ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮੌਕੇ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ | Dera Sacha Sauda
- ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਤੇ ਬੱਚਿਆਂ ਨੂੰ ਸਟੇਸ਼ਨਰੀ | Dera Sacha Sauda
ਸਰਸਾ (ਭੁਪਿੰਦਰ ਸਿੰਘ)। ਲੋਹੜੇ ਦੀ ਗਰਮੀ ਤੇ ਕੰਮਕਾਜੀ ਸੀਜਨ ਦੇ ਦਿਨਾਂ ਦੌਰਾਨ ਵੀ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ (Dera Sacha Sauda) ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀ ਵਰ੍ਹੇਗੰਢ ਮਨਾਈ। ਇਸ ਮੌਕੇ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਦੀ ਅਗਵਾਈ ਹੇਠ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਵਿਖੇ ਵਿਸ਼ਾਲ ਮੁਫ਼ਤ ਚੈੱਕਅਪ ਕੈਂਪ ਅਤੇ ਸ਼ਾਹ ਸਤਿਨਾਮ ਜੀ ਧਾਮ ਸਥਿਤ ਸੱਚਖੰਡ ਹਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।
ਇਸ ਪਵਿੱਤਰ ਦਿਹਾੜੇ ਮੌਕੇ ਸਤਿਸੰਗ ਪੰਡਾਲ ‘ਚ ਹੋਈ ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਗਾ ਕੇ ਇਸ ਪਵਿੱਤਰ ਦਿਹਾੜੇ ‘ਤੇ ਮਾਲਕ ਦਾ ਗੁਣਗਾਨ ਕੀਤਾ। ਇਸ ਦੌਰਾਨ ਸਾਧ-ਸੰਗਤ ਨੇ ਰਿਕਾਰਡਿਡ ਵੀਡੀਓ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫ਼ਰਮਾਏ ਗਏ ਬਚਨਾਂ ਨੂੰ ਸਰਵਣ ਕੀਤਾ।
ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਲੋੜਵੰਦ ਪਰਿਵਾਰਾਂ ਨੂੰ ਜਿੱਥੇ ਰਾਸ਼ਨ ਵੰਡਿਆ ਗਿਆ ਉੱਥੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਕਿਤਾਬਾਂ ਤੇ ਹੋਰ ਸਟੇਸ਼ਨਰੀ ਵੰਡੀ ਗਈ। ਨਾਮਚਰਚਾ ਦੌਰਾਨ ਦਿਲ ਜੋੜ ਮਾਲਾ ਪਾ ਕੇ 7 ਜੋੜੇ ਵਿਆਹ ਬੰਧਨ ‘ਚ ਬੱਝੇ ਇਸ ਮੌਕੇ ਹਾਜ਼ਰ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਤੇਜ਼ ਰਫਤਾਰ ਨਾਲ ਕਰਨ ਦਾ ਪ੍ਰਣ ਲਿਆ।
ਖੂਨਦਾਨ ਕੈਂਪ ‘ਚ ਹੋਇਆ 2375 ਯੂਨਿਟ ਖੂਨਦਾਨ | Dera Sacha Sauda
ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀ ਵਰ੍ਹੇਗੰਢ ‘ਤੇ ਸ਼ਾਹ ਸਤਿਨਾਮ ਜੀ ਧਾਮ ਦੇ ਸੱਚਖੰਡ ਹਾਲ ‘ਚ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਮੈਨੇਜਿੰਗ ਕਮੇਟੀ ਦੁਆਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਤੇ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਗਿਆ। ਇਸ ਮੌਕੇ ਖੂਨਦਾਨ ਲਈ ਪਹੁੰਚੇ ਖੂਨਦਾਨੀਆਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ ਕੈਂਪ ‘ਚ ਕੁੱਲ 2375 ਯੂਨਿਟ ਖੂਨਦਾਨ ਹੋਇਆ।
ਮੈਡੀਕਲ ਕੈਂਪ ਦਾ 1751 ਨੇ ਲਿਆ ਲਾਹਾ | Dera Sacha Sauda
ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀ ਵਰ੍ਹੇਗੰਢ ‘ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਵਿਖੇ ਲੱਗੇ ਮੁਫ਼ਤ ਚੈੱਕਅਪ ਕੈਂਪ ‘ਚ ਮਾਹਿਰ ਡਾਕਟਰਾਂ ਵੱਲੋਂ 1052 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ।
ਦੇਸ਼-ਵਿਦੇਸ਼ ‘ਚ ਵੀ ਹੋਈ ਨਾਮ ਚਰਚਾ
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਮਹਾਂਰਾਸ਼ਟਰ ਆਦਿ ਸੂਬਿਆਂ ਸਮੇਤ ਵਿਦੇਸ਼ਾਂ ਜਿਵੇਂ ਕੈਨੇਡਾ, ਅਸਟਰੇਲੀਆ, ਅਮਰੀਕਾ, ਇੰਗਲੈਂਡ ਆਦਿ ਦੀ ਸਾਧ-ਸੰਗਤ ਨੇ ਸਥਾਨਕ ਨਾਮ ਚਰਚਾ ਘਰਾਂ ‘ਚ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀ ਵਰ੍ਹੇਗੰਢ ਦਾ ਇਹ ਪਵਿੱਤਰ ਦਿਹਾੜਾ ਮਨਾਇਆ।