ਅੰਮ੍ਰਿਤਸਰ ‘ਚ ਲਾਹੌਰ ਦੀ ਤਰਜ਼ ‘ਤੇ ਬਣੇਗੀ ਫੂਡ ਸਟਰੀਟ : ਅਮਰਿੰਦਰ

ਅੰਮ੍ਰਿਤਸਰ (ਰਾਜਨ ਮਾਨ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ‘ਚ ਲਾਹੌਰ ਦੀ ਤਰਜ਼ ‘ਤੇ ਫੂਡ ਸਟਰੀਟ ਬਣੇਗੀ, ਜਿੱਥੇ ਇੱਥੋਂ ਦੇ ਸਵਾਦਿਸ਼ਟ ਭੋਜਨ ਦਾ ਆਨੰਦ ਵਿਸ਼ਵ ਭਰ ਤੋਂ ਆਉਂਦੇ ਸੈਲਾਨੀ ਲੈ ਸਕਣਗੇ ਮੁੱਖ ਮੰਤਰੀ ਨੇ ਜਿਉਂ ਹੀ ਇਹ ਐਲਾਨ ਕੀਤਾ ਤਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਰੋਸਾ ਦਿੱਤਾ ਕਿ ਅਗਲੇ 6 ਮਹੀਨਿਆਂ ‘ਚ ਇਹ ਫੂਡ ਸਟਰੀਟ ਸ਼ਹਿਰ ਦੇ ਟਾਊਨ ਹਾਲ ਵਿੱਚ ਬਣਾ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਗਰੀ ਇਸ ਵੇਲੇ ਲੱਖਾਂ ਸੈਲਾਨੀ ਰੋਜ ਆਉਂਦੇ ਹਨ ਅਤੇ ਜੇਕਰ ਉਨ੍ਹਾਂ ਵਾਸਤੇ ਪੰਜਾਬ ਦੇ ਲਜ਼ੀਜ਼ ਖਾਣੇ ਇੱਕ ਹੀ ਥਾਂ ਮਿਲਣ ਲੱਗ ਜਾਣ ਤਾਂ ਇਹ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਵੇਗੀ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਪ੍ਰਸਿੱਧ ਕਲਾਕਾਰ ਅਤੇ ਨਿਰਮਾਤਾ ਦੀਪਾ ਸ਼ਾਹੀ ਵੱਲੋਂ ਕਿਲ੍ਹਾ ਗੋਬਿੰਦਗੜ੍ਹ ਵਿਖੇ ਕਰਵਾਏ ਜਾ ਰਹੇ ਇਤਿਹਾਸਕ ਕੰਮ ਦਾ ਪੂਰਾ ਸਾਥ ਦੇਵੇਗੀ ਉਨ੍ਹਾਂ ਕਿਹਾ ਕਿ ਦੀਪਾ ਵੱਲੋਂ 18ਵੀਂ ਸਦੀ ਦੇ ਇਸ ਕਿਲੇ ਨੂੰ ਸਾਂਭਣ ਅਤੇ ਉਸ ਮੌਕੇ ਦੀ ਵਿਰਾਸਤ ਨੂੰ ਜਨਤਾ ਦੇ ਰੂ-ਬਰੂ ਕਰਨ ਲਈ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ ਅਤੇ ਇਸ ਕੰਮ ਵਿੱਚ ਸਰਕਾਰ ਉਸ ਦੇ ਨਾਲ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ, ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ,  ਸ: ਸੁਖਬਿੰਦਰ ਸਿੰਘ ਸਰਕਾਰੀਆ, ਸ੍ਰੀ ਓ.ਪੀ ਸੋਨੀ, ਡਾ: ਰਾਜਕੁਮਾਰ ਵੇਰਕਾ, ਸ: ਇੰਦਰਜੀਤ ਸਿੰਘ ਬੁਲਾਰੀਆ, ਸ: ਹਰਪ੍ਰਤਾਪ ਸਿੰਘ ਅਜਨਾਲਾ , ਸ: ਹਰਮਹਿੰਦਰ ਸਿੰਘ ਗਿੱਲ, ਸ: ਤਰਸੇਮ ਸਿੰਘ ਡੀਸੀ, ਸ: ਸੰਤੋਖ ਸਿੰਘ ਭਲਾਈਪੁਰਾ, ਸ੍ਰੀ ਸੁਨੀਲ ਦੱਤੀ, ਸ੍ਰੀ ਸੁਖਵਿੰਦਰ ਸਿੰਘ ਡੈਨੀ, ਡਾ: ਧਰਮਵੀਰ ਅਗਨੀਹੋਤਰੀ ਸਾਲ ਸਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਲਾਹੇਵੰਦ ਗੱਲਬਾਤ ਦੀ ਆਸ : ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟ ਕੀਤੀ ਹੈ ਕਿ ਪੰਜਾਬ ਦੌਰੇ ‘ਤੇ ਆ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨਾਲ ਲਾਹੇਵੰਦ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਕੈਨੇਡਾ ਦੇ ਦੋ ਮੰਤਰੀਆਂ ਵੱਲੋਂ ਖਾਲਿਸਤਾਨੀ ਲਹਿਰ ਨਾਲ ਕੋਈ ਸਬੰਧ ਨਾ ਹੋਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਸੰਭਵ ਹੋਇਆ ਹੈ ਅੱਜ ਨਰਾਇਣਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਸ੍ਰੀ ਹਰਜੀਤ ਸਿੰਘ ਸੱਜਣ ਅਤੇ ਮੁੱਢਲਾ ਢਾਂਚਾ ਮੰਤਰੀ ਸ੍ਰੀ ਅਮਰਜੀਤ ਸਿੰਘ ਸੋਹੀ ਵਲੋਂ ਖਾਲਿਸਤਾਨ ਦੇ ਮੁੱਦੇ ਉੱਤੇ ਦਿੱਤੇ ਸਪਸ਼ਟੀਕਰਨ ਤੋਂ ਬਾਅਦ ਆਸ ਬਣੀ ਹੈ ਕਿ ਸ੍ਰੀ ਜਸਟਿਨ ਟਰੂਡੋ ਨਾਲ ਪੰਜਾਬ ਅਤੇ ਕੈਨੇਡਾ ਦੇ ਉਸਾਰੂ ਸਬੰਧਾਂ ਬਾਰੇ ਲਾਹੇਵੰਦ ਗੱਲਬਾਤ ਹੋ ਸਕੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੱਜਣ ਅਤੇ ਸੋਹੀ ਵੱਲੋਂ ਦਿੱਤੇ ਬਿਆਨ ਕਿ ਉਹ ਕਦੇ ਵੀ ਖਾਲਿਸਤਾਨ ਦੇ ਹਿਮਾਇਤੀ ਨਹੀਂ ਰਹੇ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਆਪਣੀ ਧਰਤੀ ਤੋਂ ਭਾਰਤ ਵਿਰੋਧੀ ਕਾਰਵਾਈਆਂ ਕਰਨ ਦੀ ਆਗਿਆ ਕਦੇ ਵੀ ਨਹੀਂ ਦੇਣਗੇ।