ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਕਿਸਾਨ ਸੰਗਠਨਾਂ ਵੱਲੋਂ 1 ਤੋਂ 10 ਜੂਨ ਤੱਕ (Village Bandh Movement) ਕੀਤੀ ਜਾ ਰਹੀ ਹੜਤਾਲ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਸੰਗਠਨਾਂ ਦੁਆਰਾ ਲਾਏ ਜਾ ਰਹੇ ਨਾਕਿਆਂ ਦੀ ਆੜ ‘ਚ ਕੁਝ ਪਿੰਡ ਵਾਸੀ ਅਤੇ ਕੁਝ ਸ਼ਰਾਰਤੀ ਅਨਸਰ ਪਿੰਡਾਂ ਵੱਲੋਂ ਸ਼ਹਿਰ ਆਉਣ ਵਾਲੇ ਤੇ ਪਿੰਡਾਂ ਤੋਂ ਸਮਾਨ ਲੈ ਕੇ ਸ਼ਹਿਰ ਆਉਣ ਵਾਲੇ ਲੋਕਾਂ ਦੇ ਨਾਲ ਦੁਰਵਿਹਾਰ ਅਤੇ ਮਾਰ ਕੁੱਟ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਫਾਜ਼ਿਲਕਾ ਰੋਡ ‘ਤੇ ਪਿੰਡ ਡੰਗਰਖੇੜਾ ਤੋਂ ਕੁਝ ਸ਼ਹਿਰੀ ਲੋਕ ਦੁੱਧ ਅਤੇ ਸਬਜ਼ੀਆਂ ਖਰੀਦ ਕੇ ਕਾਰ ਤੇ ਸਵਾਰ ਅਬੋਹਰ ਆ ਰਹੇ ਸਨ ਤਾਂ ਪੁਲ ਦੇ ਕੋਲ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਦੁੱਧ ਅਤੇ ਸਬਜ਼ੀਆਂ ਖੋਂਹਦੇ ਹੋਏ ਇਨ੍ਹਾਂ ਨਾਲ ਦੁਰਵਿਹਾਰ ਕੀਤਾ ਇਸ ਦਾ ਵਿਰੋਧ ਕਰਨ ‘ਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਕਾਰ ਸਵਾਰਾਂ ਦੇ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ ਇਸ ਸਥਾਨ ‘ਤੇ ਇਨ੍ਹਾਂ ਵਿਅਕਤੀਆਂ ਨੇ ਪਿੰਡ ਨਿਹਾਲਖੇੜਾ ਨਿਵਾਸੀ ਅਤੇ ਕੋ-ਆਪਰੇਟਿਵ ਸੋਸਾਇਟੀ ਦੇ ਇੰਸਪੈਕਟਰ ਮਹਿੰਦਰ ਕੁਮਾਰ ਨਾਲ ਮਾਰ ਕੁੱਟ ਕਰ ਕੇ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਸਨ।
ਇਹ ਵੀ ਪੜ੍ਹੋ : ਲੋਕਤੰਤਰ ਦਾ ਨਵਾਂ ਮੰਦਰ
ਸ਼ਨਿੱਚਰਵਾਰ ਤੇ ਐਤਵਾਰ ਨੂੰ ਹੋਈ ਗੁੰਡਾਗਰਦੀ ਦੀ ਸੂਚਨਾ ਮਿਲਦੇ ਹੀ ਭਾਕਿਊ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਬੁਧਰਾਮ ਬਿਸ਼ਨੋਈ, ਪੰਜਾਬ ਕਾਰਜਕਾਰਨੀ ਮੈਂਬਰ ਸੁਭਾਸ਼ ਗੋਦਾਰਾ ਆਦਿ ਨੇ ਐਲਾਨ ਕੀਤਾ ਕਿ ਲੁੱਟ-ਖਸੁੱਟ ਕਰਨ ਵਾਲੇ ਲੋਕ ਉਨ੍ਹਾਂ ਦੀ ਯੂਨੀਅਨ ਦੇ ਮੈਂਬਰ ਨਹੀਂ ਹਨ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ। ਬੁਧਰਾਮ ਬਿਸ਼ਨੋਈ ਅਤੇ ਸੁਭਾਸ਼ ਗੋਦਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਆਲਮਗੜ੍ਹ ਬਾਈਪਾਸ, ਖੁਈਆਂ ਸਰਵਰ, ਪਿੰਡ ਕਿੱਲਿਆਂਵਾਲੀ, ਸੀਤੋ ਰੋਡ, ਮਲੋਟ ਰੋਡ, ਕੰਧਵਾਲਾ ਰੋਡ ਤੇ ਪਿੰਡ ਦੋਦਾ ਕੁਲਾਰ ਵਿੱਚ ਨਾਕੇ ਲਾਏ ਗਏ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਸਥਾਨ ‘ਤੇ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਪੁਲਿਸ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰੇ।
ਉਨ੍ਹਾਂ ਕਿਹਾ ਕਿ ਆਪਣੇ ਨਾਕਿਆਂ ਦੀ ਸੂਚੀ ਉਨ੍ਹਾਂ ਪੁਲਿਸ ਉੱਚਾਧਿਕਾਰੀ ਨੂੰ ਸੌਂਪ ਦਿੱਤੀ ਹੈ ਇਸ ਮੌਕੇ ਅਸ਼ਵਿਨੀ ਕੁਮਾਰ, ਅਰੁਣ ਕੁਮਾਰ, ਭਾਕਿਊ ਏਕਤਾ ਉਗਰਾਹਾਂ ਦੇ ਵਿਨੋਦ ਡੂਡੀ, ਰੋਹਤਾਸ਼ ਗੋਦਾਰਾ ,ਸੁਮਿਤ ਕੁਮਾਰ, ਕੋਮਲ ਡੂਡੀ, ਮੋਹਨ ਲਾਲ, ਤਾਰਾ ਚੰਦ ਮਾਕੜ ਤੇ ਸਾਗਰ ਡੂਡੀ ਆਦਿ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸਨ।