ਰਿਫਰੈਡੰਮ 2020 ਸਬੰਧੀ ਖਹਿਰਾ ਨੇ ਪ੍ਰਗਟਾਈ ਸੀ ਸਹਿਮਤੀ, ਹਰ ਪਾਸੇ ਤੋਂ ਖਹਿਰਾ ਘਿਰੇ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਰਿਫਰੈਡੰਮ 2020 ਨੂੰ ਸਮਰਥਨ ਦੇਣ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੂੰ ‘ਆਪ’ ਹਾਈ ਕਮਾਨ ਨੇ ਨੋਟਿਸ ਜਾਰੀ ਕਰਦੇ ਹੋਏ ਜੁਆਬ ਤਲਬ ਕਰ ਲਿਆ ਹੈ। ਸੁਖਪਾਲ ਖਹਿਰਾ ਨੂੰ ਇਸ ਮਾਮਲੇ ਵਿੱਚ ਲਿਖਤੀ ਤੌਰ ‘ਤੇ ਜੁਆਬ ਦੇਣਾ ਪਵੇਗਾ। ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕਰਨ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪੁਸ਼ਟੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਸੁਖਪਾਲ ਖਹਿਰਾ ਦਿੱਲੀ ਲਈ ਰਵਾਨਾ ਹੋ ਗਏ ਹਨ, ਜਿਥੇ ਕਿ ਉਹ ਆਪਣਾ ਪੱਖ ਰੱਖਣਗੇ।
ਦੂਜੇ ਪਾਸੇ ਸੁਖਪਾਲ ਖਹਿਰਾ ਨੇ ਰਿਫਰੈਡੰਮ 2020 ਨਾਲ ਸਹਿਮਤੀ ਜਤਾਉਣ ਖ਼ਬਰ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸਮਰੱਥਨ ਨਹੀਂ ਦਿੱਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਹਾਈ ਕਮਾਨ ਵੱਲੋਂ ਕੋਈ ਨੋਟਿਸ ਮਿਲਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਇੱਕ ਅਖ਼ਬਾਰ ਵਿੱਚ ਲੱਗੇ ਸੁਖਪਾਲ ਖਹਿਰਾ ਦੇ ਬਿਆਨ ਵਿੱਚ ਉਨ੍ਹਾਂ ਵੱਲੋਂ ਰਿਫਰੈਡੰਮ 2020 ਨੂੰ ਸਮਰਥਨ ਅਤੇ ਉਸ ਦੇ ਹੱਕ ਵਿੱਚ ਖੜੇ ਹੋਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਭੁਚਾਲ ਆਇਆ ਅਤੇ ਵਿਰੋਧੀ ਪਾਰਟੀਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੇ ਇਸ ਬਿਆਨ ਤੋਂ ਦੂਰੀ ਬਣਾ ਲਈ। ਹਾਲਾਂਕਿ ਸੁਖਪਾਲ ਖਹਿਰਾ ਵਲੋਂ ਕਿਹਾ ਜਾ ਰਿਹਾ ਹੈ ਕਿ ਉਨਾਂ ਵਲੋਂ ਇਸ ਤਰਾਂ ਦਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।
ਸੁਖਪਾਲ ਖਹਿਰਾ ਦੇ ਵਾਰ ਵਾਰ ਸਪੱਸ਼ਟੀਕਰਨ ਤੋਂ ਬਾਅਦ ਹੁਣ ਉਨਾਂ ਨੂੰ ਦਿੱਲੀ ਹਾਈ ਕਮਾਨ ਨੇ ਤਲਬ ਕਰ ਲਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆਂ ਨੇ ਦੱਸਿਆ ਕਿ ਖਹਿਰਾ ਵਲੋਂ ਦਿੱਤੇ ਬਿਆਨ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸੁਖਪਾਲ ਖਹਿਰਾ ਨੂੰ ਜੁਆਬ ਦੇਣਾ ਪਏਗਾ।
ਸੁਖਪਾਲ ਖਹਿਰਾ ਚੰਡੀਗੜ ਤੋਂ ਮੰਗਲਵਾਰ ਸ਼ਾਮ ਨੂੰ ਹੀ ਦਿੱਲੀ ਲਈ ਰਵਾਨਾ ਹੋ ਗਏ ਹਨ। ਖਹਿਰਾ ਦਾ ਕਹਿਣਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਸਮਰਥਨ ਦੇਣ ਲਈ ਜਾ ਰਹੇ ਹਨ ਅਤੇ ਉਨਾਂ ਨੂੰ ਪਾਰਟੀ ਹਾਈ ਕਮਾਨ ਵਲੋਂ ਕੋਈ ਨੋਟਿਸ ਜਾਰੀ ਹੋਣ ਸਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ।
ਦੂਜੇ ਪਾਸੇ ਆਪ ਪੰਜਾਬ ਦੇ ਉਪ ਪ੍ਰਧਾਨ ਡਾ. ਬਲਬੀਰ ਸਿੰਘ ਵਲੋਂ ਇਸ ਮਾਮਲੇ ਤੋਂ ਦੂਰੀ ਬਣਾ ਲਈ ਗਈ ਹੈ। ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਕੁਝ ਵੀ ਬੋਲਣਾ ਨਹੀਂ ਚਾਹੁੰਦੇ ਕਿਉਂਕਿ ਇਹ ਮਾਮਲਾ ਹੁਣ ਹਾਈ ਕਮਾਨ ਅਤੇ ਖਹਿਰਾ ਦੇ ਵਿਚਕਾਰ ਹੈ। ਇਸ ਤੋਂ ਪਹਿਲਾਂ ਡਾ. ਬਲਬੀਰ ਸਿੰਘ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਉਨਾਂ ਨੇ ਖਹਿਰਾ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਪੰਜ ਵਾਰ ਫੋਨ ਕੀਤਾ ਸੀ ਪਰ ਚਾਰ ਵਾਰ ਖਹਿਰਾ ਨੇ ਫੋਨ ਨਹੀਂ ਚੁੱਕਿਆ, ਜਦੋਂ ਕਿ ਪੰਜਵੀਂ ਵਾਰ ਉਨਾਂ ਨੇ ਫੋਨ ਆਪਣੇ ਪੀ.ਏ. ਨੂੰ ਦੇ ਦਿੱਤਾ।