ਆਓ! ਨਸ਼ਾ ਮੁਕਾਈਏ, ਨਸਲਾਂ ਬਚਾਈਏ!

Finish Drug, Save Breeds

ਹਰ ਰੋਜ਼ ਨੌਜਵਾਨਾਂ ਦੇ ਸਿਵੇ ਬਲ਼ ਰਹੇ ਹਨ

ਪਿਛਲੇ ਦਿਨੀਂ ਸੋਸ਼ਲ ਮੀਡੀਆ ਜ਼ਰੀਏ ਇੱਕ ਮਾਂ ਦੇ ਵਿਰਲਾਪ ਕਰਨ ਦੀ ਵੀਡੀਓ ਅੱਖਾਂ ਮੂਹਰੇ ਆਈ। ਉਸ ਵੀਡੀਓ ਵਿੱਚ ਇੱਕ ਬੁੱਢੀ ਮਾਂ ਆਪਣੇ ਪੁੱਤ ਦੀ ਲਾਸ਼ ‘ਤੇ ਵੈਣ ਪਾ ਰਹੀ ਸੀ। ਉਸਦੇ ਨੌਜਵਾਨ ਪੁੱਤ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਹੀ ਨਜ਼ਰ ਆ ਰਿਹਾ ਸੀ ਕਿਉਂਕਿ ਉਸਦੇ ਮਰੇ ਹੋਏ ਦੇ ਹੱਥ ਵਿੱਚ ਟੀਕਾ ਫੜ੍ਹਿਆ ਹੋਇਆ ਸੀ। ਪੁੱਤ ਸਦਾ ਲਈ ਇਸ ਜਹਾਨ ਨੂੰ ਅਲਵਿਦਾ ਆਖ ਚੁੱਕਾ ਸੀ ਤੇ ਮਾਂ ਉਸਨੂੰ ਵਾਰ-ਵਾਰ ਉਠਾਉਣ ਦੀ ਕੋਸ਼ਿਸ਼ ਕਰਦੀ ਹੋਈ ਪਿੱਟ-ਪਿੱਟ ਕੇ ਰੋ ਰਹੀ ਸੀ। ਇਸ ਪੂਰੇ ਮੰਜ਼ਰ ਨੂੰ ਦੇਖ ਕੇ ਰੂਹ ਇੱਕ ਵਾਰ ਤਾਂ ਸੁੰਨ ਹੋ ਜਾਂਦੀ ਹੈ। ਮੈਂ ਕਿੰਨੀ ਹੀ ਦੇਰ ਹੈਰਾਨ ਹੋਇਆ ਉਹਨਾਂ ਹਾਲਾਤਾਂ ਬਾਰੇ ਸੋਚਦਾ ਰਿਹਾ ਕਿ ਆਏ ਦਿਨ ਕਿੰਨੀਆਂ ਹੀ ਮਾਵਾਂ ਦੇ ਪੁੱਤ ਨਸ਼ਿਆਂ ਦੇ ਇਸ ਕਾਲੇ ਧੰਦੇ ਕਾਰਨ ਆਪਣੀ ਜਾਨ ਗੁਆ ਬੈਠਦੇ ਹਨ।

