ਖੁਸ਼ਮਿਜਾਜ ਲੋਕਾਂ ਕੋਲ ਹਰ ਵੇਲੇ, ਹਰ ਕਿਸੇ ਨੂੰ ਦੇਣ ਲਈ ਬਹੁਤ ਕੁਝ ਹੁੰਦਾ ਹੈ। ਇਸ ਪ੍ਰਕਾਰ ਦਿੱਤਾ ਜਾਣਾ ਕਿਸੇ ਵੀ ਹੋਰ ਜ਼ਰੂਰਤ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਦਾ। ਆਪਣੇ ਨਿਯਮਿਤ ਕੰਮ-ਧੰਦੇ ਰਾਹੀਂ ਕੋਈ ਵਿਅਕਤੀ ਸਮਾਜ ਦੀ ਓਨੀ ਭਲਾਈ ਨਹੀਂ ਕਰ ਸਕਦਾ ਜਿੰਨੀ ਕਿ ਸਿਰਫ ਖੁਸ਼ਮਿਜਾਜ ਬਣ ਕੇ। ਖੁਸ਼ਮਿਜਾਜ ਯਾਨੀ ਹਸਮੁੱਖ ਲੋਕਾਂ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਇਨਸਾਨ ਅੰਦਰ ਛੁਪੀ ਸਾਰੀ ਯੋਗਤਾ ਨੂੰ ਉਜਾਗਰ ਕਰ ਦਿੰਦੀ ਹੈ ਅਤੇ ਅੰਦਰਲੀ ਘੁਟਨ ਨੂੰ ਤੋੜ ਦਿੰਦੀ ਹੈ ਹਸਮੁੱਖ ਲੋਕ ਸਹੀ ਮਾਅਨਿਆਂ ਵਿੱਚ ਸਮਾਜ ਸੇਵਕ ਹਨ।
ਕੁਮਾਰੀ ਏਡਿਥ ਕਾਲਜ ਵਿੱਚ ਪੜ੍ਹਦੀ ਸੀ ਤਾਂ ਉਹ ਆਪਣੇ ਹਸਮੁੱਖ ਸੁਭਾਅ ਕਾਰਨ ‘ਰੋਦਿਆਂ ਨੂੰ ਹਸਾਉਣ ਵਾਲੀ ਲੜਕੀ’ ਦੇ ਨਾਂਅ ਨਾਲ ਮਸ਼ਹੂਰ ਸੀ। ਕਾਲਜ ਭਰ ਦੀਆਂ ਮਾਯੂਸ, ਨਿਰਾਸ਼ ਅਤੇ ਪੜ੍ਹਾਈ ਵਿੱਚ ਪੱਛੜੀਆਂ ਹੋਈਆਂ ਲੜਕੀਆਂ ਉਸ ਕੋਲ ਸਿਰਫ ਇਸ ਲਈ ਜਾਣਾ ਚਾਹੁੰਦੀਆਂ ਸਨ ਕਿ ਉਸ ਦੇ ਚਿਹਰੇ ‘ਤੇ ਥਿਰਕਦੀ ਹਾਸੀ ਵਿੱਚੋਂ ਉਹ ਵੀ ਆਪਣੇ ਨਿਰਾਸ਼ ਜੀਵਨ ਵਿੱਚ ਆਸ ਦੀ ਇੱਕ ਨਿੱਖਰੀ ਹੋਈ ਕਿਰਨ ਭਰ ਸਕਣ ਅਤੇ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਸੀ ਕਿ ਏਡਿਥ ਦੇ ਰੋਮ-ਰੋਮ ਵਿੱਚੋਂ ਉਮੀਦ ਦਾ ਚਾਨਣ ਫੁੱਟ-ਫੁੱਟ ਪੈਂਦਾ ਸੀ।
