ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਖ਼ੁਦਕੁਸ਼ੀ ਕਰਨ ਵਾਲਿਆਂ ਦਾ ਹੀ ਹੋਵੇਗਾ ਕਰਜ਼ਾ ਮੁਆਫ਼
- ਇੱਕ ਸਮਾਂ ਸੀਮਾ ਤਾਂ ਤੈਅ ਕਰਨੀ ਹੀ ਪਵੇਗੀ, ਇਸ ਲਈ ਕਾਂਗਰਸ ਸਰਕਾਰ ਵੱਲੋਂ ਤੈਅ ਕਰਨ ‘ਤੇ ਵਿਚਾਰ : ਮਨਪ੍ਰੀਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ‘ਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦਾ ਫਾਇਦਾ ਨਹੀਂ ਹੋਵੇਗਾ, ਕਿਉਂਕਿ ਕਾਂਗਰਸ ਸਰਕਾਰ ਇਸ ਮਾਮਲੇ ਵਿੱਚ ਪਿੱਛੇ ਹਟਦੀ ਨਜ਼ਰ ਆ ਰਹੀਂ ਹੈ। ਪੰਜਾਬ ਸਰਕਾਰ ਵੱਲੋਂ ਕਰਜ਼ ਮੁਆਫ਼ੀ ਦਾ ਫਾਇਦਾ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਦੇਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ, ਜਿਹੜੇ ਕਿਸਾਨਾਂ ਨੇ 2017 ਵਿੱਚ ਬਣੀ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਖ਼ੁਦਕੁਸ਼ੀ ਕੀਤੀ ਹੈ। ਇਹ ਖ਼ੁਲਾਸਾ ਖ਼ੁਦ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਚੰਡੀਗੜ੍ਹ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਖ਼ੁਦਕੁਸ਼ੀ ਕਿਸਾਨ ਅੱਜ ਤੋਂ ਨਹੀਂ ਸਗੋਂ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਨ ਅਤੇ ਇਸ ਲਈ ਕੋਈ ਸਮਾਂ ਸੀਮਾ ਤਾਂ ਤੈਅ ਕਰਨੀ ਪਏਗੀ। ਜਿਸ ਸਮੇਂ ਤੋਂ ਬਾਅਦ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਹੀ ਕਰਜ਼ ਮੁਆਫ਼ੀ ਦਾ ਫਾਇਦਾ ਦਿੱਤਾ ਜਾ ਸਕੇ। ਇਸ ਲਈ ਉਹ ਚਾਹੁੰਦੇ ਹਨ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਹੀ ਕਰਜ਼ ਮੁਆਫ਼ੀ ਦਾ ਫਾਇਦਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਆਪਣੇ ਸਾਥੀ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਤੇ ਜਲਦ ਹੀ ਸਹਿਮਤੀ ਬਣਨ ਤੋਂ ਬਾਅਦ ਫ਼ੈਸਲਾ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਲਈ ਕਰਜ਼ ਮੁਆਫ਼ੀ ਦੇਣ ਦਾ ਵਾਅਦਾ ਕੀਤਾ ਸੀ, ਇਸ ਨਾਲ ਹੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਜਿਹੜੇ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ, ਉਨ੍ਹਾਂ ਦਾ ਸਾਰਾ ਕਰਜ਼ਾ ਸਰਕਾਰ ਖ਼ੁਦ ਮੁਆਫ਼ ਕਰੇਗੀ, ਜਦਕਿ ਬਾਕੀ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦੀ ਹੀ ਕਰਜ਼ ਮੁਆਫ ਕੀਤਾ ਜਾ ਰਿਹਾ ਹੈ।
ਇਲਮ ਨਹੀਂ ਸੀ, ਐਨੀ ਮਾੜੀ ਹੋਵੇਗੀ ਸਥਿਤੀ : ਮਨਪ੍ਰੀਤ ਬਾਦਲ
ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਲਮ ਹੀ ਨਹੀਂ ਸੀ ਕਿ ਪੰਜਾਬ ਦੇ ਖਜਾਨੇ ਦੀ ਐਨੀ ਮਾੜੀ ਹਾਲਤ ਹੋਵੇਗੀ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨਾ ਹੀ ਔਖਾ ਹੋ ਜਾਏਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿੱਤੀ ਹਾਲਾਤ ਦੇਖ ਕੇ ਉਨ੍ਹਾਂ ਨੇ ਵਾਅਦੇ ਕੀਤੇ ਸਨ, ਉਨ੍ਹਾਂ ਨਾਲੋਂ ਵਿੱਤੀ ਹਾਲਾਤ ਜ਼ਿਆਦਾ ਮਾੜੇ ਮਿਲੇ ਹਨ। ਅਕਾਲੀ ਜਾਂਦੇ ਜਾਂਦੇ ਆਖਰੀ ਦੋ ਦਿਨਾਂ ਵਿੱਚ 50 ਹਜ਼ਾਰ ਕਰੋੜ ਦਾ ਕਰਜ਼ ਹੋਰ ਚਾੜ੍ਹ ਗਏ, ਜਿਸ ਕਾਰਨ ਹਰ ਮਹੀਨੇ ਸਿਰਫ਼ 31 ਹਜ਼ਾਰ ਕਰੋੜ ਦਾ 270 ਕਰੋੜ ਰੁਪਏ ਵਿਆਜ ਹੀ ਦੇਣਾ ਪੈ ਰਿਹਾ ਹੈ।