ਸਰਕਾਰ ਨੂੰ ਕਰ ਚੁੱਕੇ ਹਨ ਕਈ ਵਾਰ ਫਰਿਆਦ ਪਰ ਨਹੀਂ ਹੋ ਰਹੀ ਐ ਸੁਣਵਾਈ
- ਟਰਾਂਸਪੋਰਟ ਵਿਭਾਗ ਨੇ 10 ਵਿਧਾਇਕਾਂ ਦੀਆਂ ਗੱਡੀਆਂ ਕਰਾਰ ਦਿੱਤੀਆਂ ਕੰਡਮ ਤੇ ਖਤਰਨਾਕ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ‘ਚੋਂ 9 ਦੀ ਜਾਨ ਖ਼ਤਰੇ ‘ਚ ਹੈ, ਕਿਉਂਕਿ ਇਨ੍ਹਾਂ 9 ਵਿਧਾਇਕਾਂ ਨੂੰ ਸਰਕਾਰ ਵੱਲੋਂ ਸਫ਼ਰ ਕਰਨ ਲਈ ਜਿਹੜੀਆਂ ਇਨੋਵਾ ਅਲਾਟ ਕੀਤੀ ਹੋਈਆਂ ਹਨ, ਉਹ ਸਾਰੀਆਂ ਗੱਡੀਆਂ ਨੂੰ ਸਰਕਾਰ ਨੇ ਕੰਡਮ ਤੇ ਸਫ਼ਰ ਲਈ ਖਤਰਨਾਕ ਕਰਾਰ ਦਿੱਤਾ ਹੈ ਇਨ੍ਹਾਂ 9 ਵਿਧਾਇਕਾਂ ਤੋਂ ਇਲਾਵਾ ਇੱਕ ਭਾਜਪਾ ਦੇ ਸੀਨੀਅਰ ‘ਚ ਸੋਮ ਪ੍ਰਕਾਸ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਸੇ ਤਰ੍ਹਾਂ ਦੀ ਖ਼ਤਰੇ ਵਾਲੀ ਇਨੋਵਾ ਸਫ਼ਰ ਲਈ ਅਲਾਟ ਕੀਤੀ ਹੋਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਹਰ ਵਿਧਾਇਕ ਨੂੰ ਇਨੋਵਾ ਜਾਂ ਫਿਰ ਜਿਪਸੀ ਅਲਾਟ ਕੀਤੀ ਜਾਂਦੀ ਹੈ ਤਾਂ ਕਿ ਵਿਧਾਇਕ ਤੇ ਉਨ੍ਹਾਂ ਦੇ ਸਟਾਫ਼ ਨੂੰ ਸੜਕੀਂ ਸਫ਼ਰ ਕਰਨ ਮੌਕੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਟਰਾਂਸਪੋਰਟ ਵਿਭਾਗ ਵੱਲੋਂ 94 ਇਨੋਵਾ ਤੇ ਜਿਪਸੀ ਇਸ ਸਮੇਂ ਵਿਧਾਇਕਾਂ ਨੂੰ ਅਲਾਟ ਕੀਤੀਆਂ ਹੋਈਆਂ ਹਨ ਅਤੇ ਇਨ੍ਹਾਂ 94 ‘ਚੋਂ 10 ਇਨੋਵਾ ਇਹੋ ਜਿਹੀਆਂ ਹਨ, ਜਿਹੜੀਆਂ ਕਿ ਆਪਣੇ ਨਿਰਧਾਰਿਤ ਨਾਰਮ ਪੂਰੇ ਕਰਦੇ ਹੋਏ ਕੰਡਮ ਤੱਕ ਕਰਾਰ ਦਿੱਤੀਆਂ ਹੋਈਆਂ ਹਨ।
