ਮਾਨਸਾ, (ਸੱਚ ਕਹੂੰ ਨਿਊਜ਼)। ਵਿਜੀਂਲੈਸ ਵਿਭਾਗ ਨੇ 2 ਸਰਕਾਰੀ ਗਵਾਹਾਂ ਦੀ ਮੌਜ਼ੂਦਗੀ ‘ਚ ਅੱਜ ਜ਼ਿਲ੍ਹਾ ਕਚਹਿਰੀ ਮਾਨਸਾ ਵਿਖੇ ਪੰਜਾਬ ਪੁਲਿਸ ਦੇ ਥਾਣਾ ਝੁਨੀਰ ਵਿਖੇ ਤਾਇਨਾਤ ਇੱਕ ਹੌਲਦਾਰ ਸਤਨਾਮ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਜੀਲੈਂਸ ਵਿਭਾਗ ਬਠਿੰਡਾ ਰੇਂਜ ਦੇ ਇੰਸਪੈਕਟਰ ਸੋਹਨ ਸਿੰਘ ਨੇ ਦੱਸਿਆ ਕਿ ਥਾਣਾ ਝੁਨੀਰ ਵਿਖੇ ਤਾਇਨਾਤ ਹੌਲਦਾਰ ਸਤਨਾਮ ਸਿੰਘ ਨੇ ਆਬਕਾਰੀ ਐਕਟ ਅਧੀਨ ਦਰਜ ਮੁਕੱਦਮੇ ‘ਚ ਮੁਲਜ਼ਮ ਜੀਵਨ ਸਿੰਘ ਸਪੁੱਤਰ ਸੁਖਦੇਵ ਮੱਲ ਵਾਸੀ ਪਿੰਡ ਪਿਲਛੀਆਂ (ਹਰਿਆਣਾ) ਨੂੰ ਰਿਕਾਰਡ ਨਾ ਪੇਸ਼ ਕਰਨ ਬਦਲੇ ਜ਼ਮਾਨਤ ਮਿਲਣ ਦਾ ਭਰੋਸਾ ਦੇ ਕੇ 20 ਹਜ਼ਾਰ ਦੀ ਮੰਗ ਕੀਤੀ ਅਤੇ ਜੀਵਨ ਸਿੰਘ ਦੀ ਕੋਰਟ ਵੱਲੋਂ ਰੈਸਟ ਸਟੇਅ ਹੋਣ ਉਪਰੰਤ ਪੁਲਿਸ ਇਨਵੈਸਟੀਗੇਸ਼ਨ ਵਿੱਚ ਸ਼ਾਮਲ ਕਰਨ ਲਈ 5 ਹਜ਼ਾਰ ਰੁਪਏ ਰਿਸ਼ਵਤ ਲਈ ਗਈ ਅਤੇ ਅੱਜ ਕੋਰਟ ਵਿੱਚ ਉਸਦੀ ਪੱਕੀ ਜ਼ਮਾਨਤ ਕਾਰਵਾਉਣ ਬਦਲੇ 5 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਤਾਂ ਜੀਵਨ ਸਿੰਘ ਵੱਲੋਂ ਵਿਜੀਲੈਂਸ ਕੋਲ ਸ਼ਿਕਾਇਤ ਕਰਨ ‘ਤੇ ਵਿਜੀਲੈਂਸ ਨੇ ਹੌਲਦਾਰ ਨੂੰ 5 ਹਜ਼ਾਰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ।
ਵਿਜੀਂਲੈਸ ਵਿਭਾਗ ਨੇ 2 ਸਰਕਾਰੀ ਗਵਾਹਾਂ ਡਾ. ਬਲਜਿੰਦਰ ਸਿੰਘ ਅਤੇ ਡਾ. ਸਨੀ ਗੋਇਲ ਦੀ ਹਾਜ਼ਰੀ ‘ਚ ਹੌਲਦਾਰ ਸਤਨਾਮ ਸਿੰਘ ਨੂੰ ਮੁਲਜ਼ਮ ਪਾਸੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਬਰਾਮਦ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।