ਆਈ ਆਰ ਐਮ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਸਥਾਪਤ ਕੀਤਾ ਮਦਰ ਸਟੇਸ਼ਨ ਪੰਜਾਬ ਦੇ ਹੋਰ ਸੀ ਐਨ ਜੀ ਸਟੇਸ਼ਨਾਂ ਨੂੰ ਕਰੇਗਾ ਗੈਸ ਸਪਲਾਈ | Pollution Control Board
- ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਦਾ ਬਹੁਤ ਵੱਡਾ ਯੋਗਦਾਨ | Pollution Control Board
ਮੰਡੀ ਗੋਬਿੰਦਗੜ੍ਹ (ਸੱਚ ਕਹੂੰ ਨਿਊਜ਼)। ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਸਦੀ ਵਰਤੋਂ ਨਾਲ ਵਾਹਨਾਂ ਵਿੱਚੋਂ ਜਹਿਰੀਲੀਆਂ ਗੈਸਾਂ ਨਹੀਂ ਨਿਕਲਦੀਆਂ ਅਤੇ ਇਹ ਗੈਸ ਪੈਟਰੋਲ ਅਤੇ ਡੀਜ਼ਲ ਨਾਲੋਂ ਕਿਫਾਇਤੀ ਵੀ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰ: ਕਾਹਨ ਸਿੰਘ ਪੰਨੂ ਨੇ ਆਈ ਆਰ ਐਮ ਐਨਰਜੀ ਪ੍ਰਾਈਵੇਟ ਲਿਮ:ਵੱਲੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਵਿਖੇ ਪੰਜਾਬ ਦੇ ਪਹਿਲੇ ਸਥਾਪਤ ਕੀਤੇ ਗਏ ਸੀ ਐਨ ਜੀ ਮਦਰ ਸਟੇਸ਼ਨ ਦਾ ਉਦਘਾਟਨ ਕਰਨ ਉਪਰੰਤ ਉਦਯੋਗਪਤੀਆਂ ਅਤੇ ਹੋਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਆਖਿਆ ਕਿ ਪਹਿਲੇ ਪੜਾਅ ਵਿੱਚ ਆਈ ਆਰ ਐਮ ਕੰਪਨੀ ਮੰਡੀ ਗੋਬਿੰਦਗੜ੍ਹ ਤੋਂ ਇਲਾਵਾ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਨੂੰ ਇਹ ਕੁਦਰਤੀ ਗੈਸ ਸਪਲਾਈ ਕਰੇਗੀ। ਉਹਨਾਂ ਦੱਸਿਆ ਆਈ ਆਰ ਐਮ ਕੰਪਨੀ ਮੰਡੀ ਗੋਬਿੰਦਗੜ੍ਹ ਦੀਆਂ ਫਰਨਸਾਂ ਤੇ ਰੋਲਿੰਗ ਮਿੱਲਾਂ ਨੂੰ ਵੀ ਸੀ ਐਨ ਜੀ ਗੈਸ ਸਪਲਾਈ ਕਰੇਗੀ ਤਾਂ ਜੋ ਕੋਇਲੇ ਅਤੇ ਹੋਰ ਬਾਲਣ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਇਹ ਕੰਪਨੀ ਘਰਾਂ ਵਿੱਚ ਵੀ ਪਾਈਪ ਲਾਈਨ ਰਾਹੀਂ ਰਸੋਈ ਗੈਸ ਸਪਲਾਈ ਕਰੇਗੀ। ਸ੍ਰ: ਪੰਨੂ ਨੇ ਕਿਹਾ ਕਿ ਜਿੱਥੇ ਕਾਰਾਂ, ਸਕੂਲ ਬੱਸਾਂ ਤੇ ਤਿੰਨ ਪਹੀਆ ਵਾਹਨਾਂ ਵਿੱਚ ਸੀ ਐਨ ਜੀ ਦੀ ਆਸਾਨੀ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਉੱਥੇ ਹੀ ਪੁਰਾਣੇ ਆਟੋ ਵਿੱਚ ਸੀ ਐਨ ਜੀ ਕਿੱਟ ਲਗਵਾ ਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਪੰਜਾਬ ਸਮੇਤ ਬਦਲੇ ਚਾਰ ਸੂਬਿਆਂ ਦੇ ਪ੍ਰਧਾਨ
