ਭਾਜਪਾ ਅਤੇ ਪੀਡੀਪੀ ਗਠਜੋੜ ਦਾ ਟੁੱਟਣਾ ਕੋਈ ਅਸੁਭਾਵਿਕ ਸਿਆਸੀ ਘਟਨਾ ਨਹੀਂ ਹੈ। ਭਾਜਪਾ ਅਤੇ ਪੀਡੀਪੀ ਦੇ ਗਠਜੋੜ ਦਾ ਟੁੱਟਣਾ ਤਾਂ ਯਕੀਨੀ ਸੀ। ਯਕੀਨੀ ਤੌਰ ‘ਤੇ ਪੀਡੀਪੀ ਦੇ ਨਾਲ ਗਠਜੋੜ ਦੀ ਸਿਆਸਤ ਭਾਜਪਾ ਲਈ ਮਾੜੇ ਸੁਫ਼ਨੇ ਵਾਂਗ ਸਾਬਤ ਹੋਈ ਹੈ ਅਤੇ ਖਾਸਕਰ ਮਹਿਬੂਬਾ ਸਈਦ ਦੇ ਭਾਰਤ ਵਿਰੋਧੀ ਬਿਆਨਾਂ ਦੇ ਬਚਾਅ ਵਿੱਚ ਭਾਜਪਾ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਸੀ। ਭਾਜਪਾ ਦੀ ਇਹ ਸੋਚ ਪੂਰੀ ਤਰ੍ਹਾਂ ਕਮਜ਼ੋਰ ਸਾਬਤ ਹੋਈ ਕਿ ਪੀਡੀਪੀ ਦੇ ਨਾਲ ਗਠਜੋੜ ਕਰਕੇ ਇੱਕ ਮਜਬੂਤ ਅਤੇ ਟਿਕਾਊ ਸਰਕਾਰ ਦੇ ਕੇ ਕਸ਼ਮੀਰ ਵਿੱਚ ਪਾਰਟੀ ਦਾ ਜਨਾਧਾਰ ਵਿਕਸਿਤ ਕੀਤਾ ਜਾਵੇ ਅਤੇ ਖਾਸਕਰ ਪਾਕਿਸਤਾਨ ਨੂੰ ਇੱਕ ਕਰਾਰਾ ਜ਼ਵਾਬ ਦਿੱਤਾ ਜਾਵੇ।
ਦੁਨੀਆ ਵਿੱਚ ਇਹ ਸਥਾਪਤ ਕੀਤਾ ਜਾਵੇ ਕਿ ਕਸ਼ਮੀਰ ਵਿੱਚ ਮਜ਼ਬੂਤ ਲੋਕਤੰਤਰ ਕਾਇਮ ਹੈ, ਸਾਡਾ ਲੋਕਤੰਤਰ ਜਨ ਉਮੀਦਾਂ ਨੂੰ ਆਧਾਰ ਦੇਣ ਲਈ ਕਾਮਯਾਬ ਹੈ। ਇਹ ਸਹੀ ਹੈ ਕਿ ਦੁਨੀਆ ਨੂੰ ਇਹ ਅਹਿਸਾਸ ਦਵਾਇਆ ਗਿਆ ਕਿ ਪਾਕਿਸਤਾਨ ਪਾਲੇ ਅੱਤਵਾਦ ਅਤੇ ਅੱਤਵਾਦ ਦੀ ਹਿੰਸਾਂ ਦੇ ਬਾਵਜੂਦ ਅਸੀਂ ਮਨੁੱਖੀ ਅਧਿਕਾਰ ਨੂੰ ਸਰਵਸ੍ਰੇਸ਼ਠ ਪਹਿਲ ਵਿਚ ਸ਼ਾਮਲ ਕਰ ਰੱਖਿਆ ਹੈ ਪਰ ਅੰਦਰੂਨੀ ਤੌਰ ‘ਤੇ ਇਹ ਗਠਜੋੜ ਉਮੀਦਾਂ ‘ਤੇ ਖਰਾ ਨਹੀਂ ਉੱਤਰ ਰਿਹਾ ਸੀ, ਪੀਡੀਪੀ ਅਤੇ ਮਹਿਬੂਬਾ ਮੁਫਤੀ ਤਾਂ ਆਪਣੀ ਛਵੀ ਚਮਕਾਉਣ ਵਿੱਚ ਲੱਗੀ ਹੋਈ ਸੀ, ਸਮੇਂ- ਸਮੇਂ ‘ਤੇ ਉਸਦੇ ਵਿਧਾਇਕਾਂ ਅਤੇ ਪਾਰਟੀ ਆਗੂਆਂ ਦੇ ਰਾਸ਼ਟਰ ਵਿਰੋਧੀ ਬੋਲ ਸਨਸਨੀ ਪੈਦਾ ਕਰਦੇ ਸਨ ਅਤੇ ਭਾਜਪਾ ਦੇ ਜਨਾਧਾਰ ਨੂੰ ਲਲਕਾਰ ਕੇ ਉਸਨੂੰ ਕਮਜ਼ੋਰ ਵੀ ਕਰਦੇ ਸਨ।