ਸਿਆਣੇ ਕਹਿੰਦੇ ਹਨ ਮਾਪਿਆਂ ਲਈ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਪੁੱਤ ਦੀ ਲਾਸ਼ ਨੂੰ ਮੋਢਾ ਦੇਣਾ ਹੀ ਹੁੰਦਾ ਹੈ। ਕਿਉਂਕਿ ਹਰ ਮਾਂ-ਬਾਪ ਦੀ ਇਹ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਪੁੱਤ ਉਹਨਾਂ ਦੇ ਸਿਵੇ ਨੂੰ ਅੱਗ ਦੇਵੇ। ਪਰ ਜਿਹਨਾਂ ਮਾਪਿਆਂ ਨੂੰ ਆਪਣੇ ਪੁੱਤ ਦਾ ਸਿਵਾ ਹੱਥੀਂ ਸੇਕਣਾ ਪੈ ਜਾਂਦਾ ਹੈ ਉਹ ਆਪਣੇ-ਆਪ ਨੂੰ ਬਦਕਿਸਮਤ ਸਮਝਦੇ ਹਨ। ਧੀਆਂ-ਪੁੱਤਾਂ ਦੇ ਵਿਛੋੜੇ ਵਾਲੇ ਦੁੱਖ ਸਰੀਰ ਨੂੰ ਅਜਿਹਾ ਰੋਗ ਦੇ ਜਾਂਦੇ ਹਨ ਜਿਸ ਰੋਗ ਦੀ ਦਵਾਈ ਪੂਰੀ ਦੁਨੀਆਂ ‘ਚ ਕਿਤੇ ਨਹੀਂ ਮਿਲਦੀ, ਤੇ ਅੰਤ ਇਸੇ ਦੁੱਖ ਦਾ ਮਾਰਿਆ ਸਰੀਰ ਇੱਕ ਦਿਨ ਸਾਥ ਛੱਡ ਦਿੰਦਾ ਹੈ। ਜੇ ਗੱਲ ਪੁਰਾਣੇ ਸਮਿਆਂ ਦੀ ਕਰੀਏ ਤਾਂ ਕਦੇ-ਕਦਾਈਂ ਹੀ ਅਜਿਹੀ ਘਟਨਾ ਸੁਣਨ ਨੂੰ ਮਿਲਦੀ ਸੀ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਤੇ ਲੱਖੋਵਾਲ ਨੇ ਕੀਤਾ ਦੇਵੀਗੜ੍ਹ ਦੇ ਹੜ੍ਹ ਪ੍ਰਭਾਵਿਤ ਏਰੀਏ ਦਾ ਦੌਰਾ

ਕਿ ਕਿਸੇ ਘਰ ਦਾ ਜਵਾਨ ਪੁੱਤ ਮਰ ਗਿਆ ਹੈ, ਪਰ ਅੱਜ-ਕੱਲ੍ਹ ਇਹ ਆਮ ਹੋ ਗਿਆ ਹੈ। ਹਰ ਰੋਜ਼ ਨੌਜਵਾਨਾਂ ਦੇ ਸਿਵੇ ਬਲ਼ ਰਹੇ ਹਨ। ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਨੌਜਵਾਨਾਂ ਦੀਆਂ ਬਹੁਤੀਆਂ ਮੌਤਾਂ ਪਿੱਛੇ ਕੋਈ ਹੋਰ ਠੋਸ ਕਾਰਨ ਨਾ ਹੋ ਕੇ ਨਸ਼ਾ ਹੈ। ਇੱਕ ਸਮਾਂ ਸੀ ਜਦੋਂ ਰੰਗਲੇ ਪੰਜਾਬ ਦੀ ਖੂਬਸੂਰਤੀ ਦੀ ਗੱਲ ਸਮੁੰਦਰਾਂ ਤੋਂ ਪਾਰ ਤੁਰਦੀ ਸੀ। ਰੰਗਲੇ ਪੰਜਾਬ ਦੇ ਸੋਹਣੇ ਗੱਭਰੂ, ਮੁਟਿਆਰਾਂ ਆਪਣੇ ਡੁੱਲ੍ਹ-ਡੁੱਲ੍ਹ ਪੈਂਦੇ ਰੂਪ ਕਾਰਨ ਪੂਰੀ ਦੁਨੀਆਂ ਲਈ ਖਿੱਚ ਦਾ ਕੇਂਦਰ ਬਣਦੇ ਸਨ। ਅਖਾੜਿਆਂ ਵਿੱਚ ਘੁਲਦੇ ਜ਼ੋਰਾਵਰ ਨੌਜਵਾਨ ਆਪਣੇ ਜ਼ੋਰ ਨਾਲ ਧਰਤੀ ਨੂੰ ਵੀ ਕੰਬਣ ਲਾ ਦਿੰਦੇ ਸਨ।

