ਸਕੂਲੀ ਸਿੱਖਿਆ ਬਨਾਮ ਸਾਡਾ ਅਮੀਰ ਸੱਭਿਆਚਾਰ

ਹਾਲ ਹੀ ਵਿੱਚ ਰਾਜਸਥਾਨ ਦੇ ਅਖ਼ਬਾਰਾਂ ਵਿੱਚ ਇੱਕ ਖ਼ਬਰ ਪੜ੍ਹਨ ਨੂੰ ਮਿਲੀ ਕਿ ਰਾਜਸਥਾਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੇ ਸਿੱਖਿਆ ਸੈਸ਼ਨ ਵਿੱਚ ਰਾਜਸਥਾਨ ਸਿੱਖਿਆ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਹਰ ਸ਼ਨੀਵਾਰ ਨੂੰ ਸਮਾਜਿਕ ਸਰੋਕਾਰ ਨਾਲ ਜੁੜੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ਮਾਧਮਿਕ ਸਿੱਖਿਆ ਡਾਇਰੈਕਟਰ ਨੇ ਵੇਰਵਾ ਜਾਰੀ ਕੀਤਾ ਹੈ।  ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਪਹਿਲੇ ਸ਼ਨੀਵਾਰ ਨੂੰ ਕਿਸੇ ਮਹਾਂਪੁਰਖ ਦੇ ਜੀਵਨ ਨਾਲ ਸਬੰਧਿਤ ਪ੍ਰੇਰਕ ਜਾਣਕਾਰੀ ਦਿੱਤੀ ਜਾਵੇਗੀ।  ਦੂਜੇ ਸ਼ਨੀਵਾਰ ਨੂੰ ਦਾਦੀ, ਨਾਨੀ ਨਾਲ ਜੁੜੀਆਂ ਪ੍ਰੇਰਕ ਕਹਾਣੀਆਂ ਸੁਣਾਈਆਂ ਜਾਣਗੀਆਂ। ਮਹੀਨੇ ਦੇ ਤੀਸਰੇ ਸ਼ਨੀਵਾਰ ਨੂੰ ਸੰਤ, ਮਹਾਤਮਾਵਾਂ, ਧਰਮਗੁਰੂਆਂ ਦੇ ਪ੍ਰਵਚਨ ਕਰਵਾਏ ਜਾਣਗੇ। ਚੌਥੇ ਸ਼ਨੀਵਾਰ ਨੂੰ ਮਹਾਂਕਾਵਾਂ ‘ਤੇ ਸਵਾਲ-ਜਵਾਬ ਮੁਕਾਬਲਾ ਹੋਵੇਗਾ। ਪੰਜਵੇਂ ਸ਼ਨੀਵਾਰ ਨੂੰ ਪ੍ਰੇਰਕ ਨਾਟਕਾਂ ਦਾ ਮੰਚਨ ਅਤੇ ਰਾਸ਼ਟਰ ਭਗਤੀ ਗੀਤ ਗਾਏ ਜਾਣਗੇ।

ਸਿੱਖਿਆ ਵਿਭਾਗ ਵੱਲੋਂ ਉਕਤ ਹੁਕਮ ਜਾਰੀ ਹੁੰਦਿਆਂ ਹੀ ਕਈ ਸਿੱਖਿਆ ਸੰਗਠਨਾਂ ਨੇ ਸਰਕਾਰ ਦੇ ਇਸ ਹੁਕਮ ਦਾ ਇਹ ਕਹਿ ਕਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਇਸ ਨਾਲ ਸਿੱਖਿਆ ਦਾ ਭਗਵਾਕਰਨ ਹੋਵੇਗਾ। ਮੇਰੀ ਨਜ਼ਰ ਵਿੱਚ ਸਰਕਾਰ ਦਾ ਇਹ ਇੱਕ ਚੰਗਾ ਕਦਮ ਹੈ । ਅਜੋਕੇ ਦੌਰ ਵਿੱਚ ਵਿਦਿਆਰਥੀ ਦਰਜਨਾਂ ਕਿਤਾਬਾਂ ਅਤੇ ਕਾਪੀਆਂ ਨਾਲ ਭਰੇ ਭਾਰੀ ਬਸਤਿਆਂ ਦਾ ਬੋਝ ਚੁੱਕੀ ਮਾਨਸਿਕ ਰੂਪ ਨਾਲ ਇੰਨੇ ਦਬ ਚੁੱਕੇ ਹਨ ਕਿ ਉਨ੍ਹਾਂ ਨੂੰ  ਸਮਾਜਿਕ ਗਤੀਵਿਧੀਆਂ ਦਾ ਗਿਆਨ ਹੀ ਨਹੀਂ ਰਹਿੰਦਾ ਹੈ।

ਵਿਦਿਆਰਥੀ ਦਿਨ ਭਰ ਆਪਣੀ ਪੜ੍ਹਾਈ ਦੀ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ। ਅੱਜ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਵਿੱਚ 500 ‘ਚੋਂ 499 ਅੰਕ ਪ੍ਰਾਪਤ ਕਰਨ ਲੱਗਾ ਹੈ। ਪਿਛਲੇ ਸਮਿਆਂ ਵਿਚ ਫਸਟ ਡਵੀਜ਼ਨ ਵਿਚ ਪਾਸ ਹੋਣ ਵਾਲਾ ਵਿਦਿਆਰਥੀ ਸ੍ਰੇਸ਼ਠ ਮੰਨਿਆ ਜਾਂਦਾ ਸੀ ਵਿਦਿਆਰਥੀਆਂ ਦੇ 70-75 ਪ੍ਰਤੀਸ਼ਤ ਅੰਕ ਆਉਣਾ ਤਾਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ ਅਜਿਹੇ ਵਿਚ ਅੱਜ ਦੇ ਸਮੇਂ ਵਿਚ ਵਿਦਿਆਰਥੀਆਂ ਵਿਚ ਪੜ੍ਹਾਈ ਨੂੰ ਲੈ ਕੇ ਭਾਰੀ ਮੁਕਾਬਲਾ ਚੱਲ ਰਿਹਾ ਹੈ।

ਅੱਜ ਹਰ ਬੱਚੇ ਦੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਕਲਾਸ ਵਿੱਚ ਸਭ ਤੋਂ ਜਿਆਦਾ ਅੰਕ ਲਿਆਵੇ । ਬੱਚੇ ਵੀ ਮਾਪਿਆਂ ਦੇ ਦਬਾਅ ਵਿੱਚ ਦਿਨ ਭਰ ਕਿਤਾਬਾਂ ਵਿੱਚ ਖੁਭੇ ਰਹਿਣ ਲੱਗੇ ਹਨ। ਅਜਿਹੇ ਵਿੱਚ ਬੱਚਿਆਂ ਦੀ ਪੂਰੀ ਦੁਨੀਆ ਕਿਤਾਬਾਂ  ਵਾਲੇ ਬਸਤਿਆਂ ਅਤੇ ਸਕੂਲ ਤੱਕ ਹੀ ਸਿਮਟ ਕੇ ਰਹਿ ਗਈ ਹੈ । ਅੱਜ ਬੱਚੇ ਨੂੰ ਘਰ ਵਿੱਚ ਕੀ ਹੋ ਰਿਹਾ ਹੈ, ਕੀ ਸਮਾਜਿਕ ਰੀਤੀ-ਰਿਵਾਜ਼, ਮਾਨਤਾਵਾਂ ਹਨ ਇਸ ਨਾਲ ਉਨ੍ਹਾਂ ਨੂੰ  ਕੋਈ ਸਰੋਕਾਰ ਨਹੀਂ ਹੈ। ਬੱਚਿਆਂ ਦੀ ਪੂਰੀ ਦੁਨੀਆ ਤਾਂ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਤੱਕ ਹੀ ਸਿਮਟ ਕੇ ਰਹਿ ਗਈ ਹੈ।

ਅਜਿਹੇ ਵਿੱਚ ਰਾਜਸਥਾਨ ਸਰਕਾਰ ਦਾ ਫ਼ੈਸਲਾ ਇੱਕ ਨਵੀਂ ਆਸ ਜਗਾਉਂਦਾ ਹੈ। ਇਸ ਫ਼ੈਸਲੇ ਨਾਲ ਬੱਚਿਆਂ ਨੂੰ ਆਪਣੇ ਸੱਭਿਆਚਾਰ ਨੂੰ, ਆਪਣੇ ਸਥਾਨਕ ਰੀਤੀ-ਰਿਵਾਜ਼ਾਂ ਨੂੰ ਨੇੜਿਓਂ ਜਾਣਨ, ਸਮਝਣ ਦਾ ਮੌਕਾ ਤਾਂ ਮਿਲੇਗਾ ਹੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕੁਝ ਨਵਾਂ ਸਿੱਖਣ ਨੂੰ ਵੀ ਮਿਲੇਗਾ। ਪਹਿਲਿਆਂ ਸਮਿਆਂ ਵਿੱਚ ਛੋਟੇ ਬੱਚੇ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਸਨ ਓਦੋਂ ਅੱਜ ਵਾਂਗ ਸਮਾਰਟ ਫੋਨ ਦਾ ਜ਼ਮਾਨਾ ਨਹੀਂ ਸੀ। ਉਸ ਸਮੇਂ ਸਾਰੇ ਬੱਚੇ ਰਾਤ ਨੂੰ ਸੌਣ ਤੋਂ ਪਹਿਲਾਂ ਘਰ ਦੇ ਵੱਡੇ ਬਜ਼ੁਰਗਾਂ, ਦਾਦੀ, ਨਾਨੀ ਤੋਂ ਕਹਾਣੀਆਂ ਸੁਣਦੇ ਸਨ। ਗਰਮੀ ਦੀਆਂ ਛੁੱਟੀਆਂ ਵਿੱਚ ਬੱਚੇ ਜਦੋਂ ਆਪਣੇ ਨਾਨਕੇ ਜਾਂਦੇ ਸਨ ਤਾਂ ਉਨ੍ਹਾਂ ਨੂੰ ਸਭ ਤੋਂ ਜਿਆਦਾ ਉਤਸੁਕਤਾ ਨਾਨੀ ਤੋਂ ਕਹਾਣੀਆਂ ਸੁਣਨ ਦੀ ਹੁੰਦੀ ਸੀ।  ਨਾਨੀ ਵੀ ਬੱਚਿਆਂ ਨੂੰ ਬੜੇ ਚਾਅ ਨਾਲ ਕਹਾਣੀਆਂ ਸੁਣਾਉਂਦੀ ਸੀ। ਉਸ ਜ਼ਮਾਨੇ ਦੇ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਕਹਾਣੀਆਂ ਯਾਦ ਰਹਿੰਦੀਆਂ ਸਨ, ਜੋ ਰੋਜ਼ਾਨਾ ਬੱਚਿਆਂ ਨੂੰ ਸੌਣ ਤੋਂ ਪਹਿਲਾਂ ਸੁਣਾਇਆ ਕਰਦੇ ਸਨ।

