ਅਕਾਲੀ ਦਲ ਵੱਲੋਂ ਦਿੱਲੀ ਦੰਗਿਆਂ ਸਬੰਧੀ ਜਾਰੀ ਕੀਤੀ ਗਈ ਵੀਡੀਓ ‘ਤੇ ਦਿੱਤਾ ਜਵਾਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਉਸ ਦਾਅਵੇ ਨੂੰ ਨਕਾਰ ਦਿੱਤਾ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਦਿੱਲੀ ਦੰਗਿਆ ‘ਚ ਕੋਈ ਸ਼ਮੂਲੀਅਤ ਸੀ ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਫ਼ਰਜੀ ਤੇ ਬੇਬੁਨਿਆਦ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੰਗੇ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਚੋਣ ਦੌਰੇ ‘ਤੇ ਕਲਕੱਤਾ ਤੋਂ ਕੋਈ 150 ਕਿਲੋਮੀਟਰ ਦੂਰ ਕੋਂਟਾਈ ਵਿਖੇ ਸਨ ਅਤੇ ਸੁਖਬੀਰ ਬਾਦਲ ਟੀ.ਵੀ. ਇੰਟਰਵਿਊ ਵਿੱਚ ਜਗਦੀਸ਼ ਟਾਈਟਲਰ ਦੇ ਬਿਆਨ ਨੂੰ ਜਾਣ-ਬੁੱਝ ਕੇ ਗਲਤ ਢੰਗ ਨਾਲ ਪੇਸ਼ ਕਰ ਰਿਹਾ ਹੈ। ਟਾਈਟਲਰ ਇਸ ਵੀਡੀਓ ਨੂੰ ਰੱਦ ਕਰ ਚੁੱਕੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਲ ਪੂਰੀ ਤਰ੍ਹਾਂ ਰਿਕਾਰਡ ‘ਚ ਹੈ ਕਿ ਰਾਜੀਵ ਗਾਂਧੀ, ਉਨ੍ਹਾਂ ਦੀ ਮਾਤਾ ਦੀ ਹੱਤਿਆ ਬਾਰੇ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਦਿੱਲੀ ਵਾਪਸ ਆਏ ਅਤੇ ਉਸ ਸਮੇਂ ਦੰਗੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਸਨ ਅਤੇ ਕਦੀ ਵੀ ਟਾਈਟਲਰ ਨੇ ਰਾਜੀਵ ਗਾਂਧੀ ਨੂੰ ਦੰਗਿਆਂ ਦੇ ਨਾਲ ਨਹੀਂ ਜੋੜਿਆ, ਜਿਸ ਦਾ ਸੁਖਬੀਰ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸਲ ‘ਚ ਟਾਈਟਲਰ ਨੇ ਆਪਣੀ ਇੰਟਰਵਿਊ ਵਿੱਚ ਸ਼ਪੱਸ਼ਟ ਕਿਹਾ ਹੈ ਕਿ ਰਾਜੀਵ ਗਾਂਧੀ ਨੇ ਉਨ੍ਹਾਂ ਦੇ ਨਾਲ ਸਥਿਤੀ ‘ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਸਮੇਂ ਗੰਭੀਰ ਰੂਪ ਅਖਤਿਆਰ ਕਰ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਭੰਡੀ ਪ੍ਰਚਾਰ ਲਈ ਟੀ.ਵੀ. ਇੰਟਰਵਿਊ ਵਿੱਚ ਟਾਈਟਲਰ ਦੇ ਬਿਆਨ ਨੂੰ ਗਲਤ ਢੰੰਗ ਨਾਲ ਪੇਸ਼ ਕਰਨ ਤੋਂ ਬਾਅਦ ਹੁਣ ਇਸ ਵੀਡੀਓ ਦਾ ਸਹਾਰਾ ਲੈ ਰਹੇ ਹਨ, ਜਿਸ ਨੂੰ ਕਾਂਗਰਸ ਦੇ ਆਗੂ ਨੇ ਪਹਿਲਾਂ ਹੀ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਟਾਈਟਲਰ ਕਿਸੇ ਵੀ ਤਰੀਕੇ ਨਾਲ ਇਸ ਵਿਚ ਸ਼ਾਮਲ ਹੁੰਦਾ ਤਾਂ ਉਨ੍ਹਾਂ ਦਾ ਪਰਦਾਫਾਸ਼ ਬਹੁਤ ਸਮਾਂ ਪਹਿਲਾਂ ਵੀ ਹੋ ਜਾਣਾ ਸੀ।