3-0 ਨਾਲ ਜਿੱਤਿਆ ਮੈਚ
ਨਿਜਨੀ ਨੋਵਗੋਰੋਦ, (ਏਜੰਸੀ)। ਕ੍ਰੇਏਸ਼ੀਆ ਨੇ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਦੂਜੇ ਹਾਫ ‘ਚ ਤਿੰਨ ਗੋਲ ਕਰਦਿਆਂ ਪਿਛਲੀ ਉਪ ਜੇਤੂ ਅਰਜਨਟੀਨਾ ਨੂੰ ਵੀਰਵਾਰ ਨੂੰ 3-0 ਨਾਲ ਹਰਾਉਂਦੇ ਹੋਏ ਗਰੁੱਪ ਡੀ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਦੌਰ ‘ਚ ਆਪਣਾ ਸਥਾਨ ਪੱਕਾ ਕਰ ਲਿਆ।ਅਰਜਨਟੀਨਾ ਨੇ ਵਿਸ਼ਵ ਕੱਪ ‘ਚ ਪਹਿਲੀ ਵਾਰ ਖੇਡ ਰਹੇ ਆਈਸਲੈਂਡ ਨਾਲ ਨਿਰਾਸ਼ਾਜਨਕ 1-1 ਦਾ ਡਰਾਅ ਖੇਡਿਆ ਸੀ ਅਤੇ ਇਸ ਮੈਚ ਵਿੱਚ ਉਸ ਦਾ ਪ੍ਰਦਰਸ਼ਨ ਹੋਰ ਵੀ ਖਰਾਬ ਰਿਹਾ। ਨਾ ਸਿਰਫ਼ ਅਰਜਨਟੀਨਾ ਸਗੋਂ ਉਸ ਦੇ ਸਟਾਰ ਫੁੱਟਬਾਲਰ ਅਤੇ ਕਪਤਾਨ ਲਿਓਨਲ ਮੈਸੀ ਦਾ ਪ੍ਰਦਰਸ਼ਨ ਆਪਣੀ ਪ੍ਰਸਿੱਧੀ ਤੋਂ ਕੋਹਾਂ ਦੂਰ ਸੀ।
ਬਾਰਸੀਲੋਨਾ ਫਾਰਵਰਡ ਮੈਸੀ ਨੇ ਆਈਸਲੈਂਡ ਖਿਲਾਫ਼ ਪੈਨਲਟੀ ਖੁੰਝੀ ਸੀ ਅਤੇ ਇੱਥੇ ਉਹ ਆਪਣੀ ਟੀਮ ਲਈ ਕੋਈ ਮੌਕਾ ਨਹੀਂ ਬਣਾ ਸਕੇ। ਕ੍ਰੋਏਸ਼ੀਆ ਟੀਮ ਨੇ ਨਾਈਜੀਰੀਆ ‘ਤੇ 2-0 ਨਾਲ ਆਸਾਨ ਜਿੱਤ ਨਾਲ ਜੇਤੂ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਸ ਨੇ ਅਰਜਨਟੀਨਾ ਨੂੰ 3-0 ਨਾਲ ਹਰਾ ਦਿੱਤਾ। ਕ੍ਰੋਏਸ਼ੀਆ ਦੇ ਹੁਣ ਛੇ ਅੰਕ ਹੋ ਗਏ ਹਨ ਅਤੇ ਉਸ ਦਾ ਅਗਲੇ ਦੌਰ ‘ਚ ਸਥਾਨ ਪੱਕਾ ਹੋ ਚੁੱਕਾ ਹੈ।