ਖਹਿਰਾ ਅਤੇ ਭਗਵੰਤ ਮਾਨ ਦੀ ਛੁੱਟੀ ਤੈਅ, ਖਹਿਰਾ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਐ ਆਪ ਦੀ ਲੀਡਰਸ਼ਿਪ | AAP
- ਭਗਵੰਤ ਮਾਨ ਪਹਿਲਾਂ ਹੀ ਦੇ ਚੁੱਕੇ ਹਨ ਅਸਤੀਫ਼ਾ, ਜਲਦ ਹੀ ਕੀਤਾ ਜਾ ਸਕਦਾ ਐ ਸਵੀਕਾਰ | AAP
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਪੰਜਾਬ ਦੇ ਸੰਗਠਨ ਵਿੱਚ ਜਲਦ ਹੀ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਬਤੌਰ ਸੂਬਾ ਪ੍ਰਧਾਨ ਅਸਤੀਫ਼ਾ ਕਿਸੇ ਵੀ ਸਮੇਂ ਸਵੀਕਾਰ ਕੀਤਾ ਜਾ ਸਕਦਾ ਹੈ ਅਤੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੂੰ ਹਟਾਇਆ ਜਾ ਸਕਦਾ ਹੈ। ਸੁਖਪਾਲ ਖਹਿਰਾ ਦੀ ਕਾਰਗੁਜ਼ਾਰੀ ਤੋਂ ਨਾ ਹੀ ਪਾਰਟੀ ਲੀਡਰਸ਼ਿਪ ਖੁਸ਼ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਖੁਸ਼ ਹਨ। ਇਸ ਲਈ ਜਲਦ ਹੀ ਦਿੱਲੀ ਤੋਂ ਇਸ ਸਬੰਧੀ ਫ਼ਰਮਾਨ ਆਉਣ ਤੋਂ ਬਾਅਦ ਇਸ ਫੇਰਬਦਲ ਨੂੰ ਹਰੀ ਝੰਡੀ ਮਿਲ ਜਾਵੇਗੀ।
ਭਗਵੰਤ ਮਾਨ ਡੇਢ ਮਹੀਨੇ ਪਹਿਲਾਂ ਮਾਰਚ ਵਿੱਚ ਹੀ ਆਪਣਾ ਅਸਤੀਫ਼ਾ ਦੇ ਚੁੱਕੇ ਹਨ, ਕਿਉਂਕਿ ਉਹ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮਜੀਤ ਜੀਠੀਆ ਤੋਂ ਮੰਗੀ ਗਈ ਮੁਆਫ਼ੀ ਤੋਂ ਨਰਾਜ਼ ਹੋ ਗਏ ਸਨ, ਹਾਲਾਂਕਿ ਅਸਤੀਫ਼ਾ ਦੇਣ ਮੌਕੇ ਜਾਂ ਫਿਰ ਅਸਤੀਫ਼ਾ ਦੇਣ ਤੋਂ ਬਾਅਦ ਭਗਵੰਤ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲਿਆ ਗਿਆ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਲੀਡਰ ਸੁਖਪਾਲ ਖਹਿਰਾ ਵਲੋਂ ਅਸਤੀਫ਼ਾ ਨਾ ਦੇਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਗਈ ਸੀ।
ਖਹਿਰਾ ਰਹੇ ਸਿਸੌਦੀਆ ਤੋਂ ਦੂਰ, ਪ੍ਰੈਸ ਕਾਨਫਰੰਸ ‘ਚ ਨਹੀਂ ਲਿਆ ਭਾਗ
ਸੁਖਪਾਲ ਖਹਿਰਾ ਖ਼ੁਦ ਹੀ ਆਪ ਦੇ ਪੰਜਾਬ ਇੰਚਾਰਜ ਮਨੀਸ਼ ਸਿਸੌਦੀਆ ਤੋਂ ਬੀਤੇ ਦਿਨੀਂ ਦੂਰੀ ਬਣਾ ਕੇ ਰੱਖਦੇ ਹੋਏ ਨਜ਼ਰ ਆਏ। ਸਿਸੌਦੀਆ ਵੱਲੋਂ ਕੀਤੇ ਗਏ ਪ੍ਰੋਗਰਾਮ ਵਿੱਚ ਜਿਥੇ ਸੁਖਪਾਲ ਖਹਿਰਾ ਜ਼ਿਆਦਾ ਸਮਾਂ ਨਹੀਂ ਰਹੇ, ਉਥੇ ਪ੍ਰੈਸ ਕਾਨਫਰੰਸ ਸਮੇਂ ਤਾਂ ਖਹਿਰਾ ਗਾਇਬ ਹੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਮਨੀਸ਼ ਸਿਸੌਦੀਆ ਦੀ ਪ੍ਰੈਸ ਕਾਨਫਰੰਸ ਨੂੰ ਛੱਡ ਕੇ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਕਿਸੇ ਸ਼ਿਕਾਇਤ ਸਬੰਧੀ ਚਲੇ ਗਏ ਸਨ, ਜਿਸ ਕਾਰਨ ਸਿਸੌਦੀਆ ਖਹਿਰਾ ਤੋਂ ਨਾਰਾਜ਼ ਹੋ ਗਏ।