ਮੁਲਾਜ਼ਮਾਂ ਦੀ ਫੌਜ ਸਮੇਤ ਸੂਹੀਆ ਤੰਤਰ ਹੋਇਆ ਫੇਲ੍ਹ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister) ਦੀ ਰਿਹਾਇਸ਼ ਨਿਊ ਮੋਤੀ ਮਹਿਲਾਂ ਦੀ ਸੁਰੱਖਿਆ ਰੱਬ ਆਸਰੇ ਹੈ। ਉਂਜ ਗੱਲ ਹੋਰ ਹੈ ਕਿ ਮੋਤੀ ਮਹਿਲਾਂ ਦੀ ਸੁਰੱਖਿਆ ਛਤਰੀ ਲਈ ਉੱਚ ਅਧਿਕਾਰੀਆਂ ਸਮੇਤ ਮੁਲਾਜ਼ਮਾਂ ਦੀ ਫੌਜ ਲਾਈ ਹੋਈ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਸ਼ਹਿਰ ਅੰਦਰਲਾ ਸੂਹੀਆ ਤੰਤਰ ਵੀ ਖੁੰਢਾ ਹੈ ਜੋ ਕਿ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਜਾਣ ਵਾਲੇ ਲੋਕਾਂ ਦੀ ਜਾਣਕਾਰੀ ਨਹੀਂ ਰੱਖ ਪਾ ਰਿਹੈ। (Patiala News)
ਜਾਣਕਾਰੀ ਅਨੁਸਾਰ ਅੱਜ ਸਵੇਰੇ ਆਧੁਨਿਕ ਸਬਜ਼ੀ ਮੰਡੀ ਸਨੌਰ ਤੋਂ ਚਾਰ ਦਰਜ਼ਨ ਤੋਂ ਵੱਧ ਵਿਕਅਤੀ ਆਪਣਾ ਵਿਰੋਧ ਜਤਾਉਣ ਲਈ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲਾਂ ਦੇ ਮੁੱਖ ਗੇਟ ਅੱਗੇ ਜਾ ਪਹੁੰਚੇ ਜਦਕਿ ਇੱਕ-ਦੋ ਜਣੇ ਤਾਂ ਮਹਿਲਾਂ ਦੇ ਅੰਦਰ ਹੀ ਜਾ ਪੁੱਜੇ, ਪਰ ਮਹਿਲਾਂ ਅੱਗੇ ਸਕਿਊਰਟੀ ਪੱਖੋਂ ਲਾਏ ਲਾਮ ਲਸ਼ਕਰ ਸਮੇਤ ਖੂਫੀਆ ਤੰਤਰ ਨੂੰ ਇਨ੍ਹਾਂ ਦੀ ਭਿਣਕ ਤੱਕ ਨਾ ਲੱਗੀ। ਜਦੋਂ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਬਾਰੇ ਪਤਾ ਲੱਗਾ ਤਾਂ ਅਫਸਰਸ਼ਾਹੀ ਵਿੱਚ ਭਾਜੜ ਮੱਚ ਗਈ। (Patiala News)
ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਂਦੀ ਸੜਕ ਦੇ ਦੋਹਾਂ ਪਾਸੇ 300 ਮੀਟਰ ਪਹਿਲਾਂ ਹੀ ਚੌਕਾਂ ‘ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ ਜਦਕਿ ਨਿਊ ਮੋਤੀ ਮਹਿਲਾਂ ਦੇ ਮੁੱਖ ਗੇਟ ਅੱਗੇ ਵੀ ਬੈਕੀਕੇਡ ਲਾ ਕੇ ਸਰੁੱਖਿਆ ਮੁਲਾਜ਼ਮਾਂ ਦਾ ਜਮਾਵੜਾ ਲੱਗਾ ਹੋਇਆ ਹੈ ਪਰ ਸਨੌਰ ਸਬਜੀ ਮੰਡੀ ਤੋਂ ਆਪਣਾ ਵਿਰੋਧ ਜਤਾਉਣ ਲਈ ਪੁੱਜੇ ਇਨ੍ਹਾਂ ਲੋਕਾਂ ਦੀ ਕਿਸੇ ਵੀ ਸੂਹੀਆ ਤੰਤਰ ਨੂੰ ਪੈੜ ਚਾਲ ਨਾ ਲੱਗੀ। ਮੋਤੀ ਮਹਿਲਾਂ ਅੱਗੇ ਵਿਰੋਧ ਲਈ ਪੁੱਜੇ ਸੁਰੇਸ਼ ਸਿੰਗਲਾ, ਹਰੀਸ਼ ਚੰਦ, ਅਮਨਿੰਦਰ ਸਿੰਘ, ਸੁਰਿੰਦਰ ਪਾਲ ਅਤੇ ਸ਼ਿਵ ਕੁਮਾਰ ਆਦਿ ਨੇ ਦੱਸਿਆ ਕਿ ਉਹ ਆਧੁਨਿਕ ਏਸੀ ਸਬਜੀ ਮੰਡੀ ਸਨੌਰ ਵਿਖੇ ਰੇਹੜੀ-ਫੜ੍ਹੀ ਲਾਉਣ ਦਾ ਕੰਮ ਕਰਦੇ ਹਨ। (Chief Minister)
