ਸੋਮਵਾਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਕੈਬਨਿਟ ਮੀਟਿੰਗ | Cabinet Meeting
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ੇ ਦੇ ਮੁੱਦੇ ‘ਤੇ ਪਿਛਲੇ ਕਈ ਦਿਨਾਂ ਤੋਂ ਅਮਰਿੰਦਰ ਸਰਕਾਰ ਦੀ ਹੋ ਰਹੀ ਕਿਰਕਿਰੀ ਤੋਂ ਘਬਰਾਉਂਦੇ ਹੋਏ ਐਮਰਜੈਂਸੀ ਕੈਬਨਿਟ ਮੀਟਿੰਗ ਸੱਦ ਲਈ ਗਈ ਹੈ। ਐਮਰਜੈਂਸੀ ਕੈਬਨਿਟ ਮੀਟਿੰਗ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਹੋਏਗੀ, ਜਿਸ ਵਿੱਚ ਸਿਰਫ਼ ਕੈਬਨਿਟ ਮੰਤਰੀ ਹੀ ਨਹੀਂ ਸਗੋਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਐਸ.ਟੀ.ਐਫ. ਮੁਖੀ ਵੀ ਮੌਜੂਦ ਰਹਿਣਗੇ। ਮੰਤਰੀ ਮੰਡਲ ਨੂੰ ਇਹ ਅਧਿਕਾਰੀ ਹੁਣ ਤੱਕ ਨਸ਼ੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਰਿਪੋਰਟ ਦੇਣ ਨਾਲ ਹੀ ਭਵਿੱਖ ‘ਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਵੀ ਜਾਣਕਾਰੀ ਦੇਣਗੇ। ਜਿਸ ਤੋਂ ਬਾਅਦ ਮੰਤਰੀ ਮੰਡਲ ਫੈਸਲਾ ਕਰੇਗਾ ਕਿ ਇਸ ਮਾਮਲੇ ਵਿੱਚ ਸਰਕਾਰ ਨੂੰ ਕੀ ਕੁਝ ਕਰਨਾ ਚਾਹੀਦਾ ਹੈ। (Cabinet Meeting)
ਕੈਬਨਿਟ ਮੰਤਰੀ ਮੌਕੇ ‘ਤੇ ਹੀ ਅਧਿਕਾਰੀਆਂ ਤੋਂ ਸੁਆਲ ਪੁੱਛਦੇ ਹੋਏ ਲੈ ਸਕਦੇ ਹਨ ਸਪੱਸ਼ਟੀਕਰਨ | Cabinet Meeting
ਜਾਣਕਾਰੀ ਅਨੁਸਾਰ ਨਸ਼ੇ ਦੇ ਮੁੱਦੇ ‘ਤੇ ਅਮਰਿੰਦਰ ਸਿੰਘ ਵਲੋਂ ਪੰਜਾਬ ਦੀ ਸੱਤਾ ਹਾਸਲ ਕੀਤੀ ਸੀ ਅਤੇ ਇਹ ਪੰਜਾਬ ਦੀ ਜਨਤਾ ਨੂੰ ਵਾਅਦਾ ਕੀਤਾ ਸੀ ਕਿ ਉਹ ਪਹਿਲੇ 4 ਹਫ਼ਤੇ ਵਿੱਚ ਹੀ ਨਸ਼ੇ ਨੂੰ ਪੰਜਾਬ ਵਿੱਚੋਂ ਖ਼ਤਮ ਕਰ ਦੇਣਗੇ ਪਰ ਡੇਢ ਸਾਲ ਬੀਤਣ ਤੇ ਬਾਵਜੂਦ ਨਸ਼ਾ ਖ਼ਤਮ ਨਹੀਂ ਹੋਇਆ ਹੈ, ਸਗੋਂ ਪਿਛਲੇ 7-8 ਦਿਨਾਂ ਵਿੱਚ ਹੀ ਪੰਜਾਬ ਵਿੱਚ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਦਰਜਨ ਭਰ ਨੂੰ ਪਾਰ ਗਈ ਹੈ। ਜਿਸ ਤੋਂ ਬਾਅਦ ਪੰਜਾਬ ਭਰ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਬੁਲੰਦ ਹੋਣ ਵਾਲੀ ਆਵਾਜ਼ ਅਤੇ ਕਾਲਾ ਹਫ਼ਤਾ ਦੀ ਮੁਹਿੰਮ ਤੋਂ ਸਰਕਾਰ ਇੰਨਾਂ ਜਿਆਦਾ ਘਬਰਾ ਗਈ ਹੈ ਕਿ ਸੋਮਵਾਰ ਨੂੰ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ।
