ਠੇਕੇਦਾਰਾਂ ਦੀ ਜੀਪ ਨੇ ਲਈ ਦੋ ਨੌਜਵਾਨਾਂ ਦੀ ਜਾਨ

ਸੜਕ ਹਾਦਸੇ ‘ਚ ਹੋਈਆਂ ਦੋ ਮੌਤਾਂ ਕਾਰਨ ਭੜਕੀ ਹਿੰਸਾ

  • ਭੜਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਾੜੇ ਸ਼ਰਾਬ ਦੇ ਠੇਕੇ ਤੇ ਗੱਡੀਆਂ
  • ਐਕਸਾਈਜ਼ ਵਿਭਾਗ ਦੀ ਗੱਡੀ ਹੇਠਾਂ ਆ ਕੇ ਦੋ ਨੌਜਵਾਨਾਂ ਦੀ ਹੋਈ ਮੌਤ

ਅੰਮ੍ਰਿਤਸਰ (ਰਾਜਨ ਮਾਨ)। ਡੇਰਾ ਬਾਬਾ ਨਾਨਕ ਵਿਖੇ ਅੱਜ ਮਾਹੌਲ ਉਸ ਵੇਲੇ ਤਣਾਅ ਪੂਰਨ ਬਣ ਗਿਆ ਜਦੋਂ ਕਸਬੇ ਦੇ ਫਤਹਿਗੜ੍ਹ ਚੂੜ੍ਹੀਆਂ ਰੋਡ ‘ਤੇ ਐਕਸਾਈਜ ਵਿਭਾਗ ਦੀ ਇੱਕ ਤੇਜ਼ ਰਫ਼ਤਾਰ ਗੱਡੀ ਦੀ ਲਪੇਟ ‘ਚ ਆ ਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਦੋ ਨੌਜਵਾਨ ਸੁਬੇਗ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਕੋਟ ਦਲਪਤ ਰਾਏ ਤੇ ਸੰਜੀਵ ਕੁਮਾਰ ਉਰਫ ਗੋਰੂ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਫਤਿਹ ਸਿੰਘ ਡੇਰਾ ਬਾਬਾ ਨਾਨਕ ਮੋਪਡ ‘ਤੇ ਸਵਾਰ ਹੋ ਕੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਜਾ ਰਹੇ ਸਨ ਜਦੋਂ ਉਕਤ ਦੋਵੇਂ ਨੌਜਵਾਨ ਰਸਤੇ ‘ਚ ਸੀ।

ਇਹ ਵੀ ਪੜ੍ਹੋ : ਲੁਧਿਆਣਾ ਕੈਸ਼ ਲੁੱਟ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਤਾਂ ਇਸ ਦੌਰਾਨ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ‘ਚ ਸਵਾਰ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਨਾਲ ਉਕਤ ਦੋਵਾਂ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋ ਗਈ ਤੇ ਬਾਅਦ ‘ਚ ਜਦੋਂ ਉਕਤ ਦੋਵੇਂ ਪਿੰਡ ਮੂਲੋਵਾਲੀ ਵਿਖੇ ਪਹੁੰਚੇ ਤਾਂ ਪਿੱਛੋਂ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਆਪਣੀਆਂ ਗੱਡੀਆਂ ਨੂੰ ਤੇਜ਼ ਰਫਤਾਰ ਨਾਲ ਲਿਆ ਕੇ ਉਕਤ ਮੋਪਡ ਸਵਾਰ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਨੌਜਵਾਨਾਂ ਦੇ ਪਛਾਣ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਮਾਹੌਲ ਤਨਾਅਪੂਰਨ ਹੋ ਗਿਆ ਤੇ ਹਿੰਸਾ ਭੜਕ ਉੱਠੀ ਜਿਸ ਦੇ ਸਿੱਟੇ ਵਜੋਂ ਜਿੱਥੇ ਡੇਰਾ ਬਾਬਾ ਨਾਨਕ ਨੂੰ ਜ਼ਬਰਦਸਤੀ ਬੰਦ ਕਰਵਾਉਂਦਿਆਂ ਪੁਰਾਣੇ ਬੱਸ ਸਟੈਂਡ ਅਤੇ ਨਵੇਂ ਬੱਸ ਸਟੈਂਡ ਵਿਖੇ ਸਥਿੱਤ ਦੋ ਸ਼ਰਾਬ ਦੇ ਠੇਕਿਆਂ ਦੀ ਭੀੜ ਵੱਲੋਂ ਤੋੜ ਭੰਨ ਕਰਦਿਆਂ ਅੱਗ ਲਾ ਕੇ ਫੂਕ ਦਿੱਤਾ ਗਿਆ ਉਥੇ ਹੀ ਇਹ ਵੀ ਸਾਹਮਣੇ ਆਇਆ ਕਿ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਨੂੰ ਵੀ ਭੀੜ ਵੱਲੋਂ ਸਾੜ ਦਿੱਤਾ ਗਿਆ ਤੇ ਡੇਰਾ ਬਾਬਾ ਨਾਨਕ ਦੇ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਚੋਰਾਂ ਨੇ ਇੱਕ ਘਰ ’ਚੋਂ 20 ਮਿੰਟਾਂ ’ਚ ਉਡਾਈ ਲੱਖਾਂ ਦੀ ਨਕਦੀ ਤੇ ਸੋਨਾ

ਇਸ ਮਾਮਲੇ ਸਬੰਧੀ ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਉਕਤ ਨੌਜਵਾਨ ਪਹਿਲਾਂ ਡੇਰਾ ਬਾਬਾ ਨਾਨਕ ਵਿਖੇ ਹੀ ਸਬੰਧਤ ਠੇਕੇਦਾਰਾਂ ਕੋਲ ਕੰਮ ਕਰਦੇ ਸਨ ਤੇ ਬਾਅਦ ‘ਚ ਹੁਣ ਰਮਦਾਸ ਵਿਖੇ ਕੰਮ ਕਰਦੇ ਸਨ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਵਿਖੇ ਸਬੰਧਤ 4 ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵਿਰੁੱਧ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।