ਸਕੂਲਾਂ ਵਿੱਚ ਮਹਾਂਪੁਰਸ਼ਾਂ ਦੇ ਜੀਵਨ ‘ਤੇ ਚਰਚਾ ਕਰਨਾ, ਪ੍ਰੇਰਕ ਕਹਾਣੀਆਂ ਸੁਣਾਉਣਾ, ਧਰਮਗੁਰੂਆਂ ਦੇ ਪ੍ਰਵਚਨ ਸੁਣਾਉਣਾ,  ਮਹਾਂਕਾਵਾਂ ‘ਤੇ ਸਵਾਲ ਜਵਾਬ ਮੁਕਾਬਲੇ ਕਰਵਾਉਦਾ, ਪ੍ਰੇਰਕ ਨਾਟਕ ਖੇਡਣਾ ਕਦੇ ਵੀ ਗਲਤ ਨਹੀਂ ਹੈ। ਅਸੀਂ ਜਦੋਂ ਸਕੂਲ ਵਿੱਚ ਪੜ੍ਹਦੇ ਸਾਂ ਤਾਂ ਪਿੰਡ ਦੇ ਸਕੂਲ ਵਿੱਚ ਹਰ ਸਾਲ ਦੋ-ਤਿੰਨ ਨਾਟਕ ਖੇਡੇ ਜਾਂਦੇ ਸਨ। ਸਕੂਲ ਵਿੱਚ ਖੇਡੇ ਜਾਣ ਵਾਲੇ ਨਾਟਕਾਂ ਦੇ ਸਾਰੇ ਪਾਤਰ ਸਕੂਲ  ਦੇ ਅਧਿਆਪਕ ਅਤੇ ਵਿਦਿਆਰਥੀ ਨਿਭਾਉਂਦੇ ਸਨ। ਕਈ ਦਿਨ ਪਹਿਲਾਂ ਨਾਟਕ ਦੀ ਰਿਹਰਸਲ ਸ਼ੁਰੂ ਹੋ ਜਾਂਦੀ ਸੀ। ਨਾਟਕ ਦੇਖਣ ਪੂਰਾ ਪਿੰਡ ਪਹੁੰਚਦਾ ਸੀ। ਨਾਟਕ ਦੇ ਜ਼ਰੀਏ ਸਕੂਲ ਨੂੰ ਕੁਝ ਵਾਧੂ ਕਮਾਈ ਹੋ ਜਾਂਦੀ ਸੀ ਜਿਸ ਨਾਲ ਗਰੀਬ ਬੱਚਿਆਂ ਦੀ ਫੀਸ, ਕਿਤਾਬਾਂ, ਕਾਪੀਆਂ ਅਤੇ ਵਰਦੀ ਦਾ ਪ੍ਰਬੰਧ ਕੀਤਾ ਜਾਂਦਾ ਸੀ। ਉਸ ਵਿੱਚੋਂ  ਕੁੱਝ ਪੈਸਾ ਸਕੂਲ  ਦੇ ਕਮਰਿਆਂ ਵਿੱਚ ਕਲੀ ਕਰਨ ‘ਤੇ ਵੀ ਖਰਚ ਕੀਤਾ ਜਾਂਦਾ ਸੀ। ਕਲੀ ਬੱਚੇ ਖੁਦ ਹੀ ਕਰਦੇ ਸਨ।

ਅਜੋਕੇ ਤਕਨੀਕੀ ਯੁੱਗ ਵਿੱਚ ਬੱਚੇ ਆਪਣੇ ਮਹਾਂਪੁਰਸ਼ਾਂ, ਵੱਡਿਆਂ-ਬਜ਼ੁਰਗਾਂ ਨੂੰ ਭੁੱਲਦੇ ਜਾ ਰਹੇ ਹਨ । ਸਕੂਲਾਂ ਵਿੱਚ ਮਹਾਂਪੁਰਸ਼ਾਂ  ਦੇ ਜੀਵਨ ‘ਤੇ ਚਰਚਾ ਕੀਤੀ ਜਾਵੇਗੀ ਤਾਂ ਬੱਚਿਆਂ ਵਿੱਚ ਉਨ੍ਹਾਂ ਬਾਰੇ ਜਾਣਨ ਦੀ ਜਗਿਆਸਾ ਪੈਦਾ ਹੋਵੇਗੀ । ਰਾਜਸਥਾਨ ਦੇ ਝੁੰਝਨੂੰ ਜਿਲ੍ਹੇ ਦੇ ਖੇਤੜੀ ਵਿੱਚ ਸਵਾਮੀ ਵਿਵੇਕਾਨੰਦ ਜੀ ਨੇ ਤਿੰਨ ਵਾਰ ਯਾਤਰਾ ਕੀਤੀ ਸੀ ਅਤੇ ਕਈ ਦਿਨਾਂ ਤੱਕ ਇੱਥੇ ਠਹਿਰੇ ਸਨ । ਉਨ੍ਹਾਂ ਨੂੰ ਭਗਵਾਬਾਣਾ ਅਤੇ ਸਵਾਮੀ ਵਿਵੇਕਾਨੰਦ ਨਾਂਅ ਵੀ ਸ਼ਿਕਾਗੋ ਧਰਮ ਸੰਮੇਲਨ ਵਿੱਚ ਜਾਂਦੇ ਸਮੇਂ ਖੇਤੜੀ ਦੇ ਰਾਜੇ ਅਜੀਤ ਸਿੰਘ ਦੁਆਰਾ ਹੀ ਪ੍ਰਦਾਨ ਕੀਤਾ ਗਿਆ ਸੀ। ਪਰ ਅੱਜ ਇਸ ਗੱਲ ਦਾ ਗਿਆਨ ਕਿੰਨੇ ਵਿਦਿਆਰਥੀਆਂ ਨੂੰ ਹੈ।

ਸਕੂਲਾਂ ਵਿੱਚ ਜਦੋਂ ਮਹਾਂਪੁਰਸ਼ਾਂ ਦੇ ਜੀਵਨ ‘ਤੇ ਚਰਚਾ ਹੋਵੇਗੀ ਓਦੋਂ ਸਵਾਮੀ ਵਿਵੇਕਾਨੰਦ ਜੀ ਦਾ ਪ੍ਰਸੰਗ ਜਰੂਰ ਆਵੇਗਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ  ਬਾਰੇ ਪਤਾ ਲੱਗ ਸਕੇਗਾ। ਇਸ ਤਰ੍ਹਾਂ ਦੀਆਂ ਹੋਰ ਪ੍ਰੇਰਣਾਦਾਇਕ ਗੱਲਾਂ ਤੋਂ ਵਿਦਿਆਰਥੀ ਰੂਬਰੂ ਹੋਣਗੇ। ਸਕੂਲਾਂ ਵਿੱਚ ਧਰਮਗੁਰੂ ਵਿਦਿਆਰਥੀਆਂ ਨੂੰ ਧਰਮ ਨਾਲ ਜੁੜੀ ਸਮਾਜਿਕ ਏਕਤਾ ਦੀਆਂ ਗੱਲਾਂ ਦੱਸਣਗੇ ਤਾਂ ਉਨ੍ਹਾਂ ਦੀ ਸੋਚ ਦਾ ਦਾਇਰਾ ਵਧੇਗਾ। ਧਰਮ ਕੋਈ ਵੀ ਹੋਵੇ ਸਾਰੇ ਧਰਮਾਂ ਵਿੱਚ ਸਮਾਜ ਨੂੰ ਇੱਕਸੂਤਰ ਵਿੱਚ ਪਿਰੋਣ ਦੀ ਗੱਲ ਹੁੰਦੀ ਹੈ।  ਕੋਈ ਵੀ ਧਰਮ ਸਮਾਜ ਨੂੰ ਤੋੜਨ ਦੀ ਸਿੱਖਿਆ ਨਹੀਂ ਦਿੰਦਾ। ਸਾਰੇ ਧਰਮ ਸ਼ਾਂਤੀ ਦੇ ਰਸਤੇ ‘ਤੇ ਚੱਲਣ ਦੀ ਗੱਲ ਕਰਕੇ ਹਨ।

