ਡੀਲਰਾਂ ਦੇ ਫੋਨ ਖੜਕੇ, ਪਿੰਡਾਂ ‘ਚ ਏਜੰਟ ਵੀ ਸਰਗਰਮ
ਬਠਿੰਡਾ (ਅਸ਼ੋਕ ਵਰਮਾ)। ਕਪਾਹ ਪੱਟੀ ‘ਚ ਨਰਮੇ ਕਪਾਹ ਦੀ ਬਿਜਾਂਦ ਦੂਰ ਹੋਣ ਦੇ ਬਾਵਜੂਦ ਗੁਜਰਾਤੀ ਬੀਜ ਡੀਲਰਾਂ ਨੇ ਬਠਿੰਡਾ ਖਿੱਤੇ ‘ਚ ਕਿਸਾਨਾਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨਾਂ ਕੋਲ ਗੁਜਰਾਤੀ ਡੀਲਰਾਂ ਦੇ ਫੋਨ ਖੜਕਣ ਲੱਗੇ ਹਨ ਤੇ ਆਪਣੇ ਏਜੰਟਾਂ ਨੂੰ ਵੀ ਸਰਗਰਮ ਕਰ ਦਿੱਤਾ ਹੈ ਗੁਜਰਾਤ ਦੇ ਬੀਜ ਡੀਲਰ ਕਿਸਾਨਾਂ ਨੂੰ ਝਾਂਸਾ ਦੇ ਰਹੇ ਹਨ ਕਿ ਉਨ੍ਹਾਂ ਦੇ ਬੀਜ ਨੂੰ ਚਿੱਟਾ ਮੱਛਰ ਨਹੀਂ ਪੈਂਦਾ ਅਜਿਹੀਆਂ ਰਿਪੋਰਟਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਬਠਿੰਡਾ ਮੁਸਤੈਦ ਹੋ ਗਿਆ ਹੈ ਡਿਪਟੀ ਕਮਿਸ਼ਨਰ ਬਠਿੰਡਾ ਨੇ ਤਾਂ ਅੱਜ ਏਦਾਂ ਦੇ ਬੀਜਾਂ ਦੀ ਵਿੱਕਰੀ ਖਿਲਾਫ ਅਲਰਟ ਜਾਰੀ ਕਰ ਦਿੱਤਾ ਹੈ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪੁਲਿਸ ਨੂੰ ਅਜਿਹੇ ਡੀਲਰਾਂ ਜਾਂ ਏਜੰਟਾਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
ਸਿਵਲ ਪ੍ਰਸ਼ਾਸਨ ਅਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦਾ ਡਰ ਸਤਾ ਰਿਹਾ ਹੈ ਪ੍ਰਮੁੱਖ ਸਕੱਤਰ ਚਿੱਟੀ ਮੱਖੀ ਦੇ ਹਮਲੇ ਮਾਮਲੇ ‘ਚ ਪਹਿਲਾਂ ਵੀ ਕਾਫੀ ਸਖਤ ਰਹੇ ਹਨ ਖਾਸ ਤੌਰ ‘ਤੇ ਸਾਲ 2016 ‘ਚ ਆਪਣੇ ਬਠਿੰਡਾ ਦੌਰੇ ਦੌਰਾਨ ਤਾਂ ਉਨ੍ਹਾਂ ਨੇ ਖੇਤੀ ਅਫਸਰਾਂ ਦੀ ਇਸ ਮੁੱਦੇ ‘ਤੇ ਕਾਫੀ ਖਿਚਾਈ ਵੀ ਕੀਤੀ ਸੀ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਰਮੇ ਦੀ ਖੇਤੀ ਨੂੰ ਸਬੰਧੀ ਆਪਣਾ ਸਟੈਂਡ ਸਖ਼ਤ ਕਰ ਲਿਆ ਹੈ ਤਾਂ ਅਫਸਰ ਵੀ ਫਿਕਰਮੰਦ ਹੋ ਗਏ ਹਨ।
ਇਹ ਵੀ ਪੜ੍ਹੋ : ਕੈਨੇਡਾ ‘ਚ ਵੱਡਾ ਸੜਕ ਹਾਦਸਾ, 15 ਦੀ ਮੌਤ, 10 ਜ਼ਖਮੀ
