ਸਿੰਗਾਪੁਰ, (ਏਜੰਸੀ)। ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਕੋਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ 12 ਜੂਨ ਨੂੰ ਹੋਣ ਵਾਲੀ ਇਤਿਹਾਸਕ ਦੋਪੱਖੀ ਸ਼ਿਖਰ ਵਾਰਤਾ ਲਈ ਆਪਣੇ ਨਾਲ ਆਉਣ ਵਾਲੇ ਅਮਲੇ ਲਈ ਪੈਸਾ ਨਹੀਂ ਹੈ ਜਿਸ ਕਰਕੇ ਉਹਨਾਂ ਦੀ ਇਸ ਮੁਲਾਕਾਤ ਦਾ ਖਰਚਾ ਕੌਣ ਚੁੱਕੇਗਾ, ਇਸ ਬਾਰੇ ਸੰਸੇ ਬਰਕਰਾਰ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਦੀ ਬੈਠਕ ਲਈ ਬੇਤਾਬ ਦਿਸ ਰਹੀ ਸਿੰਗਾਪੁਰ ਸਰਕਾਰ ਨੇ ਇਸ ਸ਼ਿਖਰ ਵਾਰਤਾ ਦਾ ਕੁਝ ਖਰਚ ਚੁੱਕਣ ਦੀ ਸਹਿਮਤੀ ਦਿੱਤੀ ਹੈ। ਇਸ ਦੀ ਪੁਸ਼ਟੀ ਸਿੰਗਾਪੁਰ ਦੇ ਰੱਖਿਆ ਮੰਤਰੀ ਐਨਜੀ ਇੰਗ ਹੇਨ ਨੇ ਕੀਤੀ ਹੈ।
ਇਸ ਤੋਂ ਬਿਨਾਂ ਬਾਕੀ ਖਰਚ ਅਮਰੀਕੀ ਸਰਕਾਰ ਨੂੰ ਵੀ ਚੁੱਕਣਾ ਪਵੇਗਾ, ਜਿਸ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਤਾਨਾਸ਼ਾਹ ਕਿਮ ਜੋਂਗ ਊਨ ਨੇ ਸਿੰਗਾਪੁਰ ਦੇ ਜਿਸ ਹੋਟਲ ‘ਚ ਆਪਣੀ ਰਹਿਣ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ, ਉਸ ਦਾ ਰੋਜ਼ਾਨਾ ਦਾ ਕਿਰਾਇਆ 6 ਹਜ਼ਾਰ ਡਾਲਰ ਭਾਵ 4 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ। ਸਿੰਗਾਪੁਰ ਦੇ ਆਈਲੈਂਡ ‘ਤੇ ਸਥਿਤ ਇਸ ਰਿਜਾਰਟ ‘ਚ ਅਮਰੀਕੀ ਰਾਸ਼ਟਰਪਤੀ ਅਤੇ ਕੋਰਿਆਈ ਨੇਤਾ ਦੀ ਸ਼ਿਖਰ ਵਾਰਤਾ ਨੂੰ ਲੈ ਕੇ ਈਵੈਂਟ ਮੈਨੇਜਮੈਂਟ ਕੰਪਨੀਆਂ ਤਿਆਰੀਆਂ ‘ਚ ਲੱਗੀਆਂ ਹੋਈਆਂ ਹਨ।