ਇਸ ਮੀਟਿੰਗ ਵਿੱਚ ਸਿਰਫ਼ ਇਕੋ ਹੀ ਏਜੰਡਾ ਹੋਏਗਾ, ਉਸ ਸਿਰਫ਼ ਨਸ਼ਾ ਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਐਸ.ਟੀ.ਐਫ. ਚੀਫ਼ ਹਰਪ੍ਰੀਤ ਸਿੱਧੂ ਸਣੇ ਕਈ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਰਹਿਣਗੇ। ਇਸ ਮੀਟਿੰਗ ਵਿੱਚ ਪੁਲਿਸ ਵਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਦੇ ਨਾਲ ਹੀ ਕੈਬਨਿਟ ਮੰਤਰੀ ਇਸ ਮੁੱਦੇ ‘ਤੇ ਪੁਲਿਸ ਨੂੰ ਕੋਈ ਸਖ਼ਤ ਕਦਮ ਚੁੱਕਣ ਦੇ ਆਦੇਸ਼ ਦੇਣ ਦੇ ਨਾਲ ਹੀ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ। (Cabinet Meeting)
ਸਰਬ ਪਾਰਟੀ ਮੀਟਿੰਗ ਸੱਦਣ ਅਮਰਿੰਦਰ ਸਿੰਘ : ਕੈਂਥ | Cabinet Meeting
ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਕੈਂਥ ਨੇ ਮੰਗ ਕੀਤੀ ਹੈ ਕਿ ਨਸ਼ੇ ਦੇ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਸੱਦ ਲੈਣੀ ਚਾਹੀਦੀ ਹੈ ਤਾਂ ਕਿ ਇਸ ਮੁੱਦੇ ‘ਤੇ ਬਾਕੀ ਪਾਰਟੀਆਂ ਵੀ ਸਰਕਾਰ ਨੂੰ ਆਪਣੀ ਸਲਾਹ ਦੇ ਸਕਣ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਸਿਆਸਤ ਤੋਂ ਉਪਰ ਉੱਠ ਕੇ ਬਰਬਾਦ ਹੋ ਰਹੀਂ ਨੌਜਵਾਨੀ ਨੂੰ ਬਚਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ, ਇਸ ਕੋਸ਼ਿਸ਼ ਲਈ ਜੇਕਰ ਸਾਰੀਆਂ ਦਾ ਸਾਥ ਲਿਆ ਜਾਵੇ ਤਾਂ ਇਸ ਵਿੱਚ ਕੁਝ ਗਲਤ ਨਹੀਂ ਹੈ।
ਕਾਲਾ ਹਫ਼ਤਾ ਮੁਹਿੰਮ ਨੇ ਹਿਲਾਈ ਸਰਕਾਰ | Cabinet Meeting
ਪੰਜਾਬ ਵਿੱਚ ਲਗਾਤਾਰ ਹੋ ਰਹੀ ਨਸ਼ੇ ਤੋਂ ਮੌਤਾਂ ਕਾਰਨ ਪੈਦਾ ਹੋਈ ‘ਮਰੋਂ ਜਾਂ ਵਿਰੋਧ ਕਰੋਂ’ ਮੁਹਿੰਮ ਨਾਲ ਹੀ ਕਾਲਾ ਹਫ਼ਤਾ ਮਨਾਉਣ ਵੱਲ ਵਧ ਰਹੇ ਪੰਜਾਬੀਆਂ ਨੂੰ ਦੇਖ ਕੇ ਪੰਜਾਬ ਸਰਕਾਰ ਹਿੱਲ ਗਈ ਹੈ, ਕਿਉਂਕਿ ਇਸ ਮੁਹਿੰਮ ਕਾਰਨ ਗੁੱਸਾ ਕਾਂਗਰਸ ਸਰਕਾਰ ‘ਤੇ ਹੀ ਨਿਕਲਣਾ ਹੈ। ਕਾਂਗਰਸ ਨੇ ਹੀ ਸੱਤਾ ਵਿੱਚ ਆਉਣ ਤੋਂ ਪਹਿਲਾ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਮੁੱਦੇ ‘ਤੇ ਫ਼ੇਲ ਸਾਬਤ ਹੋਣ ਕਾਰਨ ਹੁਣ ਲੋਕਾਂ ਨੂੰ ਸੜਕਾਂ ‘ਤੇ ਉੱਤਰਨਾ ਪੈ ਰਿਹਾ ਹੈ।