ਇਨ੍ਹਾਂ 10 ਇਨੋਵਾ ‘ਤੇ ਸਫ਼ਰ ਕਰਨਾ ਕਿਸੇ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੋਏਗਾ ਪਰ ਇਨ੍ਹਾਂ 10 ਕੰਡਮ ਇਨੋਵਾ ਨੂੰ ਕਬਾੜ ‘ਚ ਵੇਚਣ ਦੀ ਬਜਾਇ 10 ਵਿਧਾਇਕਾਂ ਨੂੰ ਅਲਾਟ ਕਰ ਦਿੱਤਾ ਗਿਆ ਹੈ, ਜਿਸ ਨਾਲ ਇਨ੍ਹਾਂ 10 ਵਿਧਾਇਕਾਂ ਦੀ ਜਾਨ ਨੂੰ ਖਤਰਾ ਤੱਕ ਹੈ, ਕਿਉਂਕਿ ਸਰਕਾਰੀ ਰਿਕਾਰਡ ਅਨੁਸਾਰ ਇਨ੍ਹਾਂ 10 ਇਨੋਵਾ ‘ਤੇ ਸਫ਼ਰ ਕਰਨਾ ਕਿਸੇ ਵੀ ਵੱਡੇ ਖ਼ਤਰੇ ਤੋਂ ਖ਼ਾਲੀ ਨਹੀਂ ਹੈ।
ਇਸ ‘ਚ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਖਤਰਨਾਕ ਐਲਾਨੀਆਂ 10 ਇਨੋਵਾ ਗੱਡੀਆਂ ‘ਚੋਂ 9 ਇਨੋਵਾ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਲਾਟ ਕੀਤੀਆਂ ਹੋਈਆਂ ਹਨ, ਜਦੋਂ ਕਿ ਇੱਕ ਇਨੋਵਾ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਨੂੰ ਅਲਾਟ ਕੀਤੀ ਹੋਈ ਹੈ। ਜਿਸ ਨਾਲ 20 ‘ਚੋਂ ਆਮ ਆਦਮੀ ਪਾਰਟੀ ਦੇ 9 ਵਿਧਾਇਕਾਂ ਦੀ ਜਾਨ ਹਰ ਸਮੇਂ ਖ਼ਤਰੇ ‘ਚ ਹੈ, ਕਿਉਂਕਿ ਉਹ ਇਨ੍ਹਾਂ ਇਨੋਵਾ ਰਾਹੀਂ ਹੀ ਸਫ਼ਰ ਕਰਦੇ ਹਨ।
ਸੜਕੀ ਹਾਦਸੇ ‘ਚ ਵਾਲ-ਵਾਲ ਬਚੀ ਸਾਂ: ਰੁਪਿੰਦਰ ਕੌਰ ਰੂਬੀ
ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਹੜੀ ਇਨੋਵਾ ਅਲਾਟ ਕੀਤੀ ਹੋਈ ਹੈ, ਉਹ ਪੂਰੀ ਤਰ੍ਹਾਂ ਕੰਡਮ ਹੈ ਤੇ ਉਨ੍ਹਾਂ ਦਾ ਇਸੇ ਖਟਾਰਾ ਇਨੋਵਾ ਕਰਕੇ ਸੜਕੀ ਹਾਦਸਾ ਵੀ ਹੋ ਚੁੱਕਾ ਹੈ, ਬਸ ਪਰਮਾਤਮਾ ਨੇ ਉਸਦੀ ਜਾਨ ਬਖਸ਼ੀ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ ਪਰ ਸੁਣਵਾਈ ਨਹੀਂ ਹੋ ਰਹੀਂ ਹੈ।
ਇਹ ਵਿਧਾਇਕ ਕਰਦੇ ਹਨ ਕੰਡਮ ਇਨੋਵਾ ‘ਤੇ ਸਫ਼ਰ
ਬੁੱਧ ਰਾਮ (ਆਪ), ਮਨਜੀਤ ਸਿੰਘ (ਆਪ), ਗੁਰਮੀਤ ਸਿੰਘ ਮੀਤ ਹੇਅਰ (ਆਪ), ਨਾਜ਼ਰ ਸਿੰਘ (ਆਪ), ਪੀਰਮਲ ਸਿੰਘ (ਆਪ), ਕੁਲਵੰਤ ਸਿੰਘ ਪੰਡੋਰੀ (ਆਪ), ਬਲਦੇਵ ਸਿੰਘ (ਆਪ), ਰੁਪਿੰਦਰ ਕੌਰ ਰੂਬੀ (ਆਪ) ਤੇ ਸੋਮ ਪ੍ਰਕਾਸ਼ (ਭਾਜਪਾ)।