ਹਰ ਸਾਲ ਝੋਨੇ ਤੇ ਕਣਕ ਦੀ ਖਰੀਦ ‘ਤੇ ਪੰਜਾਬ ਨੂੰ ਹੁੰਦਾ ਐ ਨੁਕਸਾਨ, ਕੇਂਦਰ ਨੂੰ ਹੁੰਦਾ ਐ ਫਾਇਦਾ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੱ ਨਿਊਜ਼)। ਹਰ ਰੋਜ਼ ਦੇ ਚਿੱਠੀ ਪੱਤਰ ਤੇ ਮੋਟੀਆਂ ਫਾਈਲਾਂ ਦੇ ਬੋਝ ਨੂੰ ਚੁੱਕ ਕੇ ਦਿੱਲੀ ਜਾਣ ਦੀ ਸਾਰੀ ਪ੍ਰਕਿਰਿਆ ਤੋਂ ਦੁਖੀ ਆ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਆਖਰੀ ਵਾਰ ਦਿੱਲੀ ਜਾ ਰਹੇ ਹਨ, ਜਿੱਥੇ ਅਮਰਿੰਦਰ ਸਿੰਘ ਵੱਲੋਂ ਨਾ ਸਿਰਫ਼ ਆਰ-ਪਾਰ ਦੀ ਗੱਲਬਾਤ ਕੀਤੀ ਜਾਏਗੀ, ਸਗੋਂ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਹਰ ਸਾਲ ਹੋ ਰਹੇ ਘਾਟੇ ਦੇ ਮੁੱਦੇ ਨੂੰ ਹੱਲ ਨਾ ਕੀਤਾ ਤਾਂ ਪੰਜਾਬ ਕੋਈ ਵੱਡਾ ਸਟੈਂਡ ਲੈ ਕੇ ਹੀ ਵਾਪਸ ਆਏਗਾ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅੱਜ ਦਿੱਲੀ ਵਿਖੇ ਖੁਰਾਕ ਤੇ ਸਿਵਲ ਸਪਲਾਈ ਮੰਤਰਾਲੇ ਸਣੇ ਖਜਾਨਾ ਮੰਤਰਾਲੇ ਨਾਲ ਮੀਟਿੰਗ ਹੈ। ਜਿੱਥੇ ਸੀਸੀਐੱਲ ਤੇ ਖਰੀਦ ਦੇ ਮੁੱਦੇ ‘ਤੇ ਚਰਚਾ ਹੋਣੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਹਰ ਸਾਲ ਐਫ਼ਸੀਆਈ ਲਈ ਕਣਕ ਤੇ ਝੋਨੇ ਦੀ ਖ਼ਰੀਦ ਕਰਦਾ ਹੈ, ਜਿਸ ਦਾ ਐੱਮਐੱਸਪੀ ਤੋਂ ਲੈ ਕੇ ਖਰੀਦ ਸਮੇਂ ਹੋਣ ਵਾਲੇ ਹਰ ਖ਼ਰਚੇ ਵੀ ਐੱਫਸੀਆਈ ਹੀ ਤੈਅ ਕਰਦਾ ਹੈ। ਇਸ ਖਰੀਦ ਲਈ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਕੈਸ਼ ਕ੍ਰੈਡਿਟ ਲਿਮਟ ਵੀ ਦਿੱਤੀ ਜਾਂਦੀ ਹੈ।
ਤਾਂ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖਰੀਦ ਤੋਂ ਤੁਰੰਤ ਬਾਅਦ ਅਦਾਇਗੀ ਕਰ ਸਕੇ। ਇਸ ਕੈਸ਼ ਕ੍ਰੈਡਿਟ ਲਿਮਟ ‘ਤੇ ਪੈਣ ਵਾਲੇ ਵਿਆਜ ਤੇ ਖਰੀਦ ਸਮੇਂ ਹੋਣ ਵਾਲੇ ਵਾਧੂ ਖ਼ਰਚੇ ਦੀ ਅਦਾਇਗੀ ਐੱਫਸੀਆਈ ਪਿਛਲੇ ਕਈ ਸਾਲਾ ਤੋਂ ਨਹੀਂ ਕਰਦੀ ਆ ਰਹੀਂ ਹੈ, ਜਿਸ ਕਾਰਨ ਕਿਤਾਬੀ ਫਰਕ 31 ਹਜ਼ਾਰ ਕਰੋੜ ਰੁਪਏ ਤੱਕ ਪੁੱਜ ਗਿਆ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਸ 31 ਹਜ਼ਾਰ ਕਰੋੜ ਰੁਪਏ ਨੂੰ ਸਵੀਕਾਰ ਤਾਂ ਕਰ ਲਿਆ ਪਰ ਇਹ ਨੁਕਸਾਨ ਹੁਣ ਵੀ ਰੁਕਣ ਦੀ ਥਾਂ ‘ਤੇ ਹਰ ਸਾਲ ਹੋ ਰਿਹਾ ਹੈ। ਜਦੋਂ ਕਿ ਇਸ ਨੁਕਸਾਨ ਦੀ ਭਰਪਾਈ ਲਈ ਐੱਫਸੀਆਈ ਹਾਮੀ ਨਹੀਂ ਭਰ ਰਹੀ ਹੈ।
ਇਸੇ ਮੁੱਦੇ ਨੂੰ ਲੈ ਕੇ ਮੁੱਖ ਅਮਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਦਿੱਲੀ ਵਿਖੇ ਮੀਟਿੰਗ ਕਰਨ ਜਾ ਰਹੇ ਹਨ। ਜਿਥੇ ਮੁੱਖ ਮੰਤਰੀ ਵੱਲੋਂ ਸਾਫ਼ ਕਿਹਾ ਜਾਏਗਾ ਕਿ ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਦੀ ਭਰਪਾਈ ਪੰਜਾਬ ਨਹੀਂ, ਸਗੋਂ ਖ਼ੁਦ ਕੇਂਦਰ ਜਾਂ ਫਿਰ ਐੱਫਸੀਆਈ ਕਰੇ। ਇਸ ਨਾਲ ਹੀ ਪਿਛਲੇ 31 ਹਜ਼ਾਰ ਕਰੋੜਾ ਬਾਰੇ ਵੀ ਕੁਝ ਸੈਟਲਮੈਂਟ ਕੀਤੀ ਜਾਵੇ ਤਾਂ ਕਿ ਪੰਜਾਬ ਇਸ ਕਰਜ਼ ਤੋਂ ਬਾਹਰ ਆ ਸਕੇ। ਜੇਕਰ ਇਨ੍ਹਾਂ ਮੁੱਦਿਆਂ ‘ਤੇ ਅੱਜ ਕੋਈ ਫੈਸਲਾ ਨਾ ਹੋਇਆ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦਿੱਲੀ ਵਿਖੇ ਹੀ ਕੋਈ ਵੱਡਾ ਐਲਾਨ ਕਰ ਸਕਦੇ ਤਾਂ ਕਿ ਪੰਜਾਬ ਨੂੰ ਨੁਕਸਾਨ ਤੋਂ ਬਚਾਇਆ ਜਾਵੇ, ਇਸ ਲਈ ਭਾਵੇਂ ਫਸਲ ਦੀ ਖਰੀਦ ਨਾ ਕਰਨ ਜਾਂ ਫਿਰ ਕੋਈ ਹੋਰ ਫੈਸਲਾ ਵੀ ਲਿਆ ਜਾ ਸਕਦਾ ਹੈ।
ਮੀਟਿੰਗ ਤੈਅ ਨਹੀਂ, ਫਿਰ ਵੀ ਅਮਰਿੰਦਰ ਜਾਣਗੇ ਦਿੱਲੀ
ਫਸਲੀ ਖ਼ਰੀਦ ਨਾਲ ਪੰਜਾਬ ਨੂੰ ਹੋ ਰਹੇ ਨੁਕਸਾਨ ਲਈ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਦੇਰ ਰਾਤ ਤੱਕ ਤੈਅ ਵੀ ਨਹੀਂ ਹੋਈ ਸੀ ਪਰ ਅਮਰਿੰਦਰ ਸਿੰਘ ਵੱਲੋਂ ਹਰ ਹਾਲਤ ਵਿੱਚ ਦਿੱਲੀ ਜਾਣ ਦਾ ਐਲਾਨ ਕੀਤਾ ਹੋਇਆ ਹੈ। ਅਮਰਿੰਦਰ ਸਿੰਘ ਨੂੰ ਸਮਾਂ ਮਿਲੇ ਜਾਂ ਫਿਰ ਨਾ ਮਿਲੇ, ਇਸ ਮੁੱਦੇ ‘ਤੇ ਉਹ ਹਰ ਹਾਲਤ ‘ਚ ਗੱਲਬਾਤ ਕਰਕੇ ਆਉਣਗੇ, ਭਾਵੇਂ ਮੌਕੇ ‘ਤੇ ਹੀ ਜੋਰ ਪਾ ਕੇ ਮੀਟਿੰਗ ਲਈ ਸਮਾਂ ਲੈਣਾ ਪਵੇ।