ਸੱਤ ਗਊਆਂ ਦੀ ਇਲਾਜ ਦੌਰਾਨ ਹੋਈ ਮੌਤ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ਦੀ ਬਾਲ ਗੋਪਾਲ ਗਊਸ਼ਾਲਾ ‘ਚ ਅੱਜ ਸਵੇਰੇ ਜਹਿਰਖੁਰਾਨੀ ਕਾਰਨ ਇੱਕ ਦਰਜਨ ਤੋਂ ਵੱਧ ਗਊਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਗਊਸ਼ਾਲਾ ‘ਚ ਉਦੋਂ ਭਾਜੜ ਪੈ ਗਈ, ਜਦੋਂ ਉੱਥੇ ਇੱਕ ਸ਼ੈੱਡ ਥੱਲੇ ਬੰਨ੍ਹੀਆਂ ਵੱਡੀ ਗਿਣਤੀ ਗਊਆਂ ਵਿੱਚੋਂ ਕੁਝ ਅਚਾਨਕ ਹੀ ਤੜਫਣ ਲੱਗ ਪਈਆਂ। ਸੂਚਨਾ ਮਿਲਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ੀਤਲ ਦੇਵ ਜਿੰਦਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਮੌਕੇ ਤੇ ਪੁੱਜੀ ਅਤੇ ਇਲਾਜ ਸ਼ੁਰੂ ਕੀਤਾ।
ਇਸ ਗਊਸ਼ਾਲਾ ‘ਚ ਕੁੱਲ 1200 ਦੇ ਕਰੀਬ ਪਸ਼ੂ ਹਨ
ਦੇਖਦਿਆਂ ਹੀ ਦੇਖਦਿਆਂ 8 ਗਊਆਂ ਮਾਰੀਆਂ ਗਈਆਂ ਜਦੋਂਕਿ ਬਾਕੀ ਸੱਤ ਦੀ ਇਲਾਜ ਦੌਰਾਨ ਮੌਤ ਹੋ ਗਈ। ਗਊਸ਼ਾਲਾ ਦੇ ਪ੍ਰਬੰਧਕਾਂ ਨੇ ਉਸ ਸ਼ੈੱਡ ਹੇਠ ਬੰਨ੍ਹੀਆਂ ਬਾਕੀ ਗਊਆਂ ਤੇ ਵੱਛਿਆਂ ਨੂੰ ਦੂਜੇ ਪਾਸੇ ਸ਼ਿਫਟ ਕਰ ਦਿੱਤਾ। ਇਸ ਗਊਸ਼ਾਲਾ ‘ਚ ਕੁੱਲ 1200 ਦੇ ਕਰੀਬ ਪਸ਼ੂ ਹਨ। ਪੱਤਰਕਾਰਾਂ ਨੇ ਮੌਕੇ ਤੇ ਦੇਖਿਆ ਕਿ ਗਊਆਂ ਦੀ ਹਾਲਤ ਕਾਫੀ ਖਰਾਬ ਸੀ ਤੇ ਕਈ ਤਾਂ ਬੁਰੀ ਤਰਾਂ ਤੜਫ ਰਹੀਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ. ਡੀ. ਐਮ ਬਲਵਿੰਦਰ ਸਿੰਘ ਵੀ ਮੌਕੇ ਤੇ ਗਏ ਅਤੇ ਸਥਿਤੀ ਦਾ ਜਾਇਜਾ ਲਿਆ। ਪੁਲਿਸ ਟੀਮ ਨੇ ਵੀ ਘਟਨਾਂ ਵਾਲੀ ਥਾਂ ਤੇ ਹਾਜਰ ਵਿਅਕਤੀਆਂ ਕੋਲੋਂ ਪੁੱਛ ਪੜਤਾਲ ਕੀਤੀ।