ਅਜੋਕੇ ਮੁਕਾਬਲੇ ਦੇ ਦੌਰ ਵਿੱਚ ਮਨੁੱਖ ਇੱਕ-ਦੂਜੇ ਦਾ ਮੁਕਾਬਲੇਬਾਜ਼ ਬਣ ਕੇ ਰਹਿ ਗਿਆ ਹੈ ਵਰਤਮਾਨ ਸਮੇਂ ਵਿੱਚ ਸਕੂਲ ਸਿੱਖਿਆ ਦਾ ਕੇਂਦਰ ਨਾ ਹੋ ਕੇ ਪੜ੍ਹਾਈ ਦੇ ਕਾਰਖਾਨੇ ਬਣ ਚੁੱਕੇ ਹਨ । ਹਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਦੇ ਗੁਆਂਢੀ ਦੇ ਬੱਚੇ ਤੋਂ ਜਿਆਦਾ ਅੰਕ ਪ੍ਰਾਪਤ ਕਰੇ। ਉੱਚੀ ਪੜ੍ਹਾਈ ਪੜ੍ਹ ਕੇ ਵੱਡੇ ਅਹੁਦੇ ‘ਤੇ ਕੰਮ ਕਰੇ । ਮਾਪੇ ਮੁਕਾਬਲੇਬਾਜੀ ਦੇ ਚੱਕਰ ਵਿੱਚ ਇਹ ਵੀ ਨਹੀਂ ਵੇਖਦੇ ਕਿ ਉਨ੍ਹਾਂ ਦਾ ਬੱਚਾ ਕੀ ਪੜ੍ਹਨਾ ਚਾਹੁੰਦਾ ਹੈ। ਉਸਦੀ ਕਿਸ ਵਿਸ਼ੇ ਵਿੱਚ ਰੁਚੀ ਹੈ । ਬੱਚਿਆਂ ਨੂੰ ਉਨ੍ਹਾਂ ਦੀ ਰੂਚੀ ਦਾ ਵਿਸ਼ਾ ਨਾ ਮਿਲਣ ‘ਤੇ ਠੀਕ ਢੰਗ ਨਾਲ ਪੜ੍ਹ ਨਹੀਂ ਪਾਉਂਦੇ, ਉੱਪਰੋਂ ਘੱਟ ਅੰਕ ਲਿਆਉਣ ‘ਤੇ ਘਰ ਵਾਲਿਆਂ ਦਾ ਡਰ। ਅਜਿਹੇ ਮਾਹੌਲ ਵਿੱਚ ਬੱਚਾ ਟੈਨਸ਼ਨ ਦੀ ਹਾਲਤ ਵਿੱਚ ਆ ਜਾਂਦਾ ਹੈ ਤੇ ਕਈ ਵਾਰ ਇਸ ਤਰ੍ਹਾਂ ਦੇ ਤਣਾਅ ਦੇ ਚਲਦੇ ਉਹ ਗਲਤ ਕਦਮ ਚੁੱਕ ਲੈਂਦਾ ਹੈ।

ਰਾਜਸਥਾਨ ਦਾ ਕੋਟਾ ਸ਼ਹਿਰ ਕੋਚਿੰਗ ਦੇ ਖੇਤਰ ਵਿੱਚ ਦੇਸ਼ ਦੀ ਸਭ ਤੋਂ ਵੱਡੀ ਮੰਡੀ ਬਣ ਚੁੱਕਾ ਹੈ। ਇੱਥੇ ਹਰ ਸਾਲ ਲੱਖਾਂ ਵਿਦਿਆਰਥੀ ਪੜ੍ਹਨ ਆਉਂਦੇ ਹਨ ਪਰ ਤਣਾਅ ਦੇ ਚਲਦੇ ਹਰ ਸਾਲ ਦਰਜਨਾਂ ਵਿਦਿਆਰਥੀ ਖੁਦਕੁਸ਼ੀ ਵੀ ਕਰ ਲੈਂਦੇ ਹਨ। ਹਾਲਾਂਕਿ ਇੱਥੋਂ ਹਰ ਸਾਲ ਕਈ ਟਾਪਰ ਵੀ ਨਿੱਕਲਦੇ ਹਨ ਪਰ ਖੁਦਕੁਸ਼ੀ ਕਰਨ ਵਾਲੇ ਉਨ੍ਹਾਂ ‘ਤੇ ਇੱਕ ਬਦਨੁਮਾ ਦਾਗ ਬਣ ਜਾਂਦੇ ਹਨ।  