ਡੇਅਰੀ ਦੇ ਧੰਦੇ ਨੇ ਪਹੁੰਚਾਇਆ ਨਵੇਂ ਮੁਕਾਮ ‘ਤੇ | Muktsar News
ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੁਰੇਸ਼ ਗਰਗ/ਸੱਚ ਕਹੂੰ ਨਿਊਜ਼)। ਪਿੰਡ ਲੁਬਾਣਿਆਂ ਵਾਲੀ ਦੇ ਕਿਸਾਨ ਸੁਖਜਿੰਦਰ ਸਿੰਘ ਨੂੰ ਡੇਅਰੀ ਦਾ ਧੰਦਾ ਖੂਬ ਰਾਸ ਆ ਰਿਹਾ ਹੈ ਕਿਸਾਨ ਨੇ ਮਿਹਨਤ ਕਰਕੇ ਮਸ਼ੀਨੀਕਰਨ ਤੇ ਚੰਗੀ ਨਸਲ ਦੇ ਪਸ਼ੂਆਂ ਦੇ ਸਹਾਰੇ ਨਵਾਂ ਮੁਕਾਮ ਹਾਸਲ ਕੀਤਾ ਹੈ ਇਸ ਕਿਸਾਨ ਪਰਿਵਾਰ ਦੀ ਇਸ ਕਿੱਤੇ ਪ੍ਰਤੀ ਲਗਨ ਦਾ ਹੀ ਨਤੀਜਾ ਹੈ ਕਿ ਉਸਦੇ ਪੁੱਤਰ ਬਘੇਲ ਸਿੰਘ ਨੇ ਵੀ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਤੋਂ ਬੀਐੱਸਸੀ ਐਗਰੀਕਲਚਰ ਕਰਕੇ ਇਸੇ ਕਿੱਤੇ ‘ਚ ਹੱਥ ਅਜਮਾਉਣ ਦਾ ਫੈਸਲਾ ਕੀਤਾ ਹੈ। ਡੇਅਰੀ ਧੰਦੇ ਦੀ ਇਸ ਸਫਲਤਾ ਸਬੰਧੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਲਗਭਗ 10 ਸਾਲ ਪਹਿਲਾਂ ਕੁਝ ਪਸ਼ੂ ਰੱਖਕੇ ਡੇਅਰੀ ਦਾ ਧੰਦਾ ਸ਼ੁਰੂ ਕੀਤਾ ਸੀ ਤੇ ਹੁਣ ਉਸ ਕੋਲ 80 ਦੇ ਕਰੀਬ ਪਸ਼ੂ ਹਨ ਜਿਨ੍ਹਾਂ ‘ਚੋਂ ਜਿਆਦਾਤਰ ਐੱਚ. ਐੱਫ. ਨਸਲ ਦੀਆਂ ਗਾਵਾਂ ਹਨ ਤੇ ਕੁਝ ਜਰਸੀ ਨਸਲ ਦੀ ਗਾਵਾਂ ਵੀ ਉਸਨੇ ਪਾਲੀਆਂ ਹਨ। (Muktsar News)
ਪੁੱਤਰ ਬਘੇਲ ਸਿੰਘ ਨੇ ਵੀ ਖੇਤੀਬਾੜੀ ‘ਚ ਬੀਐੱਸਸੀ ਕਰਕੇ ਹੱਥ ਵਟਾਉਣਾ ਕੀਤਾ ਸ਼ੁਰੂ
ਉਨ੍ਹਾਂ ਦੱਸਿਆ ਕਿ ਡੇਅਰੀ ਚਾਹੇ ਛੋਟੀ ਹੋਵੇ ਜਾਂ ਵੱਡੀ ਜਾਨਵਰ ਹਮੇਸ਼ਾ ਚੰਗੀ ਨਸਲ ਦੇ ਹੋਣੇ ਚਾਹੀਦੇ ਹਨ ਤੇ ਜਿਵੇਂ ਜਿਵੇਂ ਡੇਅਰੀ ਦਾ ਅਕਾਰ ਵੱਡਾ ਹੋਵੇ ਮਸ਼ੀਨੀਕਰਨ ਕਰਦੇ ਰਹਿਣਾ ਚਾਹੀਦਾ ਹੈ। ਉਸਨੂੰ ਇਸ ਕਿੱਤੇ ‘ਚ ਸਰਕਾਰ ਵੱਲੋਂ ਵੀ ਡੇਅਰੀ ਵਿਕਾਸ ਵਿਭਾਗ ਦੇ ਮਾਰਫਤ ਵੱਲੋਂ ਉਸ ਨੂੰ ਮੱਦਦ ਮਿਲੀ ਸੀ। ਉਹ ਆਖਦਾ ਹੈ ਕਿ ਉਸਨੇ ਆਪਣੇ ਗਿਆਨ ਵਾਧੇ ਲਈ ਸਿਖਲਾਈ ਵੀ ਲਈ ਸੀ ਤੇ ਇਸ ਤੋਂ ਇਲਾਵਾ ਉਹ ਪੀਡੀਐੱਫਏ ਨਾਲ ਵੀ ਜੁੜਿਆ ਹੈ
ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਚ ਜਾਨਵਰਾਂ ਨੂੰ ਰੋਗਾਂ ਤੋਂ ਬਚਾਉਣਾ ਵੀ ਜਰੂਰੀ ਹੈ ਇਸ ਲਈ ਸਮੇਂ ਸਿਰ ਟੀਕਾਕਰਨ ਨਿਰੋਗੀ ਜਾਨਵਰਾਂ ਲਈ ਜ਼ਰੂਰੀ ਹੈ। ਸੁਖਜਿੰਦਰ ਸਿੰਘ ਨੇ ਆਪਣੇ ਪੁੱਤਰ ਬਘੇਲ ਸਿੰਘ ਨੂੰ ਵੀ ਖੇਤੀਬਾੜੀ ਦੀ ਪੜ੍ਹਾਈ ਕਰਵਾਈ ਹੈ ਤੇ ਹੁਣ ਉਹ ਵੀ ਆਪਣੇ ਪਿਤਾ ਨਾਲ ਖੇਤੀ ਤੇ ਡੇਅਰੀ ‘ਚ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਦੇ ਜਾਨਵਰ ਵੱਖ-ਵੱਖ ਮੁਕਾਬਲਿਆਂ ‘ਚ ਵੀ ਜੇਤੂ ਰਹਿੰਦੇ ਹਨ। ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਣਦੀਪ ਹਾਂਡਾ ਦੱਸਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪਿੰਡ ਅਬੁੱਲ ਖੁਰਾਣਾ ਵਿਖੇ ਡੇਅਰੀ ਸਿਖਲਾਈ ਕੇਂਦਰ ਸਥਾਪਤ ਕੀਤਾ ਗਿਆ ਹੈ ਜਿੱਥੋਂ ਸਿਖਲਾਈ ਲੈ ਕੇ ਕਿਸਾਨ ਇਹ ਕਿੱਤਾ ਕਰ ਸਕਦੇ ਹਨ।
ਪੱਠੇ ਪਾਉਣ ਨਾਲੋਂ ਅਚਾਰ ਵਿਧੀ ਲਾਹੇਵੰਦ : ਸੁਖਜਿੰਦਰ ਸਿੰਘ | Muktsar News
ਸੁਖਜਿੰਦਰ ਸਿੰਘ ਨੇ ਦੱਸਿਆ ਹਰ ਰੋਜ਼ ਹਰੇ ਪੱਠੇ ਵੱਢ ਕੇ ਪਾਉਣ ਨਾਲੋਂ ਜਾਨਵਰਾਂ ਲਈ ਹਰੇ ਚਾਰੇ ਤੋਂ ਅਚਾਰ ਬਣਾ ਕੇ ਜਾਨਵਰਾਂ ਲਈ ਵਰਤਨਾ ਜ਼ਿਆਦਾ ਲਾਭਕਾਰੀ ਹੈ। ਅਚਾਰ ਵਿੱਧੀ ਨਾਲ ਘੱਟ ਲੇਬਰ ਨਾਲ ਜ਼ਿਆਦਾ ਜਾਨਵਰ ਸੰਭਾਲੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਉਨ੍ਹਾਂ ਨੇ ਮੱਕੀ ਵੱਢ ਕੇ ਉਸਦਾ ਹੁਣ ਅਚਾਰ ਬਣਾ ਲਿਆ ਹੈ (Muktsar News)