
ਸਰਕਾਰ ਵੱਲੋਂ ਜਿਵੇਂ ਕਾਰਪੋਰੇਟ ਘਰਾਣਿਆਂ ਦੇ ਕਰਜੇ ਮਾਫ਼ ਕੀਤੇ
Farmer News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਫਰੀਦਕੋਟ ਵਿਖੇ ਮਾਣਯੋਗ ਰਾਸ਼ਟਰਪਤੀ ਭਾਰਤ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ-ਪੱਤਰ ਡੀਸੀ ਨੂੰ ਸੌਂਪਿਆ ਗਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਕੌਮੀ ਕਨਵੀਨਰ ਅਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਸ.ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨੀ ਦੀਆਂ ਹੱਕੀ ਮੰਗਾਂ ਐਮਐਸਪੀ ਦਾ ਗਾਰੰਟੀ ਕਾਨੂੰਨ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ C²+50% ਫਾਰਮੂਲੇ ਮੁਤਾਬਕ ਫਸਲਾਂ ਦੇ ਭਾਅ, ਕਿਸਾਨਾਂ, ਮਜ਼ਦੂਰਾਂ ਦੀ ਕੁੱਲ ਕਰਜ ਮੁਕਤੀ ਆਦਿ ਅਤੇ ਕੇਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਅਤੇ ਵੱਖ-ਵੱਖ ਸਮੇਂ ਲਿਖਤ ਵਿੱਚ ਕੀਤੇ ਗਏ ਵਾਅਦੇ,ਲਿਖਤ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਕਿਸਾਨੀ ਨੂੰ ਖਤਮ ਕਰਨ ਕਾਨੂੰਨ ਲਿਆਂਦੇ ਜਾ ਰਹੇ ਹਨ।
ਇਹ ਵੀ ਪੜ੍ਹੋ: PM KISAN Scheme: ਕਿਸਾਨਾਂ ਲਈ ਅਹਿਮ ਖ਼ਬਰ: ਪੀਐਮ-ਕਿਸਾਨ ਦੀ ਅਗਲੀ ਕਿਸ਼ਤ ਲੈਣ ਲਈ ਕਰਨਾ ਪਵੇਗਾ ਇਹ ਜ਼ਰੂਰੀ ਕੰਮ ,ਜਾਣ…
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਰਾਤ ਦੇ ਹਨ੍ਹੇਰੇ ਵਿੱਚ ਦੇਸ਼ ਦੇ ਰੀੜ ਦੀ ਹੱਡੀ ਖੇਤੀਬਾੜੀ ਅਤੇ ਡੇਅਰੀ ਖੇਤਰ ਨੂੰ ਬਰਬਾਦ ਕਰਨ ਵਾਲੀ ਕਿਸਾਨ ਮਾਰੂ ਅਤੇ ਦੇਸ਼ਮਾਰੂ ਸੰਧੀ ਕੀਤੀ ਗਈ ਹੈ ਅਤੇ ਜੇਕਰ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਇਹਨਾਂ ਖੇਤੀਬਾੜੀ,ਡੇਅਰੀ ਖੇਤਰਾਂ ਉੱਪਰ ਲਾਗੂ ਹੁੰਦਾ ਹੈ ਤਾਂ ਫਿਰ ਪਹਿਲਾਂ ਹੀ ਆਤਮ ਹੱਤਿਆ ਦੇ ਰਸਤੇ ਉੱਪਰ ਤੁਰੀ ਕਿਸਾਨੀ ਬਿਲਕੁੱਲ ਖਤਮ ਹੋ ਜਾਵੇਗੀ। ਇਸ ਲਈ ਉਹਨਾਂ ਵੱਲੋਂ ਅੱਜ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਇਹਨਾਂ ਖੇਤਰਾਂ ਨੂੰ ਬਾਹਰ ਰੱਖਣ ਲਈ ਮੰਗ ਪੱਤਰ ਦਿੱਤੇ ਗਏ ਹਨ।
ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਫਸਲਾਂ ਉੱਪਰ ਪੈ ਰਹੀਆਂ ਕੁਦਰਤੀ ਅਤੇ ਸਰਕਾਰੀ ਮਾਰਾਂ ਅਤੇ ਫਸਲਾਂ ਦੇ ਭਾਅ ਨਾਂ ਮਿਲਣ ਕਾਰਨ ਅਤੇ ਹੁਣ ਆਲੂਆਂ ਦੀ ਫਸਲ ਵਿੱਚ ਪਏ ਘਾਟੇ ਅਤੇ ਲੈਂਡ ਮੋਰਗੇਜ ਬੈਂਕਾਂ ਵੱਲੋਂ ਕਰਜਾਈ ਕਿਸਾਨਾਂ ਦੀਆਂ ਤਸਵੀਰਾਂ ਲਗਾ ਕੇ ਸਮਾਜਿਕ ਤੌਰ ’ਤੇ ਜਲੀਲ ਕਰਨ ਦੇ ਡਰ ਕਾਰਨ ਹੀ ਪਿੰਡ ਹਰੀਨੌ ਦੇ ਦੋ ਸਕੇ ਭਰਾਵਾਂ ਨੂੰ ਖੁਦਕੁਸ਼ੀ ਕਰ ਲਈ ਮਜ਼ਬੂਰ ਹੋਣਾ ਪਿਆ ਅਤੇ ਇਸ ਲਈ ਉਹਨਾਂ ਪਿੰਡ ਹਰੀਨੌ ਜ਼ਿਲ੍ਹਾ ਫਰੀਦਕੋਟ ਦੇ ਸਕੇ ਭਰਾਵਾਂ ਜਸਕਰਨ ਸਿੰਘ ਤੇ ਜਸਵਿੰਦਰ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਸਾਰੇ ਸਬੰਧਤ ਮੁਲਾਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਸਹਿਕਾਰਤਾ ਵਿਭਾਗ ਦੇ ਮੁਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੈਂਡ ਮੋਰਗੇਜ ