ਟਰੰਪ ਦੇ ਫੈਸਲੇ ਦਾ ਦੁਨੀਆ ਭਰ ‘ਚ ਵਿਰੋਧ
- ਚੀਨ ਨੇ ਕਿਹਾ ਡੀਲ ਨੂੰ ਕਾਇਮ ਰੱਖਣ ਦੀ ਹਰ ਸੰੰਭਵ ਕੋਸ਼ਿਸ਼ ਕਰਾਂਗੇ
ਬੀਜਿੰਗ (ਏਜੰਸੀ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਵੇਂ ਇਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ ਪਰ ਚੀਨ ਹੁਣ ਵੀ ਇਰਾਨ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਉਹ ਇਸ ਸਮਝੌਤੇ ਨੂੰ ਕਾਇਮ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਤੇ ਇਰਾਨ ਪ੍ਰਮਾਣੂ ਸਮਝੌਤਾ ਅੱਗੇ ਵੀ ਜਾਰੀ ਰਹੇਗਾ। ਟਰੰਪ ਦੇ ਇਸ ਫੈਸਲੇ ਦਾ ਦੁਨੀਆ ਭਰ ‘ਚ ਵਿਰੋਧ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਟਰੰਪ ਨੇ ਇਰਾਨ ਨਾਲ ਇਤਿਹਾਸਕ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੇ ਵੱਖ ਹੋਣ ਦਾ ਐਲਾਨ ਕਰ ਦਿੱਤਾ, ਇਸ ਫੈਸਲੇ ਨੇ ਮਿਡਲ ਈਸਟ ਦੇਸ਼ਾਂ ਦਰਮਿਆਨ ਮੱਤਭੇਦ ਦੇ ਖਤਰੇ ਨੂੰ ਵਧਾ ਦਿੱਤਾ ਹੈ। ਨਾਲ ਹੀ ਇਸ ਦਾ ਅਸਰ ਦੁਨੀਆ ‘ਚ ਤੇਲ ਦੀ ਸਪਲਾਈ ‘ਤੇ ਵੀ ਪਵੇਗਾ।
ਟਰੰਪ ਨੇ ਵ੍ਹਾਈਟ ਹਾਊਸ ‘ਚ ਇਸ ਫੈਸਲੇ ਤੋਂ ਅਮਰੀਕਾ ਨੂੰ ਵੱਖ ਕਰਦਿਆਂ ਕਿਹਾ ਸੀ ਕਿ ਮੇਰੇ ਲਈ ਇਹ ਸਪੱਸ਼ਟ ਹੈ ਕਿ ਅਸੀਂ ਇਰਾਨ ਦੇ ਪਰਮਾਣੂ ਬੰਬ ਨੂੰ ਨਹੀਂ ਰੋਕ ਸਕਦੇ। ਇਸ ਤੋਂ ਕੁਝ ਦੇਰ ਬਾਅਦ ਹੀ ਟਰੰਪ ਨੇ ਇਰਾਨ ਖਿਲਾਫ ਤਾਜ਼ਾ ਪਾਬੰਦੀਆਂ ਵਾਲੇ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ ਤੇ ਦੇਸ਼ਾਂ ਨੂੰ ਇਰਾਨ ਦੇ ਵਿਵਾਦਿਤ ਪਰਮਾਣੂ ਹਥਿਆਰ ਪ੍ਰੋਗਰਾਮ ‘ਤੇ ਉਸ ਨਾਲ ਸਹਿਯੋਗ ਕਰਨ ਖਿਲਾਫ਼ ਚਿਤਾਵਨੀ ਦਿੱਤੀ।