ਕਾਲਾ ਕੱਛਾ ਗਿਰੋਹ ਨੂੰ ਫੜਨ ਲਈ ਲੱਗਿਆ ਕਰਦੇ ਸਨ ਠੀਕਰੀ ਪਹਿਰੇ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸੇ ਸਮੇਂ ਕਾਲਾ ਕੱਛਾ ਗਿਰੋਹ ਨੂੰ ਫੜਨ ਲਈ ਪਿੰਡਾਂ ਵਿੱਚ ਲੱਗਣ ਵਾਲੇ ਠੀਕਰੀ ਪਹਿਰੇ ਹੁਣ ਮੁੜ ਤੋਂ ਲੱਗਣੇ ਸ਼ੁਰੂ ਹੋ ਗਏ ਹਨ। ਇਸ ਵਾਰ ਠੀਕਰੀ ਪਹਿਰੇ ਕਾਲਾ ਕੱਛਾ ਗਿਰੋਹ ਨਹੀਂ, ਸਗੋਂ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਵਾਲੇ ਨਸ਼ੇ ਦੇ ਤਸਕਰਾਂ ਖ਼ਿਲਾਫ਼ ਲੱਗਣੇ ਸ਼ੁਰੂ ਹੋਏ ਹਨ। ਖ਼ਾਸ ਗੱਲ ਤਾਂ ਇਹ ਹੈ ਕਿ ਇਹ ਠੀਕਰੀ ਪਹਿਰੇ ਲਗਾਉਣ ਦਾ ਫੈਸਲਾ ਵੱਡੇ ਪੱਧਰ ‘ਤੇ ਖ਼ੁਦ ਨੌਜਵਾਨਾਂ ਵੱਲੋਂ ਹੀ ਅੱਗੇ ਲਿਆ ਗਿਆ ਹੈ। ਇਨ੍ਹਾਂ ਠੀਕਰੀ ਪਹਿਰਿਆਂ ਕਾਰਨ ਅੱਧੀ ਦਰਜਨ ਪਿੰਡਾਂ ਵਿੱਚੋਂ ਨਸ਼ੇ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਜਾਣਕਾਰੀ ਮਿਲ ਰਹੀਂ ਹੈ।
ਜਾਣਕਾਰੀ ਅਨੁਸਾਰ ਅੱਜ ਤੋਂ ਲਗਭਗ 10-12 ਸਾਲਾਂ ਪਹਿਲਾਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਲਾ ਕੱਛਾ ਗਿਰੋਹ ਦੀ ਦਹਿਸ਼ਤ ਹੋਇਆ ਕਰਦੀ ਸੀ। ਕਾਲਾ ਕੱਛਾ ਗਿਰੋਹ ਨੂੰ ਫੜਨ ਵਿੱਚ ਜਦੋਂ ਪੰਜਾਬ ਪੁਲਿਸ ਬੁਰੀ ਤਰ੍ਹਾਂ ਨਾਕਾਮ ਹੋਈ ਸੀ ਤਾਂ ਇਨ੍ਹਾਂ ਕਾਲਾ ਕੱਛਾ ਗਿਰੋਹ ਨੂੰ ਫੜਨ ਦੀ ਜਿੰਮੇਵਾਰੀ ਖ਼ੁਦ ਪਿੰਡਾਂ ਅਤੇ ਸ਼ਹਿਰਾਂ ਦੇ ਆਮ ਲੋਕਾਂ ਨੇ ਆਪਣੇ ਸਿਰ ‘ਤੇ ਲੈਂਦੇ ਹੋਏ ਕਾਲਾ ਕੱਛਾ ਗਿਰੋਹ ਨੂੰ ਨਾ ਸਿਰਫ਼ ਫੜਦੇ ਹੋਏ ਵੱਡੇ ਪੱਧਰ ‘ਤੇ ਪੁਲਿਸ ਹਵਾਲੇ ਕੀਤਾ ਸੀ, ਸਗੋਂ ਪੰਜਾਬ ਵਿੱਚੋਂ ਇਸ ਗਿਰੋਹ ਦਾ ਖਾਤਮਾ ਵੀ ਕਰ ਦਿੱਤਾ ਗਿਆ ਸੀ।
ਫਤਿਹਗੜ੍ਹ ਸਾਹਿਬ, ਮੋਗਾ, ਜਲੰਧਰ, ਤਰਨਤਾਰਨ ਅਤੇ ਕਈ ਹੋਰ ਜਿਲ੍ਹੇ ਦੇ ਪਿੰਡਾਂ ‘ਚ ਸ਼ੁਰੂ ਹੋਏ ਠੀਕਰੀ ਪਹਿਰੇ
ਹੁਣ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਨਸ਼ੇ ਖ਼ਿਲਾਫ਼ ਫੇਲ੍ਹ ਸਾਬਤ ਹੋ ਰਹੀ ਪੰਜਾਬ ਪੁਲਿਸ ਦਾ ਸਾਥ ਦੇਣ ਲਈ ਪਿੰਡਾਂ ਦੇ ਪਿੰਡ ਨੇ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਫਤਿਹਗੜ ਸਾਹਿਬ, ਮੋਗਾ, ਜਲੰਧਰ, ਤਰਨਤਾਰਨ ਅਤੇ ਕਈ ਹੋਰ ਜਿਲ੍ਹੇ ਦੇ ਪਿੰਡਾਂ ‘ਚ ਠੀਕਰੀ ਪਹਿਰੇ ਸ਼ੁਰੂ ਹੋ ਗਏ ਹਨ। ਇਨ੍ਹਾਂ ਪਿੰਡਾਂ ਦੇ ਨੌਜਵਾਨ ਆਪਣੇ ਪਿੰਡ ਵਿੱਚ ਦਿਨ ਰਾਤ ਪਹਿਰਾ ਦਿੰਦੇ ਹੋਏ ਹਰ ਅਨਜਾਨ ਆਉਣ ਜਾਣ ਵਾਲੇ ਨੂੰ ਫੜ ਕੇ ਉਸ ਦੀ ਤਲਾਸ਼ੀ ਲੈਣ ਵਿੱਚ ਲੱਗੇ ਹੋਏ ਹਨ, ਜਿਸ ਦਾ ਫਾਇਦਾ ਇਹ ਹੋ ਰਿਹਾ ਹੈ ਕਿ ਅੱਧੀ ਦਰਜਨ ਤੋਂ ਜਿਆਦਾ ਨਸ਼ੇ ਦੇ ਤਸਕਰ ਇਨ੍ਹਾਂ ਠੀਕਰੀ ਪਹਿਰੇ ਦੇ ਕਾਰਨ ਹੀ ਫੜੇ ਗਏ ਹਨ। ਇੱਥੇ ਹੀ ਠੀਕਰੀ ਪਹਿਰੇ ਦੇ ਡਰ ਨਾਲ ਪਿੰਡਾਂ ਵਿੱਚ ਨਸ਼ੇ ਦੀ ਸਪਲਾਈ ਕਰਨ ਵਾਲੇ ਤਸਕਰ ਹੁਣ ਪਿੰਡਾਂ ਵੱਲ ਜਾਣ ਤੋਂ ਘਬਰਾਉਣ ਲੱਗ ਪਏ ਹਨ। ਕਈ ਪਿੰਡਾਂ ਦੇ ਨੌਜਵਾਨਾਂ ਵੱਲੋਂ ਤਾਂ ਫੜੇ ਗਏ ਨਸ਼ੇ ਦੇ ਤਸਕਰਾਂ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਈ ਜਾ ਰਹੀ ਹੈ।
ਆਮ ਲੋਕਾਂ ਦੇ ਸਾਥ ਤੋਂ ਬਿਨਾਂ ਨਹੀਂ ਖ਼ਤਮ ਹੋਏਗਾ ਨਸ਼ਾ : ਸਿੱਧੂ | Correct Watch
ਪੰਜਾਬ ‘ਚ ਨਸ਼ੇ ਦਾ ਖ਼ਾਤਮਾ ਕਰਨ ਲਈ ਬਣੀ ਸਪੈਸ਼ਲ ਟਾਕਸ ਫੋਰਸ ਦੇ ਮੁੱਖੀ ਹਰਪ੍ਰੀਤ ਸਿੱਧੂ ਨੇ ਕਿਹਾ ਕਿ ਆਮ ਲੋਕਾਂ ਦੇ ਸਾਥ ਤੋਂ ਬਿਨਾਂ ਨਸ਼ੇ ਦਾ ਖਾਤਮਾ ਨਹੀਂ ਹੋਏਗਾ। ਇਸ ਲਈ ਆਮ ਲੋਕਾਂ ਨੂੰ ਨਸ਼ੇ ਨੂੰ ਖ਼ਤਮ ਕਰਨ ਲਈ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ। ਨਸ਼ੇ ਦੇ ਤਸਕਰਾਂ ਨੂੰ ਫੜਵਾਉਣ ਵਿੱਚ ਸਾਥ ਦੇਣ ਦੇ ਨਾਲ ਹੀ ਨਸ਼ੇੜੀ ਬਣ ਚੁੱਕੇ ਆਪਣੇ ਰਿਸ਼ਤੇਦਾਰ ਜਾਂ ਫਿਰ ਦੋਸਤ ਦਾ ਇਲਾਜ ਕਰਵਾਉਣ ਲਈ ਨਸ਼ਾ ਛੁੜਾਊ ਕੇਂਦਰਾਂ ਵਿੱਚ ਲੈ ਕੇ ਆਉਣ ਤਾਂ ਕਿ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।
ਸੋਸ਼ਲ ਮੀਡੀਆਂ ਰਾਹੀਂ ਖਤਮ ਹੋਵੇਗਾ ਨਸ਼ਾ : ਬਾਜਵਾ | Correct Watch
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਨਸ਼ੇ ਦਾ ਖ਼ਾਤਮਾ ਕਰਨ ਲਈ ਸੋਸ਼ਲ ਮੀਡੀਆ ਦੀ ਖਾਸੀ ਜਰੂਰਤ ਪੈਣ ਵਾਲੀ ਹੈ, ਕਿਉਂਕਿ ਜਿੰਨੀ ਤੇਜ਼ੀ ਨਾਲ ਨਸ਼ੇ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ, ਉਸ ਤੋਂ ਜਿਆਦਾ ਕੋਈ ਵੀ ਤੇਜ਼ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸੋਸ਼ਲ ਮੀਡੀਆ ‘ਤੇ ਅਪੀਲ ਕਰਦੇ ਹੋਏ ਆਪਣੇ ਹਲਕੇ ਵਿੱਚੋਂ 6 ਮਹੀਨੇ ਵਿੱਚ ਨਸ਼ਾ ਖਤਮ ਕਰਵਾਉਣ ਦੀ ਕੋਸ਼ਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਠੀਕਰੀ ਪਹਿਰੇ ਪਿੰਡਾਂ ਵਾਲੇ ਲੋਕਾਂ ਵੱਲੋਂ ਲੱਗਣੇ ਚਾਹੀਦੇ ਹਨ, ਕਿਉਂਕਿ ਹਰ ਕਿਸੇ ਨੂੰ ਆਪਣੇ ਪਿੰਡ ਅਤੇ ਪਰਿਵਾਰ ਦੀ ਨਸ਼ੇ ਤੋਂ ਬਚਤ ਕਰਨੀ ਪਏਗੀ। (Correct Watch)