ਟਰੰਪ ਤੇ ਕਿਮ ਵਿਚਾਲੇ ਪਰਮਾਣੂ ਹਥਿਆਰ ਪ੍ਰੋਗਰਾਮ ਖਤਮ ਕਰਨ ‘ਤੇ ਹੋਇਆ ਸੀ ਸਮਝੌਤਾ
ਸੋਲ, (ਏਜੰਸੀ/ਸੱਚ ਕਹੂੰ ਨਿਊਜ਼)। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਦਰਮਿਆਨ 12 ਜੂਨ ਨੂੰ ਸਿੰਗਾਪੁਰ ‘ਚ ਹੋਏ ਸਿਖਰ ਸੰਮੇਲਨ ਕਾਰਨ ਦੁਨੀਆ ਤੋਂ ਯੁੱਧ ਦਾ ਖਤਰਾ ਟਲ਼ ਗਿਆ ਹੈ।
ਇਨ ਦੱਖਣੀ ਕੋਰੀਆ ਅਤੇ ਅਮਰੀਕਾ ਦਰਮਿਆਨ ਸੋਲ ‘ਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅਮਰੀਕੀ ਵਿਦੇਸ ਮੰਤਰੀ ਮਾਈਕ ਪੋਂਪੇਓ ਨੂੰ ਕਿਹਾ ਕਿ ਸਿਖਰ ਸੰਮੇਲਨ ਦੇ ਨਤੀਜਿਆਂ ‘ਤੇ ਕਈ ਤਰ੍ਹਾਂ ਦੇ ਵਿਸ਼ਲੇਸ਼ਣ ਹੋਏ ਹਨ, ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕਾ, ਜਪਾਨ ਅਤੇ ਕੋਰੀਆਈ ਲੋਕਾਂ ਦੇ ਨਾਲ ਦੁਨੀਆ ਭਰ ਦੇ ਲੋਕ ਯੁੱਧ, ਪਰਮਾਣੂ ਹਥਿਆਰ ਅਤੇ ਹੋਰ ਮਿਜ਼ਾਈਲਾਂ ਦੇ ਖਤਰੇ ਤੋਂ ਬਚ ਗਏ ਹਨ ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਸੀਂ ਸਿੰਗਾਪੁਰ ‘ਚ ਇੱਕ ਬਹੁਤ ਚੰਗਾ ਅਤੇ ਮਹੱਤਵਪੂਰਨ ਕਦਮ ਚੁੱਕਿਆ ਹੈ।
ਅਮਰੀਕਾ, ਦੱਖਣੀ ਕੋਰੀਆ ਅਤੇ ਜਪਾਨ ਮਿਲ ਕੇ ਕਰਨਗੇ ਕੰਮ
ਦੱਖਣੀ ਕੋਰੀਆ ਅਤੇ ਜਪਾਨ ਦੇ ਸੀਨੀਅਰ ਡਿਪਲੋਮੈਂਟਾਂ ਨੇ ਸਿੰਗਾਪੁਰ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਆਗੂ ਕਿਮ ਜੋਂਗ ਉਨ ਦਰਮਿਆਨ ਹੋਏ ਸਮਝੌਤੇ ਅਨੁਸਾਰ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਖਾਤਮੇ ਨੂੰ ਯਕੀਨੀ ਕਰਨ ਲਈ ਅੱਜ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਪ੍ਰਗਟਾਈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੇਓ, ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਕਾਂਗ ਕਿਊਂਗ ਵਹਾ ਅਤੇ ਜਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਨੇ ਟਰੰਪ ਅਤੇ ਉਨ ਦੀ ਮੁਲਾਕਾਤ ਤੋਂ ਦੋ ਦਿਨ ਬਾਅਦ ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ‘ਚ ਮੀਟਿੰਗ ਕੀਤੀ ਇਸ ਦੌਰਾਨ ਪੋਂਪੇਓ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰ ਖਤਮ ਕਰਨ ਦਾ ਵਾਅਦਾ ਕੀਤਾ ਹੈ ਪਰ ਇਹ ਇੱਕ ਪ੍ਰਕਿਰਿਆ ਤਹਿਤ ਹੋਵੇਗਾ ਅਤੇ ਇਹ ਏਨਾ ਸੌਖਾ ਨਹੀਂ ਹੈ।