ਪੰਜ-ਆਬ ਦੀ ਵੀ ਸੰਭਾਲ ਨਹੀਂ ਕਰ ਸਕੇ

ਗਜ-ਗਜ ਚੌੜੀਆਂ ਛਾਤੀਆਂ ਖੇਡ ਦੇ ਮੈਦਾਨਾਂ ਵਿੱਚ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਦੀਆਂ ਸਨ। ਦੁੱਧ, ਘਿਓ ਦੇ ਸ਼ੌਕੀਨ ਗੱਭਰੂ ਚੰਗੀਆਂ ਖੁਰਾਕਾਂ ਖਾਂਦੇ ਅਤੇ ਦੂਣਾ ਕੰਮ ਕਰਦੇ ਸਨ। ਆਪਸੀ ਭਾਈਚਾਰਕ ਸਾਂਝ ਦੀ ਪ੍ਰਤੀਕ ਮਾਂ-ਬੋਲੀ ਪੰਜਾਬੀ ਇੱਕ-ਦੂਜੇ ਲਈ ਜਾਨ ਦੇਣ ਲਈ ਪ੍ਰੇਰਦੀ ਸੀ। ਪਰ ਹੁਣ ਇਹ ਸਭ ਗੱਲਾਂ ਕਿਤਾਬੀ ਬਣਕੇ ਰਹਿ ਗਈਆਂ ਹਨ। ਕਿਉਂਕਿ ਅਜੋਕੇ ਪੰਜਾਬ ਦੇ ਬਾਸ਼ਿੰਦੇ ਤਾਂ ਪਾਣੀ ਨੂੰ ਵੀ ਸਾਫ਼ ਰੱਖਣ ਵਿੱਚ ਅਸਮਰੱਥ ਹਨ। ਕਿੰਨੀ ਸ਼ਰਮ ਦੀ ਗੱਲ ਹੈ ਜਿਸ ਪੰਜਾਬ ਦਾ ਨਾਂਅ ਪੰਜਾਂ ਦਰਿਆਵਾਂ ਦੇ ਨਾਂ ‘ਤੇ ਪੰਜ-ਆਬ ਪਿਆ ਹੈ ਅਸੀਂ ਉਹਨਾਂ ਪਾਣੀਆਂ ਦੀ ਵੀ ਸੰਭਾਲ ਨਹੀਂ ਕਰ ਸਕੇ। ਪੰਜਾਬ ਦਾ ਬਹੁਤਾ ਪਾਣੀ ਅੱਜ ਇਸ ਹੱਦ ਤੱਕ ਗੰਧਲਾ ਹੋ ਚੁੱਕਾ ਹੈ ਕਿ ਉਸਨੂੰ ਪੀਣ ਨਾਲ ਕਈ ਕਿਸਮ ਦੀਆਂ ਜਾਨਲੇਵਾ ਬਿਮਾਰੀਆਂ ਲੱਗ ਰਹੀਆਂ ਹਨ, ਜਿਹਨਾਂ ਵਿੱਚ ਕੈਂਸਰ ਮੁੱਖ ਹੈ।

ਅਸੀਂ ਹੱਥੀਂ ਵਿਗਾੜੇ ਇਸ ਮਾਹੌਲ ਨੇ ਨੌਜਵਾਨ ਗਭਰੂਆਂ ਦੀ ਮੌਤ ਦਰ ਵਧਾਉਣ ਵਿੱਚ ਭਾਰੀ ਯੋਗਦਾਨ ਪਾਇਆ ਹੈ। ਦੂਜਾ ਰਹਿੰਦੀ ਕਸਰ ਮੇਰੇ ਹੀ ਸੂਬੇ ਦੇ ਉਹਨਾਂ ਬਾਸ਼ਿੰਦਿਆਂ ਨੇ ਪੂਰੀ ਕਰ ਦਿੱਤੀ ਜਿਹਨਾਂ ਨੇ ਪੈਸੇ ਦੇ ਮੋਹ ਕਾਰਨ ਨਸ਼ਿਆਂ ਦਾ ਛੇਵਾਂ ਦਰਿਆ ਚਲਾਉਣ ਵਿੱਚ ਭਾਰੀ ਭੂਮਿਕਾ ਨਿਭਾਈ ਹੈ। ਪਿੰਡਾਂ ਦੇ ਪਿੰਡ ਅੱਜ ਨਸ਼ਿਆਂ ਦੀ ਲਪੇਟ ਵਿੱਚ ਹਨ। ਸ਼ਾਮਾਂ ਨੂੰ ਠੇਕਿਆਂ ਦੇ ਬਾਹਰ ਲੱਗਦੀ ਭੀੜ ਨੂੰ ਤੇ ਗਲੀਆਂ ਵਿੱਚ ਡਿੱਗਦੇ ਨਸ਼ੱਈਆਂ ਨੂੰ ਦੇਖ ਕੇ ਬਹੁਤ ਰੋਣਾ ਆਉਂਦਾ ਹੈ।

ਦਿਲ ਸੋਚਦਾ ਹੈ ਕਿਉਂ ਭਟਕ ਗਏ ਮੇਰੇ ਸੋਹਣੇ ਪੰਜਾਬ ਦੇ ਵਾਰਸ? ਕਿਉਂ ਅੱਜ ਇਹਨਾਂ ਨੂੰ ਹੱਥਾਂ ਵਿੱਚ ਕਲਮਾਂ ਨਾਲੋਂ ਜ਼ਿਆਦਾ ਟੀਕੇ ਚੰਗੇ ਲੱਗਦੇ ਨੇ? ਕਿਉਂ ਜੇਬ੍ਹਾਂ ਵਿੱਚ ਨਸ਼ੇ ਦੀਆਂ ਗੋਲੀਆਂ ਇਹਨਾਂ ਨੂੰ ਸ਼ਾਨ ਵਧਾਉਂਦੀਆਂ ਨਜ਼ਰ ਆਉਂਦੀਆਂ ਹਨ? ਕਿਉਂ ਅੱਜ ਇਹਨਾਂ ਨੂੰ ਭੈਣ ਦੀ ਰੱਖੜੀ ਦਾ ਚੇਤਾ ਭੁੱਲ ਗਿਐ? ਕਿਉਂ ਅੱਜ ਇਹਨਾਂ ਨੂੰ ਬੁੱਢੇ ਮਾਂ-ਬਾਪ ਦੀਆਂ ਅੱਖਾਂ ਵਿਚਲੇ ਸੁਫ਼ਨੇ ਦਿਖਾਈ ਨਹੀਂ ਦਿੰਦੇ? ਕਿਉਂ ਅੱਜ ਖਾਨਦਾਨ ਦਾ ਵਾਰਸ ਬਣਨ ਤੋਂ ਪਹਿਲਾਂ ਹੀ ਇਹ ਘਰਾਂ ਨੂੰ ਨਸ਼ਿਆਂ ਰਾਹੀਂ ਖਤਮ ਕਰ ਰਹੇ ਹਨ?

ਕਿਸੇ ਦਾ ਕੋਈ ਕਸੂਰ ਨਹੀਂ, ਅਸੀਂ ਆਪ ਹੀ ਦੋਸ਼ੀ

ਕੋਈ ਬਾਹਰੋਂ ਨਹੀਂ ਆਇਆ, ਸਾਡੇ ਆਪਣੇ ਹੀ ਤਾਂ ਸੀ ਜਿਹਨਾਂ ਨੇ ਕੁਝ ਪੈਸਿਆਂ ਦੇ ਬਦਲੇ ਪੂਰੇ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਨੂੰ ਉਤਸ਼ਾਹ ਦੇ ਕੇ। ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਅਸੀਂ ਆਪ ਹੀ ਦੋਸ਼ੀ ਹਾਂ ਕਿਉਂਕਿ ਸਾਡੇ ਪੰਜਾਬ ਨੂੰ ਕੋਈ ਗੰਦਾ ਕਰ ਗਿਆ ਤੇ ਅਸੀਂ ਗੂੜ੍ਹੀ ਨੀਂਦ ਸੁੱਤੇ ਰਹੇ। ਲੋੜ ਸੀ ਸਾਨੂੰ ਉੱਠਣ ਦੀ, ਅਵਾਜ਼ ਬੁਲੰਦ ਕਰਨ ਦੀ ਪਰ ਉਸ ਵੇਲੇ ਅਸੀਂ ਵੇਖਦੇ ਰਹੇ ਕਿ ਕੋਈ ਨਾ ਸਾਡੇ ਘਰ ਵਿੱਚ ਤਾਂ ਨਹੀਂ ਆਇਆ, ਬਾਹਰ ਦਾ ਸਾਨੂੰ ਕੀ ਫਿਕਰ। ਪਰ ਅਫ਼ਸੋਸ ਸਾਡੀ ਉਸ ਬੇਫਿਕਰੀ ਕਾਰਨ ਅੱਜ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਸਾਡੇ ਆਪਣੇ ਇਸ ਦਾ ਸ਼ਿਕਾਰ ਦੋ ਗਏ। ਅੱਜ ਆਲੇ-ਦੁਆਲੇ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਸਾਡੀ ਉਸ ਢਿੱਲ ਦਾ ਨਤੀਜਾ ਹਨ।