ਮਹਿਬੂਬਾ ਮੁਫਤੀ ਦੀ ਪਹਿਲ ਅੱਤਵਾਦ ਨੂੰ ਰੋਕਣ ਦੀ ਕਦੇ ਵੀ ਨਹੀਂ ਸੀ, ਕਸ਼ਮੀਰ ਵਿੱਚ ਅੱਤਵਾਦ ‘ਤੇ ਕਾਬੂ ਪਾਉਣ ਦਾ ਕੰਮ ਕਰਨ ਦਾ ਮਤਲਬ, ਆਪਣੇ ਜਨਾਧਾਰ ‘ਚ ਅੱਗ ਲਾਉਣ ਵਰਗਾ ਹੈ, ਕਸ਼ਮੀਰ ਵਿੱਚ ਜੋ ਪਾਰਟੀ ਜਿੰਨੀਆਂ ਦੇਸ਼ ਨੂੰ ਗਾਲ੍ਹਾਂ ਦੇਵੇਗੀ ਅਤੇ ਜਿੰਨਾ ਪਾਕਿਸਤਾਨ ਦੇ ਪੱਖ ਵਿੱਚ ਭੁਗਤੇਗੀ ਉਹ ਉਨੀ ਹੀ ਜਨਾਧਾਰ ਵਿਕਸਿਤ ਕਰਦੀ ਹੈ। ਇਸ ਲਈ ਕਦੇ ਪੀਡੀਪੀ ਤੇ ਕਦੇ ਨੈਸ਼ਨਲ ਕਾਨਫਰੰਸ ਭਾਰਤ ਦੀ ਏਕਤਾ ਅਤੇ ਅਖੰਡਤਾ ਵਿਰੋਧੀ ਬਿਆਨ ਦੇ ਕੇ ਸਨਸਨੀ ਫੈਲਾਉਂਦੀਆਂ ਹਨ।
ਹੁਣ ਇੱਥੇ ਸਵਾਲ ਉੱਠਦਾ ਹੈ ਕਿ ਅਚਾਨਕ ਗਠਜੋੜ ਤੋੜਨ ਲਈ ਭਾਜਪਾ ਤਿਆਰ ਕਿਉਂ ਹੋਈ? ਕੀ ਮੁਫਤੀ ਮਹਿਬੂਬਾ ਸਈਦ ਮਨਮਰਜ਼ੀ ‘ਤੇ ਉੱਤਰ ਆਈ ਸੀ? ਕੀ ਮੁਫਤੀ ਮੁਹੰਮਦ ਸਈਦ ਭਾਜਪਾ ਦੀਆਂ ਸਾਰੀਆਂ ਗੱਲਾਂ ਅਤੇ ਭਾਜਪਾ ਦੀਆਂ ਸਾਰੀਆਂ ਨੀਤੀਆਂ ਨੂੰ ਅਨਸੁਣਿਆ ਕਰਦੀ ਸੀ? ਕੀ ਮੁਫਤੀ ਮਹਿਬੂਬਾ ਅੱਤਵਾਦ ਨੂੰ ਹੱਲਾਸ਼ੇਰੀ ਦੇ ਰਹੀ ਸੀ? ਰਮਜ਼ਾਨ ਦੌਰਾਨ ਇੱਕਤਰਫਾ ਜੰਗਬੰਦੀ ਲਈ ਮੁਫਤੀ ਮੁਹੰਮਦ ਸਈਦ ਨੇ ਵਿਸ਼ੇਸ਼ ਦਬਾਅ ਬਣਾਇਆ? ਕਾਂਗਰਸ ਖੁਦ ਨੂੰ ਇਸ ਸੰਕਟ ਦੀ ਕਸੌਟੀ ‘ਤੇ ਕਿਸ ਤਰ੍ਹਾਂ ਸੰਤੁਲਿਤ ਕਰੇਗੀ? ਰਾਸ਼ਟਰਪਤੀ ਰਾਜ ਦੌਰਾਨ ਭਾਜਪਾ ਆਪਣੇ ਜਮੀਂਦੋਜ ਹੋਏ ਵਿਚਾਰ ਅਤੇ ਜਨਾਧਾਰ ਨੂੰ ਕਿਸ ਤਰ੍ਹਾਂਵਾਪਸ ਲਿਆਵੇਗੀ?