ਉਹਨਾਂ ਆਖਿਆ ਕਿ ਡੀਜਲ ਤੇ ਚਲਣ ਵਾਲੇ ਤਿੰਨ ਪਹੀਆ ਵਾਹਨਾਂ ਦੇ ਮਾਲਕਾਂ ਨੂੰ ਆਪਣੇ ਵਾਹਨ ਸੀ ਐਨ ਜੀ ਗੈਸ ਤੇ ਚਲਾਉਣ ਲਈ ਪ੍ਰੇਰਤ ਕੀਤਾ ਜਾਵੇਗਾ ਤਾਂ ਜੋ ਇਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਹਨਾਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਜਿੱਥੇ ਜੰਗਲਾਤ ਵਿਭਾਗ ਆਪਣੇ ਪੱਧਰ ਤੇ ਵੱਧ ਤੋਂ ਵੱਧ ਦਰਖੱਤ ਲਗਾਉਣ ਲਈ ਮੁਹਿੰਮ ਚਲਾ ਰਿਹਾ ਹੈ ਉੱਥੇ ਹੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੀ ਇਸ ਮੁਹਿੰਮ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ। ਉਹਨਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਨੂੰ ਪੂਰੀ ਤਰਾਂ ਪ੍ਰਦੂਸ਼ਣ ਮੁਕਤ ਕਰਨ ਲਈ ਉਦਯੋਗਪਤੀਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਜੁਲਾਈ ਮਹੀਨੇ ਤੋਂ ਦਰਖੱਤ ਲਗਾਉਣ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਕੰਮ ਲਈ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਤੋਂ ਵਿਸ਼ੇਸ਼ ਯੋਜਨਾ ਤਿਆਰ ਕਰਵਾਈ ਜਾਵੇਗੀ।
ਚੇਅਰਮੈਨ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਸਾਰੀਆਂ ਉਦਯੋਗਿਕ ਇਕਾਈਆਂ, ਪੈਟਰੋਲ ਪੰਪ, ਭਾਰ ਤੋਲਣ ਵਾਲੇ ਕੰਢੇ ਅਤੇ ਟਰੱਕ ਸਟੈਂਡ ਨੂੰ ਜਾਣ ਵਾਲੀਆਂ ਸੜਕਾਂ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਮਿੱਟੀ ਘੱਟੇ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਮੁੱਖ ਵਾਤਾਵਰਣ ਇੰਜਨੀਅਰ ਸ਼੍ਰੀ ਕਰੁਨੇਸ਼ ਗਰਗ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਸੀ ਐਨ ਜੀ ਗੈਸ ਦਾ ਵਿਸ਼ੇਸ਼ ਯੋਗਦਾਨ ਹੋਵੇਗਾ। ਉਹਨਾਂ ਦੱਸਿਆ ਕਿ ਲੁਧਿਆਣਾ ਵਿਖੇ ਤਿੰਨ, ਜਲੰਧਰ ਵਿਖੇ ਤਿੰਨ, ਅੰਮ੍ਰਿਤਸਰ ਵਿਖੇ ਚਾਰ ਅਤੇ ਮੋਹਾਲੀ ਵਿਖੇ ਪੰਜ ਸੀ ਐਨ ਜੀ ਗੈਸ ਸਟੇਸ਼ਨ ਸਥਾਪਤ ਕੀਤੇ ਜਾ ਚੁੱਕੇ ਹਨ। ਉਹਨਾਂ ਹੋਰ ਦੱਸਿਆ ਕਿ ਸਾਰੇ ਵਾਹਨ ਚਾਲਕਾਂ ਨੂੰ ਆਈ ਐਸ ਆਈ ਮਾਰਕ ਦੀਆਂ ਹੀ ਗੈਸ ਕਿੱਟਾਂ ਲਗਵਾਉਣੀਆਂ ਚਾਹੀਦੀਆਂ ਹੈੇ।