ਸੂਤਰਾਂ ਅਨੁਸਾਰ ਕਪਾਹ ਦੀ ਬਿਜਾਂਦ ਵਾਲੇ ਪਿੰਡਾਂ ‘ਚ ਗੁਜਰਾਤੀ ਡੀਲਰਾਂ ਵੱਲੋਂ ਕਿਸਾਨਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ ਮੌੜ ਬਲਾਕ ਦੇ ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਗੁਜਰਾਤ ਵਿੱਚੋਂ ਦੋ ਬੀਜ ਡੀਲਰਾਂ ਦਾ ਫੋਨ ਆਇਆ ਹੈ ਆਪਣੇ ਬੀਜਾਂ ਨੂੰ ਉਹ ਚਿੱਟੀ ਮੱਖੀ ਦੇ ਹਮਲੇ ਤੋਂ ਰਹਿਤ ਹੋਣ ਦਾ ਦਾਅਵਾ ਕਰ ਰਹੇ ਸਨ ਉਸ ਨੇ ਦੱਸਿਆ ਕਿ ਇਹ ਲੋਕ ਤਾਂ 40 ਮਣ ਪ੍ਰਤੀ ਏਕੜ ਝਾੜ ਦੀ ਵੀ ਗਾਰੰਟੀ ਦੇ ਰਹੇ ਹਨ ਪਰ ਉਸ ਨੇ ਜੋਖਮ ਲੈਣਾ ਠੀਕ ਨਹੀਂ ਸਮਝਿਆ ਹੈ।
ਤਲਵੰਡੀ ਸਾਬੋ ਦੇ ਕਿਸਾਨ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਗੁਜਰਾਤੀ ਡੀਲਰਾਂ ਨੇ ਫੋਨ ‘ਤੇ ਇਹੋ ਦੱਸਿਆ ਕਿ ਹੁਣ ਉਨ੍ਹਾਂ ਨਰਮੇ ਦੀ ਪੁਰਾਣੀ ਕਿਸਮ ਵਿੱਚ ਅਜਿਹਾ ਜੀਨ ਪਾ ਦਿੱਤਾ ਹੈ, ਜਿਸ ਨੂੰ ਚਿੱਟੀ ਮੱਖੀ ਨਹੀਂ ਪੈਂਦੀ ਸੂਤਰ ਦੱਸਦੇ ਹਨ ਕਿ ਮਾਨਸਾ ਅਤੇ ਬਠਿੰਡਾ ਜਿਲ੍ਹਿਆਂ ‘ਚ ਤਾਂ ਇਨ੍ਹਾਂ ਡੀਲਰਾਂ ਨੇ ਜੋ ਏਜੰਟ ਤਾਇਨਾਤ ਕੀਤੇ ਹੋਏ ਹਨ ਉਨ੍ਹਾਂ ਵੱਲੋਂ ਕਈ ਪਿੰਡਾਂ ਵਿੱਚ ਕਿਸਾਨਾਂ ਨੂੰ ਗੁਜਰਾਤੀ ਬੀਜਾਂ ਨੂੰ ਚਿੱਟੀ ਮੱਖੀ ਦੇ ਹੱਲੇ ਤੋਂ ਪੂਰੀ ਤਰ੍ਹਾਂ ਰਹਿਤ ਹੋਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲਾਹੇਵੰਦ ਹੋ ਸਕਦੈ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ
ਸੂਤਰਾਂ ਨੇ ਦੱਸਿਆ ਹੈ ਕਿ ਜਿਲ੍ਹਾ ਖੇਤੀ ਬਾੜੀ ਵਿਭਾਗ ਨੂੰ ਜਾਂਚ ਦੌਰਾਨ ਕਪਾਹ ਪੱਟੀ ‘ਚ ਰੋਜ਼ਾਨਾ ਚਾਰ ਦਰਜਨ ਦੇ ਕਰੀਬ ਕਿਸਾਨਾਂ ਵੱਲੋਂ ਗੁਜਰਾਤੀ ਬੀਜ ਲਿਆਉਣ ਦੀ ਪੁਸ਼ਟੀ ਹੋਈ ਹੈ ਸੂਤਰਾਂ ਮੁਤਾਬਕ ਬੀਜ ਦੀ ਪੂਰੀ ਗਰੰਟੀ ਦਿੱਤੀ ਜਾ ਰਹੀ ਅਤੇ 600 ਤੋਂ 650 ਰੁਪਏ ਪ੍ਰਤੀ ਪੈਕੇਟ ਬੀਜ ਦੀ ਕੀਮਤ ਤੈਅ ਕੀਤੀ ਗਈ ਹੈ ਪੰਜਾਬ ‘ਚ ਸਰਕਾਰ ਵੱਲੋਂ ਪ੍ਰਤੀ ਪੈਕਟ ਬੀਜ ਦਾ ਭਾਅ 