ਅੱਤਵਾਦੀ ਸੰਗਠਨ ਇਸ ਸਿਆਸੀ ਪ੍ਰਸਥਿਤੀ ਵਿੱਚ ਕਿਸ ਤਰ੍ਹਾਂ ਹਿੰਸਕ ਸਿਆਸਤ ਨੂੰ ਅੰਜਾਮ ਦੇਣਗੇ, ਕੀ ਅੱਤਵਾਦੀ ਹਿੰਸਾ ਕਮਜ਼ੋਰ ਹੋਵੇਗੀ? ਸਭ ਤੋਂ ਵੱਡੀ ਗੱਲ ਪਾਕਿਸਤਾਨ ਦੀ ਹੈ, ਪਾਕਿਸਤਾਨ ਆਪਣੀ ਅੱਤਵਾਦੀ ਮਾਨਸਿਕਤਾ ਦਾ ਕਿਸ ਤਰ੍ਹਾਂ ਵਿਸਫੋਟ ਕਰਦਾ ਹੈ? ਪਾਕਿਸਤਾਨ ਕੂੜਪ੍ਰਚਾਰ ਦੀ ਸਿਆਸੀ ਖੇਡ ਖੇਡ ਸਕਦਾ ਹੈ, ਜਿਸਦਾ ਮੁਕਾਬਲਾ ਭਾਰਤ ਸਰਕਾਰ ਨੂੰ ਕਰਨਾ ਪਏਗਾ।
ਇਹ ਸਿੱਧੇ ਤੌਰ ‘ਤੇ ਭਾਜਪਾ ਦੀ ਨਾਕਾਮੀ ਹੈ, ਭਾਜਪਾ ਦੀ ਸਿਆਸੀ ਸੋਚ ਦੀ ਨਾਕਾਮੀ ਹੈ। ਗਠਜੋੜ ਦੇ ਕਿਸੇ ਚੰਗੇ ਨਤੀਜੇ ਦੀ ਉਮੀਦ ਸੀ ਵੀ ਨਹੀਂ। ਉਮੀਦ ਕਿਉਂ ਨਹੀਂ ਸੀ? ਉਮੀਦ ਇਸ ਲਈ ਨਹੀਂ ਸੀ ਕਿ ਦੋਵਾਂ ਦੇ ਵਿਚਾਰ ਅਤੇ ਚਰਿੱਤਰ ਵਿੱਚ ਕੋਈ ਦੂਰ-ਦੂਰ ਤੱਕ ਸਮਾਨਤਾ ਨਹੀਂ ਸੀ। ਪੀਡੀਪੀ ਦੀ ਸੋਚ ਜਿੱਥੇ ਵੱਖਵਾਦ ਦੇ ਪ੍ਰਤੀ ਨਰਮ ਸੀ, ਉੱਥੇ ਹੀ ਅੱਤਵਾਦ ਵਿਰੋਧੀ ਹੈ, ਧਾਰਾ 370 ਵਿਰੋਧੀ ਹੈ, ਸਮਾਨ ਨਾਗਰਿਕ ਜਾਬਤੇ ਦੀ ਪੱਖਪਾਤੀ ਹੈ । ਅਜਿਹੇ ਦੋ ਧਰੁਵ ‘ਤੇ ਕੇਂਦਰਤ ਪਾਰਟੀਆਂ ਵਿੱਚ ਗਠਜੋੜ ਮਧੁਰ ਕਿਵੇਂ ਹੋ ਸਕਦਾ ਹੈ? ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਜਪਾ ਨੇ ਗਲਤ ਸੋਚ ਵਿਕਸਿਤ ਕਰ ਲਈ ਸੀ।
ਭਾਜਪਾ ਨੂੰ ਸੁਨਹਿਰੀ ਸਫਲਤਾ ਜੋ ਮਿਲੀ ਸੀ ਉਹ ਸੁਨਹਿਰੀ ਸਫਲਤਾ ਪੀਡੀਪੀ ਦੇ ਨਾਲ ਗਠਜੋੜ ਕਰਨ ਲਈ ਨਹੀਂ ਮਿਲੀ ਸੀ, ਭਾਜਪਾ ਨੂੰ ਸੁਨਹਿਰੀ ਸਫਲਤਾ ਪੀਡੀਪੀ ਦੀ ਅੱਤਵਾਦ ਸਮੱਰਥਕ ਨੀਤੀ ਨੂੰ ਜਮੀਂਦੋਜ ਕਰਨ ਲਈ ਮਿਲੀ ਸੀ, ਨੈਸ਼ਨਲ ਕਾਨਫਰੰਸ ਦੀ ਵਿਗੜੇ ਬੋਲਾਂ ਨੂੰ ਜਮੀਂਦੋਜ ਕਰਨ ਲਈ ਮਿਲੀ ਸੀ, ਅੱਤਵਾਦੀਆਂ ਨੂੰ ਸਬਕ ਸਿਖਾਉਣ ਲਈ ਮਿਲੀ ਸੀ, ਪਾਕਿਸਤਾਨ ਨੂੰ ਜਿਵੇਂ ਨੂੰ ਤਿਵੇਂ ਸਥਿਤੀ ਵਿੱਚ ਜਵਾਬ ਦੇਣ ਲਈ ਮਿਲੀ ਸੀ। ਰਮਜ਼ਾਨ ਮੌਕੇ ਇੱਕਤਰਫਾ ਜੰਗਬੰਦੀ ਦਾ ਡਰਾਮਾ ਭਾਜਪਾ ਲਈ ਭਾਰੀ ਪੈ ਗਿਆ , ਅੱਤਵਾਦੀਆਂ ਨੇ ਆਪਣੀ ਸ਼ਕਤੀ ਵਧਾਈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਛਵੀ ਅਤੇ ਉਨ੍ਹਾਂ ਦੇ ਪਰਾਕ੍ਰਮ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੋਇਆ ਸੀ। ਨਰਿੰਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਨਹੀਂ ਸਨ ਅਤੇ ਪ੍ਰਧਾਨ ਮੰਤਰੀ ਅਹੁਦੇ ਲਈ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਨੇ ਪ੍ਰਸਤਾਵਿਤ ਕੀਤਾ ਸੀ।
ਇਹ ਵੀ ਪੜ੍ਹੋ : ਹਰਿਆਣਾ ਦੇ ਹਸਪਤਾਲਾਂ ਲਈ ਮੰਤਰੀ ਅਨਿਲ ਵਿੱਜ ਦਾ ਨਵਾਂ ਹੁਕਮ ਜਾਰੀ
ਤਦ ਉਨ੍ਹਾਂ ਦੀ ਧਾਰਨਾ ਕੀ ਸੀ, ਉਨ੍ਹਾਂ ਦੇ ਤੇਵਰ ਕੀ ਸਨ, ਉਹ ਪਾਕਿਸਤਾਨ ਅਤੇ ਅੱਤਵਾਦੀਆਂ ਦੇ ਖਿਲਾਫ ਕਿਸ ਤਰ੍ਹਾਂ ਗੱਜਦੇ ਸਨ। ਉਹ ਕਹਿੰਦੇ ਸਨ ਕਿ ਅੱਤਵਾਦੀਆਂ ਅਤੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਦੇਸ਼ ਨੂੰ 56 ਇੰਚ ਦਾ ਸੀਨਾ ਚਾਹੀਦਾ ਹੈ, ਮਨਮੋਹਨ ਸਿੰਘ ਕੋਲ 56 ਇੰਚ ਦਾ ਸੀਨਾ ਨਹੀਂ ਹੈ । ਨਰਿੰਦਰ ਮੋਦੀ ਇਹ ਵੀ ਕਹਿੰਦੇ ਸਨ ਕਿ ਜਦੋਂ ਉਹ ਸੱਤਾ ਵਿੱਚ ਆਉਣਗੇ ਤਦ ਅੱਤਵਾਦੀਆਂ ਅਤੇ ਪਾਕਿਸਤਾਨ ਨੂੰ ਸਬਕ ਸਿਖਾਉਣਗੇ ਅਤੇ ਪਾਕਿਸਤਾਨ ਭਾਰਤ ਵੱਲ ਮੂੰਹ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ । ਨਰਿੰਦਰ ਮੋਦੀ ਸੱਤਾ ਵਿੱਚ ਆਏ, ਪ੍ਰਧਾਨਮੰਤਰੀ ਦੀ ਕੁਰਸੀ ਉਨ੍ਹਾਂ ਨੂੰ ਮਿਲ ਗਈ। ਪਰ ਉਨ੍ਹਾਂ ਦਾ 56 ਇੰਚ ਦਾ ਸੀਨਾ ਕਦੇ ਦਿਸਿਆ ਨਹੀਂ। ਅੱਤਵਾਦੀਆਂ ਨੂੰ ਜਵਾਬ ਦੇਣ ਵਿੱਚ ਉਨ੍ਹਾਂ ਦੀ ਬਹਾਦਰੀ ਕਿਤੇ ਝਲਕੀ ਨਹੀਂ।
ਪਾਕਿਸਤਾਨ ਪਹਿਲਾਂ ਤੋਂ ਵੀ ਹਿੰਸਕ ਅਤੇ ਬੇਖੌਫ਼ ਹੋ ਗਿਆ । ਪਾਕਿਸਤਾਨ ਨੇ ਅੱਤਵਾਦੀਆਂ ਨੂੰ ਕਾਬੂ ਕਰਨ, ਆਈਐਸਆਈ ਨੂੰ ਕਾਬੂ ਕਰਨ ਦੀ ਜ਼ਿੰਮੇਦਾਰੀ ਨਹੀਂ ਵਿਖਾਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨਰਿੰਦਰ ਮੋਦੀ ਬਿਨਾਂ ਸੱਦੇ ਪਾਕਿਸਤਾਨ ਚਲੇ ਗਏ। ਨਵਾਜ ਸ਼ਰੀਫ ਦੀ ਦਾਵਤ ਖਾਣ ਨਾਲ ਉਨ੍ਹਾਂ ਦੀ ਛਵੀ ਖ਼ਰਾਬ ਹੋਈ। ਜਨਤਾ ਵਿੱਚ ਸੁਨੇਹਾ ਗਿਆ ਕਿ ਨਰਿੰਦਰ ਮੋਦੀ ਵੀ ਕਾਂਗਰਸ ਦੀ ਭੂਮਿਕਾ ਵਿੱਚ ਕੈਦ ਹੋ ਗਏ ਹਨ, ਕਸ਼ਮੀਰ ਅਤੇ ਪਾਕਿਸਤਾਨ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਮੋਦੀ ਕੋਲ ਵੀ ਕੋਈ ਬਹਾਦਰੀਪੂਰਨ ਆਤਮਬਲ ਨਹੀਂ ਹੈ। ਇਤਿਹਾਸ ਵੀ ਇਹੀ ਕਹਿੰਦਾ ਹੈ ਕਿ ਜਦੋਂ-ਜਦੋਂ ਭਾਰਤ ਨੇ ਪਾਕਿਸਤਾਨ ਨਾਲ ਉਦਾਰਤਾ ਵਿਖਾਈ ਹੈ, ਓਦੋਂ-ਓਦੋਂ ਭਾਰਤ ਦੀ ਪਿੱਠ ਵਿੱਚ ਪਾਕਿਸਤਾਨ ਨੇ ਛੂਰਾ ਮਾਰਿਆ ਹੈ। ਪਾਕਿਸਤਾਨ ਕੋਈ ਗੱਲ-ਬਾਤ ਨਹੀਂ ਸਗੋਂ ਸ਼ਕਤੀ ਅਤੇ ਹਿੰਸਾ ਦੀ ਭਾਸ਼ਾ ਹੀ ਸਮਝਦਾ ਹੈ।