ਇੱਥੇ ਪੜ੍ਹਨ ਵਾਲੇ ਵਿਦਿਆਰਥੀ ਦੁਆਰਾ ਖੁਦਕੁਸ਼ੀ ਕਰਨ ਦਾ ਕਾਰਨ ਪੜ੍ਹਾਈ ਦਾ ਦਬਾਅ ਰਹਿੰਦਾ ਹੈ। ਉਨ੍ਹਾਂ ਵਿਦਿਆਰਥੀਆਂ  ਦੇ ਘਰ ਵਾਲੇ ਉਨ੍ਹਾਂ ‘ਤੇ ਲੱਖਾਂ ਰੁਪਏ ਖਰਚ ਕਰ ਉਨ੍ਹਾਂ ਨੂੰ  ਕੋਟਾ ਇਸ ਆਸ ਵਿੱਚ ਪੜ੍ਹਨ ਭੇਜਦੇ ਹਨ ਕਿ ਉੱਥੇ ਜਾ ਕੇ ਉਹ ਪ੍ਰਤੀਯੋਗੀ ਪ੍ਰੀਖਿਆ ਜ਼ਰੂਰ ਪਾਸ ਕਰ ਲਵੇਗਾ ਅਜਿਹੇ ਵਿੱਚ ਪ੍ਰੀਖਿਆ ਵਿੱਚ ਅਸਫਲ ਹੋਣ ‘ਤੇ ਉਹ ਮਾਨਸਿਕ ਦਬਾਅ ਵਿੱਚ ਆ ਕੇ  ਗਲਤ ਕਦਮ ਚੁੱਕ ਲੈਂਦੇ ਹਨ।  ਜਿਸਦਾ ਖਮਿਆਜਾ ਉਨ੍ਹਾਂ ਦੇ ਮਾਪਿਆਂ ਨੂੰ ਜਿੰਦਗੀ ਭਰ ਭੁਗਤਣਾ ਪੈਂਦਾ ਹੈ।

ਅੱਜ ਦੀ ਸਿੱਖਿਆ ਸਿਰਫ ਕਿਤਾਬੀ ਅਤੇ ਕੰਪਿਊਟਰ ਵਾਲੀ ਰਹਿ ਗਈ ਹੈ। ਸਿੱਖਿਆ ਵਿੱਚੋਂ ਵਿਵਹਾਰਕ ਪੱਖ ਗਾਇਬ ਹੋ ਗਿਆ ਹੈ। ਸਿੱਖਿਆ ਦਾ ਪੂਰੀ ਤਰ੍ਹਾਂ  ਵਪਾਰੀਕਰਨ ਹੋ ਚੁੱਕਾ ਹੈ। ਇਸ ਤਰ੍ਹਾਂ ਦੀ ਸਿੱਖਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀਆਂ ਤੋਂ ਵਿਵਹਾਰਿਕਤਾ ਦੀ ਉਮੀਦ ਕਰਨਾ ਵਿਅਰਥ ਹੈ। ਸਰਕਾਰਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਮਾੜੀ-ਮੋਟੀ ਤਬਦੀਲੀ ਕਰਕੇ ਇਸਨੂੰ ਵਿਵਹਾਰਕ, ਰੁਜ਼ਗਾਰਮੁਖੀ ਅਤੇ ਸਮਾਜਿਕ ਤਾਲਮੇਲ ਵਾਲੀ ਬਣਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਸਿੱਖਿਆ ਪੂਰੀ ਕਰਨ ਤੋਂ  ਬਾਅਦ ਸਿਰਫ ਸਰਕਾਰੀ ਨੌਕਰੀ ਦੀ ਆਸ ਨਾ ਰੱਖ ਕੇ ਆਪਣੇ ਰੁਜ਼ਗਾਰ ‘ਤੇ ਵੀ ਧਿਆਨ ਕੇਂਦਰਤ ਕਰ ਸਕਣ । ਜਿਸ ਨਾਲ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਵਧਦੀ ਗਿਣਤੀ ‘ਤੇ ਕਾਬੂ ਪਾਇਆ ਜਾ ਸਕੇ।