8 ਸੌ ਰੁਪਏ ਮਿਥਿਆ ਗਿਆ ਹੈ ਪੰਜਾਬ ਖੇਤੀ ‘ਵਰਸਿਟੀ ਦੇ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਹਾਲੇ ਤੱਕ ਅਜਿਹਾ ਕੋਈ ਬੀਜ ਨਹੀਂ ਆਇਆ, ਜਿਸ ਕਰਕੇ ਕਿਸਾਨ ਇਨ੍ਹਾਂ ਡੀਲਰਾਂ ਤੋਂ ਚੌਕਸ ਰਹਿਣ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।
ਚਿੱਟੀ ਮੱਖੀ ਪ੍ਰਤੀਰੋਧਕ ਬੀਜ ਬਜ਼ਾਰ ‘ਚ ਨਹੀਂ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਦਾ ਕਹਿਣਾ ਸੀ ਕਿ ਖੇਤੀ ਮਾਹਰਾਂ ਅਨੁਸਾਰ ਅੱਜ ਤੱਕ ਚਿੱਟੀ ਮੱਖੀ ਦਾ ਪ੍ਰਤੀਰੋਧਕ ਕੋਈ ਵੀ ਬੀਜ ਬਾਜ਼ਾਰ ਵਿੱਚ ਨਹੀਂ ਆਇਆ ਹੈ ਉਨ੍ਹਾਂ ਆਖਿਆ ਕਿ ਕੁਝ ਲੋਕ ਕਿਸਾਨਾਂ ਦਾ ਫਾਇਦਾ ਉਠਾ ਸਕਦੇ ਹਨ, ਜਿਸ ਕਰਕੇ ਕਿਸਾਨ ਅਜਿਹੇ ਝੂਠੇ ਦਾਅਵਿਆਂ ਵਿੱਚ ਨਾ ਆਉਣ ਉਨ੍ਹਾਂ ਕਿਹਾ ਕਿ ਖੇਤੀ ਅਫ਼ਸਰਾਂ ਨੂੰ ਹੁਕਮ ਕੀਤੇ ਗਏ ਹਨ ਕਿ ਉਹ ਗੁਜਰਾਤ ਵਿੱਚੋਂ ਆਉਣ ਵਾਲੀਆਂ ਗੱਡੀਆਂ ‘ਤੇ ਨਜ਼ਰ ਰੱਖਣ ਤਾਂ ਜੋ ਗ਼ੈਰ ਮਿਆਰੀ ਨਰਮੇ ਦੇ ਬੀਜ ਨੂੰ ਰੋਕਿਆ ਜਾ ਸਕੇ।
ਗੁਜਰਾਤੀ ਬੀਜ ਤੋਂ ਸੁਚੇਤ ਰਹਿਣ ਕਿਸਾਨ
ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਗੁਰਦਿੱਤਾ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਖੇਤੀ ਵਿਭਾਗ ਨੂੰ ਕੁਝ ਕਿਸਾਨਾਂ ਵੱਲੋਂ ਗੁਜਰਾਤੀ ਬੀਜ ਲਿਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ ਉਨ੍ਹਾਂ ਆਖਿਆ ਕਿ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਨਰਮੇ ਦੀਆਂ ਕਿਸਮਾਂ ਦੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਅਤੇ ਗੁਜਰਾਤ ਦੇ ਡੀਲਰ ਕਿਸਾਨਾਂ ਨੂੰ ਗੁੰਮਰਾਹ ਕਰਕੇ ਬੀਜ ਵੇਚ ਰਹੇ ਹਨ ਜਿਸ ਤੋਂ ਕਿਸਾਨ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਜ਼ਰੂਰਤ ਹੈ।