ਮੱਧ ਪ੍ਰਦੇਸ਼ (ਏਜੰਸੀ)। ਮੱਧ-ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇੱਕ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਨ੍ਹਾਂ ਨੂੰ ਇੱਕ ਰੋਡ ਸ਼ੋਅ ‘ਚ ਆਪਣੇ ਹੀ ਸੁਰੱਖਿਆ ਗਾਰਡ ਨੂੰ ਥੱਪੜ ਮਾਰਦੇ ਵਿਖਾਇਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਪਿੱਛੋਂ ਲੋਕ ਇਸ ਦੀ ਸਖ਼ਤ ਨਿੰਦਿਆ ਕਰ ਰਹੇ ਹਨ।
ਘਟਨਾ ਧਾਰ ਜ਼ਿਲ੍ਹੇ ਦੇ ਸਰਦਾਰਪੁਰ ਦੀ ਹੈ। ਇੱਥੇ ਸ਼ਿਵਰਾਜ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਸਨ। ਉਦੋਂ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਚੌਹਾਨ ਦੇ ਸਾਹਮਣੇ ਸੁਰੱਖਿਆ ਗਾਰਡ ਆ ਗਿਆ। ਜਿਸ ਨੂੰ ਉਨ੍ਹਾਂ ਨੇ ਖਿੱਚ ਕੇ ਆਪਣੇ ਅੱਗੋਂ ਵੱਖ ਕਰ ਦਿੱਤਾ। ਇਸੇ ਦਰਮਿਆਨ ਕੁਝ ਲੋਕਾਂ ਨਾਲ ਉਨ੍ਹਾਂ ਦਾ ਵੀਡੀਓ ਬਣਾਇਆ ਅਤੇ ਸੋਸ਼ਲ ਮੀਡੀਆ ‘ਤੇ ਇਹ ਕਹਿੰਦੇ ਹੋਏ ਵਾਇਰਲ ਕਰ ਦਿੱਤਾ ਕਿ ਮੁੱਖ ਮੰਤਰੀ ਸ਼ਿਵਰਾਜ ਨੇ ਆਪਣੇ ਹੀ ਸੁਰੱਖਿਆ ਗਾਰਡ ਨੂੰ ਥੱਪੜ ਮਾਰ ਦਿੱਤਾ।
ਟਵਿੱਟਰ ਯੂਜ਼ਰਸ ਨੇ ਇਸ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਦੀ ਸਖ਼ਤ ਨਿੰਦਿਆ ਕੀਤੀ। ਲੋਕਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਵੀਆਈ ਕਲਚਰ ਖਤਮ ਕਰਨਾ ਚਾਹੁੰਦੇ ਹਨ, ਪਰ ਮੁੱਖ ਮੰਤਰੀ ਆਪਣੇ ਹੀ ਬਾਡੀਗਾਰਡ ਨੂੰ ਥੱਪੜ ਮਾਰ ਰਹੇ ਹਨ। ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਕਾਂਗਰਸ ਦੇ ਕੇਕੇ ਮਿਸ਼ਰਾ ਨੇ ਮੁੱਖ ਮੰਤਰੀ ਖਿਲਾਫ਼ ਧਾਰਾ 332 ਅਤੇ 353 ਤਹਿਤ ਮੁਕੱਦਮਾ ਦਰਜ਼ ਕੀਤੇ ਜਾਣ ਦੀ ਮੰਗ ਕੀਤੀ ਹੈ। ਮਿਸ਼ਰਾ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਹੀ ਇੰਦੌਰ ਦੀ ਇੱਕ ਅਦਾਲਤ ਨੇ ਪੁਲਿਸ ਸਬ ਇੰਸਪੈਕਟਰ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਦੋ ਸਾਲ ਦੀ ਕੈਦ ਦੀ ਸ਼ਜਾ ਸੁਣਾਈ ਸੀ। ਅਜਿਹੇ ਵਿੱਚ ਇਨ੍ਹਾਂ ਹੀ ਧਾਰਾਵਾਂ ਤਹਿਤ ਮੁੱਖ ਮੰਤਰੀ ਸ਼ਿਵਰਾਜ ਖਿਲਾਫ਼ ਵੀ ਕਾਰਵਾਈ ਹੋਵੇ।
ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂਕਿ ਸ਼ਿਵਰਾਜ ਦਾ ਸੁਰੱਖਿਆ ਗਾਰਡ ਨਾਲ ਅਭੱਦਰ ਵਿਹਾਰ ਕਰਦੇ ਹੋਏ ਵੀਡੀਓ ਵਾਇਰਲ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਇੱਕ ਕਿਸਾਨ ਸੰਮੇਲਨ ਦੌਰਾਨ ਸੁਰੱਖਿਆ ਗਾਰਡ ਨੂੰ ਝਿੜਕਦੇ ਹੋਏ ਵੀਡੀਓ ਵਾਇਰਲ ਹੋਇਆ ਸੀ। ਉੱਥੇ, 2015 ਵਿੱਚ ਹੜ੍ਹ ਪੀੜ੍ਹਤਾਂ ਨੂੰ ਮਿਲਣ ਦੌਰਾਨ ਉਹ ਪੁਲਿਸ ਮੁਲਾਜ਼ਮਾਂ ਦੇ ਮੋਢਿਆਂ ‘ਤੇ ਬੈਠੇ ਨਜ਼ਰ ਆਏ ਸਨ।