ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਖੇਤੀ ਸੈਕਟਰ ਵਿੱਚ ਪੈਦਾ ਹੋਏ ਸੰਕਟ ਤੋਂ ਬਚਣ ਵਾਸਤੇ ਵੱਖ-ਵੱਖ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਲਈ ਮੁੜ ਕੇਂਦਰ ਅਤੇ ਸੂਬਿਆਂ ਦਾ 90:10 ਦਾ ਹਿੱਸਾ ਅਪਣਾਉਣ ਦੀ ਬੇਨਤੀ ਕੀਤੀ ਹੈ।
ਖੇਤੀਬਾੜੀ ਨੂੰ ਪੈਰਾਂ ‘ਤੇ ਲਿਆਉਣ ਅਤੇ ਫਸਲੀ ਵਿਭਿੰਨਤਾ ਨੂੰ ਲਾਗੂ ਕਰਨ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਵਾਸਤੇ ਖੇਤੀ ਵਿਕਾਸ ਪ੍ਰੋਗਰਾਮਾਂ ਲਈ ਪਹਿਲਾਂ ਵਾਲੇ ਹਿੱਸੇ ਨੂੰ ਮੁੜ ਲਾਗੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਓਨਾ ਚਿਰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਜ਼ਰੂਰੀ ਸੰਸਥਾਈ ਸਮਰਥਨ ਮੁਹੱਈਆ ਕਰਵਾਉਣ ਉੱਤੇ ਧਿਆਨ ਨਹੀਂ ਕੇਂਦਰਤ ਕੀਤਾ ਜਾਂਦਾ ਅਤੇ ਇਸ ਵਾਸਤੇ ਜ਼ਰੂਰੀ ਕਦਮ ਨਹੀਂ ਚੁੱਕੇ ਜਾਂਦੇ। ਮੁੱਖ ਮੰਤਰੀ ਨੇ ਕਿਹਾ ਕਿ
ਇਹ ਵੀ ਪੜ੍ਹੋ : ਭਾਰਤ-ਆਸਟ੍ਰੇਲੀਆ WTC ਫਾਈਨਲ : ਦੂਜੇ ਦਿਨ ਦਾ ਖੇਡ ਦੁਪਹਿਰ 3 ਵਜੇ ਤੋਂ
ਵੱਖ-ਵੱਖ ਕਾਰਨਾਂ ਕਰਕੇ ਭਾਰਤ ਭਰ ਵਿਚ ਕਿਸਾਨਾਂ ਦੀ ਹਾਲਤ ਲਗਾਤਾਰ ਨਿਘਰ ਦੀ ਜਾ ਰਹੀ ਹੈ, ਜਿਨ੍ਹਾਂ ਵਿਚ ਮੌਸਮ ‘ਚ ਤਬਦੀਲੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਸਤਾਂ ਦੀਆਂ ਕੀਮਤਾਂ ਵਿਚ ਗਿਰਾਵਟ ਵੀ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਲਈ ਕੇਂਦਰ ਅਤੇ ਸੂਬਿਆਂ ਦਾ ਹਿੱਸਾ ਮੁੜ 90:10 ਕਰਨ ਵਾਸਤੇ ਪੰਜਾਬ ਬੇਨਤੀ ਕਰ ਰਿਹਾ ਹੈ, ਜਿਸ ਦੇ ਨਾਲ ਖੇਤੀਬਾੜੀ ਵਿਚ ਨਿਵੇਸ਼ ਨੂੰ ਉਤਸ਼ਾਹਤ ਕਰਨ ਵਿਚ ਮਦਦ ਮਿਲੇਗੀ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਵੱਖ ਵੱਖ ਪ੍ਰੋਗਰਾਮਾਂ ਦੇ ਹੇਠ ਸੂਬਿਆਂ ਉੱਤੇ ਜਕੜ ਵਧਾਉਣ ਦੀ ਥਾਂ ਸੂਬਿਆਂ ਨੂੰ ਜ਼ਿਆਦਾ ਲਚਕਤਾ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੀਆਂ ਲੋੜਾਂ ਦੇ ਅਨੁਸਾਰ ਵਿਸ਼ੇਸ਼ ਖੇਤਰਾਂ ਉੱਤੇ ਜ਼ੋਰ ਦੇ ਸਕਣ।
ਹਾਨੀਕਾਰਕ 20 ਕੀਟਨਾਸ਼ਕਾਂ ਦੀ ਵਿੱਕਰੀ ‘ਤੇ ਪਾਬੰਦੀ ਦੇ ਹੁਕਮ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 20 ਕੀਟਨਾਸ਼ਕਾਂ ਦੀ ਵਿਕਰੀ ‘ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਮਾਨਵ ਲਈ ਨੁਕਸਾਨਦੇਹ ਹੋਣ ਦੇ ਨਾਲ-ਨਾਲ ਵਾਤਾਵਰਨ ਦੀ ਸਥਿਰਤਾ ਅਤੇ ਆਰਥਿਕ ਵਿਹਾਰਕਤਾ ਲਈ ਵੀ ਮਾਰੂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੀ ਰਜਿਸਟਰੇਸ਼ਨ ਕਮੇਟੀ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ (ਪੀ.ਐਸ.ਐਫ.ਸੀ) ਦੀਆਂ ਸਿਫ਼ਾਰਸ਼ਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਖ ਮੰਤਰੀ, ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਦਾ ਚਾਰਜ ਵੀ ਹੈ, ਨੇ 1 ਫਰਵਰੀ, 2018 ਤੋਂ ਇਨ੍ਹਾਂ ਕੀਟਨਾਸ਼ਕਾਂ ਉੱਤੇ ਪਾਬੰਦੀ ਲਈ ਸਹਿਮਤੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਇਸ ਪਾਬੰਦੀ ਨੂੰ ਸਹੀ ਅਤੇ ਸਖ਼ਤ ਢੰਗ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ।
ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਵਿਸ਼ੇਸ਼ ਸਕੱਤਰ ਖੇਤੀਬਾੜੀ ਨੇ ਸੂਬੇ ‘ਚ ਕੀਟਨਾਸ਼ਕਾਂ ਦੀ ਵਿੱਕਰੀ ਅਤੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਲਈ ਵਿਸ਼ਾਲ ਦਿਸ਼ਾ-ਨਿਰਦੇਸ਼ ਖੇਤੀਬਾੜੀ ਡਾਇਰੈਕਟਰ ਨੂੰ ਜਾਰੀ ਕੀਤੇ ਹਨ ਅਤੇ ਡਾਇਰੈਕਟਰ ਖੇਤੀਬਾੜੀ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਕੀਟਨਾਸ਼ਕਾਂ ਲਈ ਦਿੱਤੇ ਗਏ ਸਾਰੇ ਲਾਇਸੈਂਸਾਂ ਦੀ ਸਮੀਖਿਆ ਕਰਨ ਅਤੇ ਅੱਗੇ ਹੋਰ ਕੋਈ ਵੀ ਨਵਾਂ ਲਾਇਸੈਂਸ 1 ਫਰਵਰੀ, 2018 ਤੋਂ ਇਨ੍ਹਾਂ ਕੀਟਨਾਸ਼ਕਾਂ ਲਈ ਜਾਰੀ ਨਾ ਕਰਨ।
ਇਨਾਂ 20 ਕੀਟਨਾਸ਼ਕਾਂ ਦੀ ਸੂਚੀ ਵਿਚ ਫੋਸਫਾਮਿਡੋਨ, ਟ੍ਰਿਕਲੋਰੋਫੋਨ, ਬੈਨਫੁਰਾਕਾਰਬ, ਡਾਇਕੋਫੋਲ, ਮੈਥੋਮਾਈਲ, ਥਾਈਓਫਨੇਟ ਮਿਥਾਈਲ, ਐਂਡੋਸਲਫਾਨ, ਬਿਫੈਨਥ੍ਰਿਨ, ਕਾਰਬੋਸਲਫਾਨ, ਕਲੋਫੈਨਇਪਰ, ਡੇਜ਼ੋਮੈਟ, ਡੀਫਲੁਬੇਨਜ਼ੁਰੋਨ, ਫੈਨੀਟਰੋਥਯੋਨ, ਮੈਟਲਡੀਹਾਈਡ, ਕਾਸੂਗੈਮੇਸਿਨ, ਐਥੋਫੈਨਪਰੋਕਸ (ਐਟੋਫੈਨਪਰੋਕਸ), ਫੋਰੇਟ, ਟ੍ਰਾਈਆਜੋਫੋਸ, ਅਲਾਚੀਓਰ ਤੇ ਮੋਨੋਕਰੋਟੋਫੋਸ ਸ਼ਾਮਲ ਹਨ।