ਸ਼ਾਹੀ ਸ਼ਹਿਰ ‘ਚ ਇਡੀਅਨ ਓਵਰਸੀਜ਼ ਬੈਂਕ ਨੂੰ ਲੱਗੀ ਭਿਆਨਕ ਅੱਗ

Indian, Overseas, Bank, Fire, Broke, Out, Royal City

ਬੈਂਕ ਅੰਦਰ ਫਰਨੀਚਰ ਸਮੇਤ ਹੋਰ ਸਮਾਨ ਸੜ ਕੇ ਸੁਆਹ, ਕੈਸ਼ ਦਾ ਰਿਹਾ ਬਚਾਅ

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਇੱਥੇ ਛੋਟੀ ਬਰਾਂਦਰੀ ਵਿਖੇ ਸਥਿਤ ਇੰਡੀਅਨ ਓਵਰਸੀਜ਼ ਬੈਂਕ ਵਿੱਚ ਅੱਜ ਅਚਾਨਕ ਅੱਗ ਲੱਗਣ ਕਾਰਨ ਬੈਂਕ ਦਾ ਭਾਰੀ ਨੁਕਸਾਨ ਹੋ ਗਿਆ। ਅੱਗ ਉੱਪਰ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਦੀਆਂ ਤਿੰਨ ਗੱਡੀਆਂ ਨੂੰ ਜੱਦੋ ਜਹਿਦ ਕਰਨੀ ਪਈ ਜਿਸ ਤੋਂ ਬਾਅਦ ਹੀ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਰਕੇ ਬਿਲਡਿੰਗ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਇੱਥੇ ਸਥਿਤ ਇੰਸਟੀਚਿਊਟਾਂ ਵਿੱਚ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਵਿੱਚ ਹੜਕੱਪ ਮੱਚ ਗਿਆ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਇੰਡੀਅਨ ਓਵਰਸ਼ੀਜ ਬੈਕ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਦੇਖਦਿਆ ਹੀ ਦੇਖਦਿਆ ਭਾਂਬੜ ਬਣ ਗਈ। ਇਸੇ ਦੌਰਾਨ ਹੀ ਸਟਾਫ਼ ਅਤੇ ਹੋਰਨਾਂ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਪਾਣੀ ਵਾਲੀ ਤਿੰਨ ਗੱਡੀਆਂ ਵੱਲੋਂ ਘੰਟੇ ਦੀ ਜੱਦੋਂਜਹਿਦ ਤੋਂ ਬਾਅਦ ਅੱਗ ਬੁਝਾਈ ਗਈ। ਉਂਜ ਬੈਕ ਦੇ ਮੁਲਾਜ਼ਮਾਂ ਅਤੇ ਹੋਰਨਾਂ ਲੋਕਾਂ ਵੱਲੋਂ ਵੀ ਅੱਗ ਤੇ ਕਾਬੂ ਪਾਉਣ ਲਈ ਆਪਣੀ ਵਾਅ ਲਾਈ ਗਈ। ਇੱਧਰ ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਏ.ਸੀ. ਦੀਆਂ ਤਾਰਾਂ ਦੇ ਸਪਾਰਕ ਹੋਣ ਤੋਂ ਬਾਅਦ ਹੀ ਲੱਗੀ ਹੈ।

ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ਬੁਝਾਈ

ਉਨ੍ਹਾਂ ਦੱਸਿਆ ਕਿ ਜਦੋਂ ਉਹ ਬੈਂਕ ਆਏ ਤਾ ਏ.ਸੀ ਦੀਆਂ ਤਾਰਾਂ ਸਪਾਰਕ ਹੋ ਰਹੀਆਂ ਸਨ ਅਤੇ ਮਾਮੂਲੀ ਅੱਗ ਲੱਗੀ ਤਾ ਉਨ੍ਹਾਂ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝ ਦਿੱਤੀ। ਇਸ ਤੋਂ ਬਾਅਦ ਧਮਾਕਾ ਹੋਇਆ ਅਤੇ ਅੱਗ ਫੈਲ ਗਈ। ਇੱਧਰ ਬੈਂਕ ਦੇ ਮੈਨੇਜਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੈਕ ਅੰਦਰ ਪਏ ਕੈਸ ਦਾ ਬਚਾਅ ਹੋ ਗਿਆ ਪਰ ਫਰਨੀਚਰ ਸਮੇਤ ਬੈਂਕ ਦਾ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਜਦੋਂ ਉਨ੍ਹਾਂ ਤੋਂ ਬੈਂਕ ਦੇ ਰਿਕਾਰਡ ਆਦਿ ਸਬੰਧੀ ਪੁੱਛਿਆ ਤਾ ਉਨ੍ਹਾਂ ਕਿਹਾ ਕਿ ਇਸਦਾ ਦੇਖ ਕੇ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਫਾਇਰ ਬ੍ਰਿਗੇਡ ਅਧਿਕਾਰੀ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਤਾ ਬੈਕ ਮੁਲਾਜ਼ਮ ਏਸੀ ਤੋਂ ਹੀ ਅੱਗ ਲੱਗਣ ਬਾਰੇ ਕਹਿ ਰਹੇ ਹਨ, ਅੱਗ ਕਾਫੀ ਭਿਆਨਕ ਸੀ, ਜਿਸ ਨੂੰ ਪਾਣੀ ਦੀਆਂ ਤਿੰਨ ਗੱਡੀਆਂ ਨਾਲ ਕਾਬੂ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਕੋਤਵਾਲੀ ਦੇ ਐਸਐਸਓ ਰਾਜੇਸ਼ ਕੌਸਲ ਵੀ ਪੁੱਜੇ। ਉਨ੍ਹਾਂ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ, ਪਰ ਵੱਡੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਲੱਗਣ ਕਾਰਨ ਚਾਰੇ ਪਾਸੇ ਧੂੰਆ ਹੀ ਧੂੰਆ ਫੈਲ ਗਿਆ ਅਤੇ ਨੇੜਲੇ ਇੰਸਟੀਚਿਊਟਾਂ ਵਿੱਚ ਪੜਦੇ ਵਿਦਿਆਰਥੀਆਂ ਵਿੱਚ ਡਰ ਦਾ ਮਹੌਲ ਪੈਦਾ ਹੋ ਗਿਆ।