤੇ ਬੰਦ ਕਰੋ ਇਹ ਚੀਜ਼ਾਂ, ਕਰਨਾ ਪੈ ਸਕਦਾ ਹੈ ਇਨ੍ਹਾਂ ਸਮੱਸਿਆਵ…
ਸੂਤਰਾਂ ਦੀ ਮੰਨੀਏ ਤਾਂ ਦੋਵਾਂ ਦੀ ਲਿਹਾਜ਼ ਵੀ ਨਸ਼ਿਆਂ ਨੇ ਹੀ ਗੂੜ੍ਹੀ ਕੀਤੀ ਸੀ। ਸੁਖਦੀਪ ਸਿੰਘ ਨਸ਼ਾ ਛੱਡਣ ਲਈ ਹਸਪਤਾਲ ਵਿਖੇ ਆਪਣਾ ਇਲਾਜ ਵੀ ਕਰਵਾ ਚੁੱਕਾ ਸੀ। ਪੀੜਤ ਪ੍ਰੀਵਾਰਾਂ ਅਨੁਸਾਰ ਦੋਵੇਂ ਆਥਣੇ 7 ਕੁ ਵਜੇ ਘਰੋਂ ਗਏ ਸਨ ਅਤੇ ਦੇਰ ਰਾਤ ਤੱਕ ਜਦ ਘਰ ਵਾਪਸ ਨਾ ਅੱਪੜੇ ਤਾਂ ਕਿਸੇ ਅਣਹੋਣੀ ਦੀ ਚਿੰਤਾ ‘ਚ ਦੋਵੇਂ ਪ੍ਰੀਵਾਰ ਇਧਰ-ਉਧਰ ਲੱਭਣ ਤੁਰ ਪਏ। ਅਖੀਰ 11 ਕੁ ਵਜੇ ਮਹਿਲਕਲਾਂ ਦੀ ਅਨਾਜ਼ ਮੰਡੀ ‘ਚ ਸ਼ਰਾਬ ਦੇ ਠੇਕੇ ਦਾ ਕਰਿੰਦਾ ਫੋਨ ‘ਤੇ ਲਾਵਾਰਿਸ਼ ਪਏ ਬੇਹੋਸ਼ ਗੱਭਰੂਆਂ ਦੀ ਸੂਚਨਾਂ ਫੋਨ ‘ਤੇ ਦਿੰਦਾ ਹੈ। ਇੱਥੇ ਦੱਸਣਾਂ ਬਣਦਾ ਹੈ ਕਿ ਬੇਹੋਸ਼ ਪਏ ਲੜਕਿਆਂ ਕੋਲੋਂ ਡੀਐਸਪੀ ਮਹਿਲਕਲਾਂ ਦਾ ਦਫ਼ਤਰ ਮਹਿਜ਼ 30 ਕੁ ਗਜ਼ ਦੂਰੀ ‘ਤੇ ਹੈ। ਜਦੋਂ ਘਰਦਿਆਂ ਵੱਲੋਂ ਸ਼ਰਾਬ ਦੇ ਠੇਕੇ ਦੇ ਪਿਛਵਾੜੇ ਆ ਕੇ ਪਛਾਣ ਕੀਤੀ ਗਈ ਤਾਂ ਸ਼ੱਕ ਹੋਣੀਂ ‘ਚ ਬਦਲ ਗਈ।
ਓਵਰਡੋਜ਼ ਕਾਰਨ ਹੋਈ ਮੌਤ, ਇੱਕ ਦੀ ਜੇਬ ‘ਚੋਂ ਮਿਲੀ ਸਰਿੰਜ਼ | Barnala News
ਲਾਸ਼ ਬਣੇ ਇੱਕ ਗੱਭਰੂ ਦੀ ਜੇਬ੍ਹ ਫਰੋਲੀ ਤਾਂ ਵਿੱਚੋਂ ਸਰਿੰਜ਼ ਨਿਕਲੀ। ਤੁਰੰਤ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰ ਨੇ ਨਾਂਹ ‘ਚ ਸਿਰ ਹਿਲਾਉਂਦਿਆਂ ‘ਸੌਰੀ’ ਬੋਲ ਦਿੱਤਾ ਜਿਸ ਨੂੰ ਸੁਣਦਿਆਂ ਹੀ ਮ੍ਰਿਤਕ ਗੱਭਰੂਆਂ ਦੇ ਮਾਪਿਆਂ ਦੀਆਂ ਧਾਹਾਂ ਤੇ ਕੀਰਨਿਆਂ ਨੇ ਕਾਲ਼ੀ-ਬੋਲ਼ੀ ਰਾਤ ‘ਤੇ ਸੂਬੇ ਦੀ ਬਦਤਰ ਹਾਲਤ ਦਾ ਨਕਸ਼ ਉਭਾਰ ਦਿੱਤਾ। ਪਿੰਡ ‘ਚ ਮਾਤਮ ਛਾ ਗਿਆ। ਮ੍ਰਿਤਕ ਮੁੰਡਿਆਂ ਦੇ ਪ੍ਰੀਵਾਰਕ ਮੈਂਬਰਾਂ ਨੇ ਦੱਸਿਆ ਕਿ ਜੇਬ੍ਹ ‘ਚੋਂ ਸਰਿੰਜ਼ ਨਿਕਲੀ ਹੈ। ਜਦੋਂਕਿ ਪੁਲਿਸ ਇਸ ਮਾਮਲੇ ‘ਤੇ ਪਰਦੇ ਦੀ ਕੋਸ਼ਿਸ਼ ਕਰਦੀ ਰਹੀ।
ਪੁਲਿਸ ਥਾਣਾਂ ਮਹਿਲਕਲਾਂ ਦੇ ਇੰਸਪੈਕਟਰ ਸਮਸ਼ੇਰ ਸਿੰਘ ਨੇ ਕਿਹਾ ਕਿ ਸਰਿੰਜ਼ ਜੇਬ੍ਹ ‘ਚੋਂ ਨਹੀਂ ਕੁਝ ਕੁ ਦੂਰੀ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਜਾਂ ਨਹੀਂ ਇਸ ਸਬੰਧੀ ਉਹ ਕੁਝ ਨਹੀਂ ਕਹਿ ਸਕਦੇ। ਇਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਜਸਵਿੰਦਰ ਸਿੰਘ ਦੇ ਪਿਤਾ ਜਗਰਾਜ ਸਿੰਘ ਅਤੇ ਮ੍ਰਿਤਕ ਸੁਖਦੀਪ ਸਿੰਘ ਦੀ ਮਾਂ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ। ਐਸਐਮਓ ਡਾ. ਜਸਵੀਰ ਸਿੰਘ ਔਲਖ਼ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਘੱਟੋ ਘੱਟ 2 ਮਹੀਨੇ ਬਾਅਦ ਆਵੇਗੀ ਜਿਸ ਵਿੱਚ ਮੌਤ ਦੇ ਅਸਲ ਕਾਰਨ ਦਾ ਪਤਾ ਚੱਲੇਗਾ।