ਕ੍ਰਾਸਨੋਡਾਰ (ਏਜੰਸੀ)। ਸਪੇਨ ਦੇ ਕੋਚ ਜੁਲੇਨ ਲੋਪੇਤੇਗੁਈ ਨੂੰ ਫੁੱਟਬਾਲ ਵਿਸ਼ਵ ਕੱਪ ਦੇ ਓਪਨਿੰਗ ਮੈਚ ਤੋਂ ਸਿਰਫ਼ ਦੋ ਦਿਨ ਪਹਿਲਾਂ ਬੁੱਧਵਾਰ ਨੂੰ ਹੈਰਤਅੰਗੇਜ਼ ਢੰਗ ਨਾਲ ਉਸਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ। ਵੀਰਵਾਰ ਤੋਂ ਰੂਸ ‘ਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਹੁਣ ਟੀਮ ਦੇ ਕੋਚ ਦੀ ਭੂਮਿਕਾ ਫਰਨਾਂਡੋ ਹਿਏਰੋ ਨੂੰ ਸੌਂਪੀ ਗਈ ਹੈ। ਦਰਅਸਲ ਸਪੇਨ ਫੁੱਟਬਾਲ ਮਹਾਂਸੰਘ ਨੇ ਲੋਪੇਤੇਗੁਈ ਨੂੰ ਟੂਰਨਾਮੈਂਟ ਤੋਂ ਬਾਅਦ ਰਿਆਲ ਮੈਡ੍ਰਿਡ ‘ਚ ਸ਼ਾਮਲ ਹੋਣ ਦੀ ਖ਼ਬਰ ਨੂੰ ਗੁਪਤ ਰੱਖਣ ਦੇ ਕਾਰਨ ਤੁਰੰਤ ਪ੍ਰਭਾਵ ਤੋਂ ਹਟਾ ਦਿੱਤਾ ਹੈ। ਸਪੇਨ ਦੇ ਸਾਬਕਾ ਡਿਫੈਂਡਰ ਹਿਏਰੋ ਹਾਲਾਂਕਿ ਲੋਪੇਤੇਗੁਈ ਦੀ ਤੁਲਨਾ ‘ਚ ਖ਼ਾਸ ਤਜ਼ਰਬੇਕਾਰ ਨਹੀਂ ਹਨ ਅਤੇ ਸਪੇਨ ਦੇ ਦੂਸਰੇ ਦਰਜੇ ਦੇ ਕਲੱਬ ਓਵਿਏਡੋ ਲਈ ਸਿਰਫ਼ ਇੱਕ ਹੀ ਸੈਸ਼ਨ ‘ਚ ਕੋਚ ਦੀ ਭੂਮਿਕਾ ਨਿਭਾ ਚੁੱਕੇ ਹਨ। ਹਾਲਾਂਕਿ ਉਹ ਇਸ ਤੋਂ ਪਹਿਲਾਂ ਰਿਆਡ ਮੈਡ੍ਰਿਡ ‘ਚ ਕੋਚ ਕਾਰਲੋ ਅੰਸੇਲੋਤੀ ਦੇ ਸਹਾਇਕ ਰਹਿ ਚੁੱਕੇ ਹਨ।
50 ਸਾਲ ਦੇ ਹਿਏਰੋ ਦੇ ਕੋਲ ਹਾਲਾਂਕਿ ਆਪਣੀ ਸਪੈਨਿਸ਼ ਟੀਮ ਦੀ ਤਿਆਰੀ ਕਰਾਉਣ ਲਈ ਸਿਰਫ਼ 48 ਘੰਟੇ ਦਾ ਸਮਾਂ ਹੀ ਹੈ। ਸਪੇਨ ਵਿਸ਼ਵ ਕੱਪ ‘ਚ ਸ਼ੁੱਕਰਵਾਰ ਨੂੰ ਸੋਚਿ ‘ਚ ਆਪਣਾ ਪਹਿਲਾ ਮੈਚ ਪੁਰਤਗਾਲ ਵਿਰੁੱਧ ਖੇਡੇਗਾ। ਰਿਆਲ ਨੇ ਵੀਰਵਾਰ ਨੂੰ ਅਚਾਨਕ ਇਹ ਜਾਣਕਾਰੀ ਦਿੱਤੀ ਸੀ ਕਿ ਲੋਪੇਤੇਗੁਈ ਅਗਲੇ ਸੀਜ਼ਨ ਤੋਂ ਉਸਦੇ ਕਲੱਬ ਦਾ ਹਿੱਸਾ ਬਣਨਗੇ। ਹਾਲਾਂਕਿ ਹਾਲ ਹੀ ‘ਚ ਲੋਪੇਤੇਗੁਈ ਨੇ ਸਪੇਨ ਦੇ ਨਾਲ ਆਪਣਾ ਕਰਾਰ ਵਧਾਇਆ ਸੀ ਅਤੇ ਉਸਦੇ ਮਾਰਗਦਰਸ਼ਨ ‘ਚ ਟੀਮ 20 ਮੈਚਾਂ ਤੋਂ ਅਜੇਤੂ ਚੱਲ ਰਹੀ ਸੀ।