ਮੁੱਖ ਗੇਟ ਅੱਗੇ ਜਾ ਪੁੱਜੇ, ਸਕਿਊਰਟੀ ਅਤੇ ਪੁਲਿਸ ਪ੍ਰਸ਼ਾਸਨ ‘ਚ ਮੱਚੀ ਭਾਜੜ
ਉਨ੍ਹਾਂ ਤੋਂ ਉੱਥੇ ਮਾਰਕਿਟ ਕਮੇਟੀ ਵੱਲੋਂ 50 ਰੁਪਏ ਰੇਹੜੀ ਫੜ੍ਹੀ ਲਾਉਣ ਦੀ ਫੀਸ ਲਈ ਜਾਂਦੀ ਹੈ, ਪਰ ਹੁਣ ਸਾਨੂੰ ਪਤਾ ਲੱਗਾ ਹੈ ਕਿ ਉਕਤ ਕੰਮ ਠੇਕੇਦਾਰ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜੋ ਕਿ ਸਾਡੇ ਕੋਲੋਂ 500 ਰੁਪਏ ਤੱਕ ਦੀ ਵਸੂਲੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ‘ਤੇ ਸਾਡੀ ਗਰੀਬਾਂ ਦੀ ਲੁੱਟ ਹੈ ਅਤੇ ਇਸ ਲੁੱਟ ਤੋਂ ਬਚਣ ਲਈ ਹੀ ਉਹ ਮੋਤੀ ਮਹਿਲਾਂ ਵਿਖੇ ਆਪਣਾ ਵਿਰੋਧ ਜਤਾ ਕੇ ਆਪਣੀ ਗੱਲ ਕਹਿਣ ਲਈ ਆਏ ਹਨ ਮੋਤੀ ਮਹਿਲ ਦੇ ਗੇਟ ਅੱਗੇ ਇਕੱਠੇ ਹੋਏ ਇਨ੍ਹਾਂ ਲਗਭਗ 50 ਵਿਅਕਤੀਆਂ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਸਾਹ ਸੁੱਕ ਗਏ ਅਤੇ ਉਹ ਇੱਕ-ਦੂਜੇ ‘ਤੇ ਇਨ੍ਹਾਂ ਬਾਰੇ ਜਾਣਕਾਰੀ ਨਾ ਮਿਲਣ ਦਾ ਨਜਲਾ ਸੁੱਟਣ ਲੱਗੇ। (Patiala News)
ਮੁੱਖ ਗੇਟ ਅੱਗੇ ਵੱਡੀ ਗਿਣਤੀ ਬੈਠੇ ਸੁਰੱਖਿਆ ਮੁਲਾਜ਼ਮਾਂ ਤੱਕ ਭਾਜੜ ਮੱਚ ਗਈ ਅਤੇ ਉਨ੍ਹਾਂ ਨੂੰ ਫੇਰ ਗੇਟ ਮੂਹਰੇ ਰੋਕਿਆ ਗਿਆ। ਇਸ ਮੌਕੇ ਡੀਐਸਪੀ ਸਿਟੀ 2 ਸੌਰਵ ਜਿੰਦਲ, ਥਾਣਾ ਸਿਵਲ ਲਾਈਨ ਦੇ ਮੁੱਖ ਅਫਸਰ ਜਤਿੰਦਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਇਹ ਆਖ ਰਹੇ ਸਨ ਕਿ ਇਹ ਲੋਕ ਇੱਥੋਂ ਤੱਕ ਕਿਵੇਂ ਪੁੱਜ ਗਏ। ਦੱਸਣਯੋਗ ਹੈ ਕਿ ਧਰਨੇ ਪ੍ਰਦਰਸ਼ਨ ਵਾਲਿਆਂ ਨੂੰ ਪੁਲਿਸ ਵੱਲੋਂ ਕਈ ਮੀਟਰ ਪਹਿਲਾਂ ਹੀ ਬਣੇ ਨਾਕਿਆਂ ‘ਤੇ ਰੋਕਣਾ ਹੁੰਦਾ ਹੈ, ਪਰ ਅੱਜ ਇਨ੍ਹਾਂ ਅੱਗੇ ਖੂਫੀਆ ਤੰਤਰ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਫੌਜ ਫੇਲ੍ਹ ਸਾਬਤ ਹੋ ਗਈ। ਖਾਸ ਗੱਲ ਇਹ ਹੈ ਕਿ ਜੇਕਰ ਮੁੱਖ ਮੰਤਰੀ ਦੀ ਰਿਹਾਇਸ਼ ਪ੍ਰਤੀ ਖੂਫੀਆ ਤੰਤਰ ਐਨਾ ਅਵੇਸਲਾਪਣ ਦਿਖਾ ਸਕਦਾ ਹੈ ਤਾਂ ਇਸ ਤੋਂ ਹੇਠਲੇ ਵਾਲਿਆਂ ਦੀ ਸੁਰੱਖਿਆ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ। (Patiala News)