ਭਾਜਪਾ ਗਠਜੋੜ ਨਾ ਤੋੜਦੀ ਤਾਂ ਫਿਰ ਭਾਜਪਾ ਨੂੰ ਕਿੰਨਾ ਨੁਕਸਾਨ ਹੁੰਦਾ? ਭਾਜਪਾ ਜੇਕਰ ਗਠਜੋੜ ਨਾ ਤੋੜਦੀ ਤਾਂ ਫਿਰ ਭਾਜਪਾ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ, ਜੰਮੂ-ਕਸ਼ਮੀਰ ਵਿੱਚ ਅੱਤਵਾਦ ਦੀਆਂ ਰੋਜ਼ਾਨਾ ਵਧਦੀਆਂ ਘਟਨਾਵਾਂ ਨਾਲ ਦੇਸ਼ ਭਰ ਵਿੱਚ ਗੁੱਸਾ ਸੀ। ਵਿਰੋਧੀ ਵਿਚਾਰਧਾਰਾ ਵਾਲੇ ਲੋਕ ਮੋਦੀ ‘ਤੇ ਤਾਂ ਅੱਤਵਾਦ ਦੇ ਸਾਹਮਣੇ ਗੋਡਣੀ ਲਾਉਣ ਅਤੇ ਪਾਕਿਸਤਾਨ ਦੇ ਸਾਹਮਣੇ ਸਮੱਰਪਣ ਕਰਨ ਦੇ ਇਲਜ਼ਾਮ ਤਾਂ ਲਾਉਂਦੇ ਹੀ ਸਨ ਪਰ ਰਾਸ਼ਟਰਵਾਦੀ ਖੇਮਾ, ਜੋ ਨਰਿੰਦਰ ਮੋਦੀ ਅਤੇ ਭਾਜਪਾ ਦੀ ਸ਼ਕਤੀ ਦੇ ਕੇਂਦਰ ਵਿੱਚ ਹੈ, ਵੀ ਘੱਟ ਗੁੱਸੇ ਵਿਚ ਨਹੀਂ ਸੀ।
ਰਾਸ਼ਟਰਵਾਦੀ ਖੇਮੇ ਦਾ ਗੁੱਸਾ ਹੀ ਭਾਜਪਾ ਲਈ ਚਿੰਤਾ ਦੀ ਗੱਲ ਸੀ। ਸਭ ਤੋਂ ਵੱਡੀ ਭੂਮਿਕਾ ਜੰਮੂ ਜੋਨ ਨੇ ਨਿਭਾਈ ਹੈ। ਜੰਮੂ ਜੋਨ ਹੀ ਭਾਜਪਾ ਦੀ ਸ਼ਕਤੀ ਦੇ ਕੇਂਦਰ ਵਿੱਚ ਹੈ। ਭਾਜਪਾ ਨੂੰ ਸੁਨਹਿਰੀ ਸਫਲਤਾ ਜੰਮੂ ਜੋਨ ਦੀ ਹੀ ਦੇਣ ਹੈ । ਭਾਜਪਾ ਦੀਆਂ ਸਾਰੀਆਂ ਸੀਟਾਂ ਜੰਮੂ ਜੋਨ ਤੋਂ ਮਿਲੀਆਂ ਹੋਈਆਂ ਹਨ ਲੋਕ ਸਭਾ ਦੀ ਛੇ ‘ਚੋਂ ਜੋ ਤਿੰਨ ਸੀਟਾਂ ਭਾਜਪਾ ਨੂੰ ਮਿਲੀਆਂ ਸਨ ਉਹ ਤਿੰਨੇ ਸੀਟਾਂ ਜੰਮੂ ਜੋਨ ਦੀਆਂ ਹਨ। ਜੇਕਰ ਭਾਜਪਾ ਤੇ ਪੀਡੀਪੀ ਦਾ ਗਠਜੋੜ ਖ਼ਤਮ ਨਹੀਂ ਹੁੰਦਾ ਤਾਂ ਫਿਰ ਜੰਮੂ ਜੋਨ ਦੀ ਸਿਆਸੀ ਸ਼ਕਤੀ ਭਾਜਪਾ ਤੋਂ ਦੂਰ ਹੋ ਜਾਂਦੀ। ਰਾਸ਼ਟਰਪਤੀ ਰਾਜ ਦੌਰਾਨ ਅੱਤਵਾਦ ਅਤੇ ਪਾਕਿਸਤਾਨ ਪ੍ਰਸਤ ਸਿਆਸਤ ਦੇ ਖੰਭ ਪੁੱਟਣੇ ਹੋਣਗੇ, ਪਾਕਿਸਤਾਨ ਦੀ ਅੱਤਵਾਦੀ ਮਾਨਸਿਕਤਾ ਦਾ ਵੀ ਫੌਜੀ ਹੱਲ ਲੱਭਣਾ ਹੋਵੇਗਾ, ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਭਾਜਪਾ ਅਤੇ ਮੋਦੀ ਨੂੰ ਹੋਰ ਵੀ ਨੁਕਸਾਨ ਹੋਵੇਗਾ।