ਇਹ ਵੀ ਪੜ੍ਹੋ : ਜ਼ਜ਼ਬੇ ਨੂੰ ਸਲਾਮ : ਚਾਰ ਬੰਨ੍ਹਾਂ ’ਤੇ ਡਟੀ ਡੇਰਾ ਸੱਚਾ ਸੌਦਾ ਦੀ ‘ਫੌਜ’

ਸਮੇਂ ਦਿਆਂ ਹਾਕਮਾਂ ਤੋਂ ਕੀ ਆਸ ਕਰਦੇ ਹੋ, ਜੇ ਮੇਰੇ ਸੋਹਣੇ ਸੂਬੇ ਪੰਜਾਬ ਦੇ ਹਾਕਮ ਚਾਹੁੰਦੇ ਤਾਂ ਬਹੁਤ ਪਹਿਲਾਂ ਨਸ਼ੇ ਨਾਲ ਹੋ ਰਹੀ ਇਸ ਤਬਾਹੀ ਨੂੰ ਰੋਕ ਸਕਦੇ ਸਨ। ਪਰ ਉਹਨਾਂ ਨੂੰ ਹਿੱਕ ਪਿੱਟਦੀਆਂ ਮਾਵਾਂ, ਧਾਹਾਂ ਮਾਰਦੇ ਬਾਪੂ ਅਤੇ ਚੀਕ-ਚਿਹਾੜਾ ਪਾਉਂਦੀਆਂ ਭੈਣਾਂ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਸਰਕਾਰੀ ਕੁਰਸੀਆਂ ਦਾ ਨਸ਼ਾ ਹੀ ਐਸਾ ਹੁੰਦਾ ਹੈ ਇਸ ਲਈ ਇਹ ਕੰਮ ਆਪਾਂ ਨੂੰ ਹੀ ਕਰਨਾ ਪੈਣਾ ਸੋ ਆਓ! ਨਸ਼ਿਆਂ ਖ਼ਿਲਾਫ ਛਿੜ ਰਹੀ ਜੰਗ ਦਾ ਹਿੱਸਾ ਬਣੀਏ। ਇਸਨੂੰ ਹਫ਼ਤੇ ਤੱਕ ਸੀਮਤ ਨਾ ਰੱਖ ਕੇ ਪੂਰੀ ਜਿੰਦਗੀ ਨਸ਼ਿਆਂ ਖਿਲਾਫ਼ ਲੜਨ ਦਾ ਪ੍ਰਣ ਕਰੀਏ ਪੰਜਾਬ ਨੂੰ ਬਚਾਉਣ ਲਈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਨਸ਼ਿਆਂ ਦਾ ਖਾਤਮਾ ਬਹੁਤ ਜ਼ਰੂਰੀ ਹੈ। ਆਓ! ਇੱਕ ਹੰਬਲਾ ਮਾਰੀਏ! ਹੋ ਸਕਦਾ ਹੈ ਸਾਡੀ ਇਸ ਕੋਸ਼ਿਸ਼ ਨਾਲ ਨੌਜਵਾਨਾਂ ਦੇ ਬਲਦੇ ਸਿਵੇ ਬੰਦ ਹੋ ਜਾਣ। ਇਸ ਲਈ ਆਓ! ਨਸ਼ਾ ਮੁਕਾਈਏ ਨਸਲਾਂ ਬਚਾਈਏ! (Drugs)