ਦਮਨੀਤ ਸਿੰਘ ਮਾਨ ਨੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤਿਆ ਚਾਂਦੀ ਦਾ ਤਮਗਾ

Damainit Singh Mann, Silver Medal, junior Asian, championship

ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਸ਼ਹਿਰ ਦੇ ਅਥਲੀਟ ਦਮਨੀਤ ਸਿੰਘ ਮਾਨ ਨੇ ਜਪਾਨ ਦੇ ਸ਼ਹਿਰ ਗੀਫੂ ਵਿਖੇ ਚੱਲ ਰਹੀ 18ਵੀਂ ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਂਅ ਚਮਕਾਇਆ ਹੈ। ਦਮਨੀਤ ਸਿੰਘ ਮਾਨ ਨੇ ਹੈਮਰ ਥਰੋਅ ਈਵੈਂਟ ‘ਚ 74.06 ਮੀਟਰ ਥਰੋਅ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ। ਇਸ ਈਵੈਂਟ ‘ਚ ਭਾਰਤ ਦੇ ਹੀ ਇੱਕ ਹੋਰ ਅਥਲੀਟ ਆਸ਼ੀਸ਼ ਜਾਖੜ ਨੇ 76.86 ਮੀਟਰ ਥਰੋਅ ਸੁੱਟ ਕੇ ਸੋਨ ਤਮਗਾ ਜਿੱਤਿਆ। ਜਿਉਂ ਹੀ ਦਮਨੀਤ ਦੇ ਜਿੱਤਣ ਦੀ ਖ਼ਬਰ ਬਰਨਾਲਾ ਪੁੱਜੀ ਤਾਂ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਖੇਡ ਪ੍ਰੇਮੀਆਂ ‘ਚ ਵੀ ਖੁਸ਼ੀ ਦੀ ਲਹਿਰ ਦੌੜ ਗਈ।

Damainit Singh Mann, Silver Medal, junior Asian, championship

ਦਮਨੀਤ ਦੀ ਪ੍ਰਾਪਤੀ ਮਗਰੋਂ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਥਲੀਟ ਦਮਨੀਤ ਸਿੰਘ ਨੂੰ ਇਸ ਮਾਣਮੱਤੀ ਪ੍ਰਾਪਤੀ ‘ਤੇ ਵਧਾਈ ਦਿੱਤੀ।ਜ਼ਿਕਰਯੋਗ ਹੈ ਕਿ ਦਮਨੀਤ ਸਿੰਘ ਮਾਨ ਜਿਸ ਨੇ ਪਿਛਲੇ ਮਹੀਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਧੂ ਪੱਤੀ, ਬਰਨਾਲਾ ਤੋਂ ਬਾਰਵੀਂ ਪਾਸ ਕੀਤੀ ਹੈ, ਨੇ ਪਿਛਲੇ ਸਾਲ ਕੀਨੀਆ ਦੇ ਸ਼ਹਿਰ ਨੈਰੋਬੀ ਵਿਖੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਹੈਮਰ ਥਰੋਅ ਈਵੈਂਟ ਵਿੱਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਦਮਨੀਤ ਦੇ ਪਿਤਾ ਬਲਦੇਵ ਸਿੰਘ ਮਾਨ ਵੀ ਆਪਣੇ ਸਮੇਂ ਦੇ ਪ੍ਰਸਿੱਧ ਅਥਲੀਟ ਰਹੇ ਹਨ।