ਗੰਭੀਰ ਹਾਲਤ ਕਾਰਨ 3 ਵਿਅਕਤੀ ਰਜਿੰਦਰਾ ਹਸਪਤਾਲ ਵਿਖੇ ਰੈਫਰ
ਨਾਭਾ, (ਤਰੁਣ ਕੁਮਾਰ ਸ਼ਰਮਾ/ਸੱਚ ਕਹੂੰ ਨਿਊਜ਼)। ਅੱਜ ਨੇੜਲੇ ਪਿੰਡ ਦੁਲੱਦੀ ਵਿਖੇ ਕਈ ਵਾਹਨਾਂ ਦੀ ਟੱਕਰ ਹੋਣ ਕਾਰਨ ਕੁੱਲ 5 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਟਰੱਕ ਅਤੇ ਟਰਾਲੇ ਵਿਚਕਾਰ ਹੋਇਆ। ਅੱਖੀਂ ਦੇਖਣ ਵਾਲਿਆਂ ਅਨੁਸਾਰ ਇਹ ਹਾਦਸਾ ਕਿਸੇ ਬੈਲਗੱਡੀ ਕਾਰਨ ਹੋਇਆ ਹੈ, ਜਿਸ ਨੂੰ ਬਚਾਉਂਦਾ ਹੋਇਆ ਇੱਕ ਟਰਾਲਾ ਸਾਹਮਣੇ ਤੋਂ ਆ ਰਹੇ ਦੂਜੇ ਟਰੱਕ ਨਾਲ ਟਕਰਾ ਗਿਆ।
ਹਾਦਸੇ ਵਿੱਚ ਦੋਵੇਂ ਭਾਰੀ ਵਾਹਨਾਂ ਦੇ ਜਿੱਥੇ ਪਰਖੱਚੇ ਉਡ ਗਏ ਉਥੇ ਹਾਦਸੇ ਦੀ ਚਪੇਟ ਵਿੱਚ ਨੇੜਿਓਂ ਲੰਘਦਾ ਇੱਕ ਵਿਅਕਤੀ ਵੀ ਆ ਗਿਆ। ਮੌਕੇ ‘ਤੇ ਹਾਦਸਾ ਦੇਖਣ ਵਾਲਿਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਉਮੀਦ ਨਹੀਂ ਸੀ ਕਿ ਕੋਈ ਬਚ ਗਿਆ ਹੋਵੇਗਾ। ਹਾਦਸੇ ਵਿੱਚ ਫੱਟੜ ਹੋਏ ਵਿਅਕਤੀਆਂ ਦੀ ਪਹਿਚਾਣ ਸੁਨਾਮ ਤੋਂ ਬੂਟਾ ਸਿੰਘ, ਸੁਖਚੈਨ ਸਿੰਘ, ਭੀਖੀ ਮਾਨਸਾ ਤੋਂ ਰਣਜੀਤ ਸਿੰਘ, ਭਵਾਨੀਗੜ੍ਹ ਤੋਂ ਸਵਰਨ ਸਿੰਘ ਅਤੇ ਨਾਭਾ ਦੇ ਨਰਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ, ਜਿਨ੍ਹਾਂ ਨੂੰ ਲੋਕਾਂ ਨੇ ਸਿਵਲ ਹਸਪਤਾਲ ਨਾਭਾ ਵਿਖੇ ਪਹੁੰਚਾਇਆ।
ਇਸ ਬਾਰੇ ਡਿਊਟੀ ‘ਤੇ ਤਾਇਨਾਤ ਸਰਕਾਰੀ ਡਾਕਟਰ ਅਨੂਮੇਹਾ ਭੱਲਾ ਨੇ ਦੱਸਿਆ ਕਿ ਹਾਦਸੇ ਵਿੱਚ ਜਿੱਥੇ ਬੂਟਾ ਸਿੰਘ ਨਾਮੀ ਵਿਅਕਤੀ ਦੀ ਲੱਤ ਟੁੱਟ ਗਈ ਜਾਪਦੀ ਹੈ ਜਦਕਿ ਸੁਖਚੈਨ ਸਿੰਘ, ਸਵਰਨ ਸਿੰਘ ਅਤੇ ਨਰਿੰਦਰ ਸਿੰਘ ਨਾਮੀ 3 ਮਰੀਜ਼ਾਂ ਨੂੰ ਗੰਭੀਰ ਰੂਪ ਵਿੱਚ ਫੱਟੜ ਹੋਣ ਕਾਰਨ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਉਪਰੋਕਤ ਹਾਦਸੇ ਵਾਲੀ ਥਾਂ ਦਾ ਨਿਰੀਖਣ ਕਰਨ ਪੁੱਜੇ ਇੰਸਪੈਕਟਰ ਬਿੱਕਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।