ਪੁਲਿਸ ਵੱਲੋਂ ਲੁੱਟ ਖੋਹ ਕਰਕੇ ਦੋ ਕਤਲਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਕਾਬੂ
- ਇੱਕ ਮੁਲਜ਼ਮ ਪੁਲਿਸ ਦੀ ਗ੍ਰਿਫਤ ਚੋਂ ਬਾਹਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਰਾਜਪੁਰਾ ਸੜਕ ‘ਤੇ 17 ਤੇ 18 ਜੂਨ ਦੀ ਦਰਮਿਆਨੀ ਰਾਤ ਨੂੰ ਪਿੰਡ ਚਮਾਰਹੇੜੀ ਨੇੜੇ ਤਿੰਨ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਪੈਟਰੋਲ ਪੰਪ ਨੂੰ ਲੁੱਟਣ ਮੌਕੇ ਦੋ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਘਟਨਾ ਨੂੰ ਪਟਿਆਲਾ ਵੱਲੋਂ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਤਿੰਨਾਂ ਵਿੱਚੋਂ 2 ਮੁਲਜ਼ਮਾਂ ਨੂੰ ਵਾਰਦਾਤ ਮੌਕੇ ਵਰਤੇ ਹਥਿਆਰਾਂ, ਮੋਟਰਸਾਈਕਲ ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਵੱਲੋਂ ਇਹ ਲੁੱਟ ਖੋਹ ਦੀ ਇਸ ਘਟਨਾ ਨੂੰ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਅੰਜਾਮ ਦਿੱਤਾ ਗਿਆ ਸੀ ਅਤੇ ਘਟਨਾ ਸਮੇਂ ਵੀ ਇਹ ਨਸ਼ੇ ਵਿੱਚ ਧੁੱਤ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਪਟਿਆਲਾ ਰੇਜ ਦੇ ਆਈ.ਜੀ. ਸ਼੍ਰੀ ਏ.ਐਸ.ਰਾਏ ਨੇ ਦੱਸਿਆ ਕਿ ਇਹ ਵਾਰਦਾਤ ਵਾਪਰਨ ਉਪਰੰਤ ਪਟਿਆਲਾ ਦੇ ਕਾਰਜਕਾਰੀ ਐਸ.ਐਸ.ਪੀ ਕੰਵਰਦੀਪ ਕੌਰ ਐਸ.ਪੀ. ਹੈਡ ਕੁਆਰਟਰ ਦੀ ਅਗਵਾਈ ਹੇਠ ਗਠਿਤ ਕੀਤੀਆਂ ਟੀਮਾਂ ਨੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਕੀਤੀ ਪੜਤਾਲ ਉਪਰੰਤ ਦੋ ਦੋਸ਼ੀਆਂ ਸਿਕੰਦਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਢੱਡਰੀਆਂ ਜ਼ਿਲਾ ਸੰਗਰੂਰ ਤੇ ਹਰਪ੍ਰੀਤ ਸਿੰਘ ਸਿੰਘ ਉਰਫ਼ ਮੱਖਣ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫਦੀਪੁਰ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਵਾਰਦਾਤ ਵਿੱਚ ਸ਼ਾਮਲ ਇਹਨਾਂ ਦਾ ਤੀਸਰਾ ਸਾਥੀ ਲਖਨਦੀਪ ਸਿੰਘ ਉਰਫ਼ ਵਾਰਸ ਰੰਧਾਵਾ ਪੁੱਤਰ ਸ਼ਵਿੰਦਰ ਸਿੰਘ ਵਾਸੀ ਪਿੰਡ ਠੱਠਰਕੇ ਪੱਤੀ ਥਾਣਾ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਵਜੋਂ ਹੋਈ ਹੈ ਹਾਲੇ ਤੱਕ ਫਰਾਰ ਹੈ।
ਉਨ੍ਹਾਂ ਦੱਸਿਆ ਕਿ ਸਿਕੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਸਿਕੰਦਰ ਸਿੰਘ ਪਾਸੋਂ ਕਤਲ ਸਮੇਂ ਵਰਤਿਆ ਪਿਸਟਲ ਬੱਤੀ ਬੋਰ ਸਮੇਤ ਇੱਕ ਜਿੰਦਾ ਕਾਰਤੂਸ, ਬੁਲੇਟ ਮੋਟਰਸਾਈਕਲ ਅਤੇ ਹਰਪ੍ਰੀਤ ਸਿੰਘ ਉਕਤ ਪਾਸੋਂ ਲਖਨਦੀਪ ਸਿੰਘ ਵੱਲੋਂ ਵਾਰਦਾਤ ਸਮੇਂ ਵਰਤਿਆ ਇੱਕ ਪਿਸਟਲ ਦੇਸੀ ਕੱਟਾ 315 ਬੋਰ ਸਮੇਤ ਇੱਥ ਖੋਲ ਕਾਰਤੂਸ 315 ਬੋਰ ਬ੍ਰਾਮਦ ਕੀਤਾ ਗਿਆ ਹੈ। ਸਿਕੰਦਰ ਸਿੰਘ ਦੀ ਤਲਾਸ਼ੀ ਦੌਰਾਨ ਉਸ ਦੇ ਕਬਜੇ ਵਿੱਚੋਂ 300 ਗ੍ਰਾਮ ਨਸ਼ੀਲਾ ਪਾਊਡਰ ਵੀ ਬ੍ਰਾਮਦ ਕੀਤਾ ਗਿਆ ਹੈ। ਤੀਜੇ ਦੋਸ਼ੀ ਲਖਨਦੀਪ ਸਿੰਘ ਉਰਫ ਵਾਰਸ ਰੰਧਾਵਾ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਪਹਿਲਾ ਰੇਕੀ ਕੀਤੀ ਗਈ ਅਤੇ ਪਲੈਨਿੰਗ ਤਹਿਤ ਹੀ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਨਸ਼ੇ ਦੇ ਆਦੀ ਹਨ ਅਤੇ ਪੈਸਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਇਨ੍ਹਾਂ ਵੱਲੋਂ ਮਹਿਜ ਗਿਆਰਾਂ ਹਜ਼ਾਰ ਰੁਪਏ ਲਈ ਦੋ ਵਿਅਕਤੀਆਂ ਦੀ ਜਾਨ ਲੈ ਲਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਸਕੰਦਰ ਯੂਨੀਵਰਸਿਟੀ ਦਾ ਐਮਏ ਫਿਲਾਸਪੀ ਦਾ ਵਿਦਿਆਰਥੀ
ਗ੍ਰਿਫਤਾਰ ਕੀਤਾ 25 ਸਾਲਾ ਸਿਕੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਵਿੱਚ ਐਮ.ਏ. ਫਿਲਾਸਪੀ ਦਾ ਵਿਦਿਆਰਥੀ ਹੈ ਅਤੇ ਯੂਨੀਵਰਸਿਟੀ ਸਾਹਮਣੇ ਪੀਜੀ ਵਿੱਚ ਰਹਿ ਰਿਹਾ ਹੈ। ਉਸ ‘ਤੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਕਈ ਕੇਸ ਦਰਜ਼ ਹਨ ਜਦ ਕਿ ਹਰਪ੍ਰੀਤ ਸਿੰਘ ਦਸਵੀ ਫੇਲ ਹੈ, ਜਿਸ ਖ਼ਿਲਾਫ਼ ਦੋ ਮੁਕੱਦਮੇ ਦਰਜ਼ ਹਨ। ਲਖਨਦੀਪ ਸਿੰਘ ਵੀ ਅਪਰਾਧੀ ਕਿਸਮ ਦਾ ਹੈ, ਜਿਸ ਨੂੰ ਬਾਰਡਰ ਰੇਂਜ ਦੇ ਕਈ ਕੇਸਾਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਹੈ। ਲਖਨਪਾਲ ਸਿੰਕਦਰ ਕੋਲ ਆਇਆ ਹੋਇਆ ਸੀ, ਜਿਨ੍ਹਾਂ ਵੱਲੋਂ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਟੀਮ ਦੇ ਸਨਮਾਨ ਲਈ ਕਰਾਂਗਾ ਸਿਫਾਰਸ : ਆਈ.ਜੀ. ਰਾਏ
ਆਈ.ਜੀ. ਏ.ਐਸ.ਰਾਏ. ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਪੂਰੀ ਪੁਲਿਸ ਟੀਮ ਵੱਲੋਂ ਸਖਤ ਮਿਹਨਤ ਕੀਤੀ ਗਈ ਹੈ ਅਤੇ ਇੱਕ ਅਪਰਾਧੀ ਦਾ ਸੀਸੀਟੀਵੀ ਫਟੇਜ ਵੀ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਅੰਨੇ ਕਤਲਾਂ ਨੂੰ ਸੁਲਝਾਉਣ ਸਬੰਧੀ ਉਹ ਡੀਜੀਪੀ ਨੂੰ ਪੂਰੀ ਟੀਮ ਦੇ ਸਨਮਾਨ ਲਈ ਲਿਖ ਕੇ ਭੇਜਣਗੇ ਅਤੇ ਬਕਾਇਦਾ ਉਨ੍ਹਾਂ ਦੀ ਡੀਜੀਪੀ ਨਾਲ ਗੱਲ ਵੀ ਹੋਈ ਹੈ।