ਜਿਸ ਤਰ੍ਹਾਂ ਅਸੀਂ ਆਪਣੀ ਰੋਜ਼ੀ ਕਮਾਉਣ ਦੀ ਯੋਗਤਾ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਹੱਸਣ ਦੀ ਤਾਕਤ ਨੂੰ ਵਿਕਸਿਤ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਵੱਧ ਇਨਸਾਨ ਨੂੰ ਉਭਾਰਨ ਵਾਲੀ ਸ਼ਕਤੀ ਕੋਈ ਨਹੀਂ। ਮਾਨਸਿਕ ਪ੍ਰੇਸ਼ਾਨੀਆਂ ਦੀ ਇਸ ਤੋਂ ਵੱਡੀ ਦਵਾਈ ਅੱਜ ਤੱਕ ਨਹੀਂ ਬਣ ਸਕੀ। ਹਰ ਤਰ੍ਹਾਂ ਦੇ ਹਾਲਾਤ ਵਿੱਚ ਅਨੰਦ ਲੈਣ ਦੀ ਆਦਤ ਪਾ ਲੈਣ ਨਾਲ ਸਾਡੀ ਪੂਰੀ ਜਿੰਦਗੀ ਦੀ ਧਾਰਨਾ ਬਦਲ ਜਾਂਦੀ ਹੈ। ਇਹ ਕੋਈ ਅਨੋਖੀ ਆਦਤ ਨਹੀਂ ਹੈ ਬਲਕਿ ਹਸਮੁੱਖਪਣ ਦਾ ਹੀ ਸਹਿਜ ਵਿਕਸਿਤ ਰੂਪ ਹੈ। ਹਰ ਮਹਾਨ ਵਿਅਕਤੀ ਹਸਮੁੱਖ ਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਹੱਸਣ ਦੀ ਤਾਕਤ ਬਰਬਾਦ ਕਰ ਬੈਠੇ ਹਨ। ਇਨ੍ਹਾਂ ਦੀ ਸੋਚਣੀ ਮੁਤਾਬਿਕ ਹੱਸਣਾ ਕਮਜ਼ੋਰੀ ਦੀ ਨਿਸ਼ਾਨੀ ਹੈ ਤੇ ਹੱਸਣ ਨਾਲ ਜੀਵਨ ਦੀ ਗੰਭੀਰਤਾ ਨਸ਼ਟ ਹੋ ਜਾਂਦੀ ਹੈ। ਅਜਿਹਾ ਸੋਚਣਾ ਬਿਲਕੁਲ ਗਲਤ ਹੈ।
ਹਸਮੁਖ ਵਿਅਕਤੀ ਨਾ ਸਿਰਫ ਖੁਸ਼ਮਿਜਾਜ ਹੁੰਦੇ ਹਨ ਬਲਕਿ ਲੰਮੀ ਉਮਰ ਵੀ ਭੋਗਦੇ ਹਨ। ਇਸ ਤੋਂ ਬਿਨਾਂ ਜੀਵਨ ਵਿੱਚ ਸਫਲ ਵੀ ਇਹੀ ਸਿੱਧ ਹੁੰਦੇ ਹਨ, ਕਿਉਂਕਿ ਹਾਸਾ ਇੱਕ ਅਜਿਹਾ ਤੇਲ ਹੈ ਜੋ ਇਨਸਾਨੀ ਸਰੀਰ ਦੀ ਮਸ਼ੀਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੈ ਅਤੇ ਇਸ ਨਾਲ ਇਸ ਮਸ਼ੀਨ ਦੇ ਘਸੇ ਹੋਏ ਪੁਰਜੇ ਫਿਰ ਸ਼ਕਤੀ ਗ੍ਰਹਿਣ ਕਰ ਲੈਂਦੇ ਹਨ। ਤੁਸੀਂ ਜੋ ਵੀ ਅਤੇ ਚਾਹੇ ਕਿਸੇ ਵੀ ਕੰਮ-ਧੰਦੇ ਵਿੱਚ ਹੋ, ਹਰ ਕਿਤੇ ਖੁਸ਼ ਰਹਿਣ ਦੇ ਮੌਕੇ ਪੈਦਾ ਕਰਨੇ ਸਿੱਖ ਸਕਦੇ ਹੋ ਅਤੇ ਇਹ ਕਲਾ ਤੁਹਾਡੀ ਕਾਲਜ ਦੀ ਪੜ੍ਹਾਈ ਦੇ ਮੁਕਾਬਲੇ ਵੀ ਕਿਤੇ ਜ਼ਿਆਦਾ ਕੰਮ ਆਵੇਗੀ। ਇਹ ਇੱਕ ਦੌਲਤ ਹੈ ਜੋ ਦੋਵੇਂ ਹੱਥੀਂ ਲੁਟਾਉਂਦੇ ਰਹਿਣ ਨਾਲ ਵੀ ਜ਼ਿਆਦਾ ਜਮ੍ਹਾ ਹੁੰਦੀ ਜਾਵੇਗੀ। ਚਾਹੇ ਜਿੰਨੇ ਵੀ ਸਖਤ ਅਤੇ ਕੁਰੱਖਤ ਲੋਕਾਂ ਵਿੱਚ ਤੁਸੀਂ ਰਹਿ ਰਹੇ ਹੋ, ਚਾਹੇ ਜਿੰਨਾ ਵੀ ਬੁਰਾ ਦਿਨ ਬੀਤ ਰਿਹਾ ਹੋਵੇ ਜੇ ਤੁਸੀਂ ਹੱਸਣ ਦੀ ਕਲਾ ਸਿੱਖ ਚੁੱਕੇ ਹੋ ਤਾਂ ਇਹ ਤੁਹਾਨੂੰ ਹਰ ਮੁਸੀਬਤ ‘ਚੋਂ ਉਭਾਰ ਲਵੇਗੀ।
ਦਿਨ ਵਿੱਚ ਇੱਕ ਵਾਰੀ ਜੇ ਖੁੱਲ੍ਹ ਕੇ ਹੱਸ ਸਕੋ ਤਾਂ ਭਾਰੀ ਤੋਂ ਭਾਰੀ ਦਿਨ ਵੀ ਹਲਕਾ-ਫੁਲਕਾ ਲੱਗਣ ਲੱਗੇਗਾ ਜੇ ਤੁਸੀਂ ਹਰ ਵੇਲੇ ਗੰਭੀਰ ਚਿਹਰਾ ਰੱਖੋਗੇ ਤਾਂ ਇਸ ਨਾਲ ਦੂਸਰਿਆਂ ਦਾ ਕੁਝ ਨਹੀਂ ਵਿਗੜੇਗਾ ਬਲਕਿ ਖੁਦ ਆਪਣੀ ਹੀ ਗੰਭੀਰਤਾ ਦਾ ਬੋਝ ਤੁਹਾਡੇ ਕੋਲੋਂ ਜ਼ਿਆਦਾ ਸਮਾਂ ਢੋਹਿਆ ਨਹੀਂ ਜਾਏਗਾ ਅਜੋਕੀ ਜਿੰਦਗੀ ਦੇ ਤਣਾਵਾਂ, ਚਿੰਤਾਵਾਂ, ਸ਼ੱਕਾਂ, ਹੁਸ਼ਿਆਰੀਆਂ ਅਤੇ ਉਤਸੁਕਤਾਵਾਂ ਵਿਚ ਤਾਂ ਹੱਸ ਸਕਣ ਦੀ ਆਦਤ ਪਾਉਣਾ ਹੋਰ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਨਾ ਹੱਸਣ ਵਾਲੇ ਲੋਕ ਕਦੇ ਵੀ ਖੁਸ਼ ਨਹੀਂ ਰਹਿੰਦੇ ਉਹਨਾਂ ਨੂੰ ਮਿਲ ਕੇ ਇੰਜ ਲੱਗਦਾ ਹੈ, ਜਿਵੇਂ ਖੁਸ਼ੀ ਇਨ੍ਹਾਂ ਦੀ ਜਿੰਦਗੀ ‘ਚੋਂ ਝਾੜੂ ਮਾਰ ਕੇ ਹੂੰਝ ਦਿੱਤੀ ਗਈ ਹੋਵੇ। ਅੱਜ-ਕੱਲ੍ਹ ਦੇ ਵੱਡੇ-ਛੋਟੇ ਵਪਾਰੀ ਚਿੰਤਾ ਦੀ ਚਿਤਾ ਵਿੱਚ ਬਲ਼ਦੇ ਰਹਿੰਦੇ ਹਨ। ਪੈਸਾ ਹੀ ਉਨ੍ਹਾਂ ਲਈ ਸਭ ਕੁਝ ਹੈ ਅਤੇ ਹੱਸਣਾ ਸ਼ਾਇਦ ਇਨ੍ਹਾਂ ਲਈ ਮਨ੍ਹਾ ਹੈ। ਨਿਰਾਸ਼ਾਵਾਦੀ ਵਿਅਕਤੀ ਕਦੇ ਵੀ ਕਾਰੋਬਾਰ ਵਿੱਚ ਕਾਮਯਾਬ ਨਹੀਂ ਹੋ ਸਕਦਾ। ਹਰ ਪ੍ਰਕਾਰ ਦੀ ਕਾਮਯਾਬੀ ਖੁਸ਼ ਰੂਹਾਂ ਅਤੇ ਆਸ਼ਾਵਾਦੀਆਂ ਦੇ ਹੀ ਕਦਮ ਚੁੰਮਦੀ ਹੈ।
ਉਮੀਦ ਵਿੱਚ ਇੰਨੀ ਚੁੰਬਕੀ ਸ਼ਕਤੀ ਹੁੰਦੀ ਹੈ ਕਿ ਦੂਰ ਖੜ੍ਹੀ ਸਫਲਤਾ ਨੂੰ ਵੀ ਕਰੀਬ ਖਿੱਚ ਲਿਆਉਂਦੀ ਹੈ। ਉਮੀਦ ਦਾ ਪੱਲਾ ਫੜ੍ਹੀ ਵਿਅਕਤੀ ਨੂੰ ਚਾਰੋਂ ਪਾਸੇ ਕਾਮਯਾਬੀ ਹੀ ਦਿਖਾਈ ਦਿੰਦੀ ਹੈ, ਜਦੋਂਕਿ ਨਿਰਾਸ਼ ਵਿਅਕਤੀ ਦੇ ਹਿੱਸੇ ਹਮੇਸ਼ਾ ਅਸਫਲਤਾ ਹੀ ਆਉਂਦੀ ਹੈ। ਮੁਸਕਾਨਾਂ ਦੇ ਗਹਿਣੇ ਪਹਿਨ ਕੇ ਕੋਈ ਵਿਅਕਤੀ ਕਿਤੇ ਵੀ ਚਲਾ ਜਾਵੇ, ਉਸ ਨੂੰ ਆਪਣੀ ਜਾਣ-ਪਹਿਚਾਣ ਕਰਵਾਉਣ ਦੀ ਜਰੂਰਤ ਨਹੀਂ ਪੈਂਦੀ। ਹਰ ਕੋਈ ਉਸ ਨੂੰ ‘ਸੁਆਗਤ’ ਕਹਿੰਦਾ ਹੀ ਮਿਲੇਗਾ। ਇਸ ਲਈ ਗਰੀਬ ਤੋਂ ਗਰੀਬ ਵਿਅਕਤੀ ਵੀ ਜੇ ਮੁਸਕੁਰਾਉਣ ਦੀ ਕਲਾ ਸਿੱਖ ਲਵੇ ਅਤੇ ਆਪਣੇ ਚਾਰੇ ਪਾਸੇ ਮੁਸਕੁਰਾਹਟਾਂ ਦੇ ਫੁੱਲ ਬਿਖੇਰਦਾ ਚੱਲੇ ਤਾਂ ਉਸ ਨੂੰ ਆਪਣੀ ਗਰੀਬੀ ਦੇ ਗ਼ਮਾਂ ਤੋਂ ਛੁਟਕਾਰਾ ਪਾਉਣ ਦਾ ਸੌਖਾ ਰਾਹ ਮਿਲ ਜਾਵੇਗਾ। ਹਰ ਕਿਸੇ ਵੱਲ ਪਿਆਰ ਨਾਲ ਦੇਖੋ । ਹਰ ਕਿਸੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰੋ ਤਾਂ ਹਰ ਕੋਈ ਤੁਹਾਡੇ ਉੱਪਰ ਆਪਣਾ ਪਿਆਰ ਨਿਛਾਵਰ ਕਰ ਦੇਵੇਗਾ ਅਤੇ ਤੁਹਾਡੇ ਕੰਮ ਆਵੇਗਾ। ਤੁਹਾਡਾ ਖੁਸ਼ ਰਹਿਣਾ ਤੇ ਹੋਰ ਲੋਕਾਂ ਨੂੰ ਹਸਾਉਣਾ, ਇਹ ਉੱਦਮ (ਕੋਸ਼ਿਸ਼) ਤੁਹਾਡੇ ਵੱਲੋਂ ਕੀਤੀ ਜਾਣ ਵਾਲੀ ਸਮਾਜ ਦੀ ਸਭ ਤੋਂ ਵੱਡੀ ਸੇਵਾ ਹੈ।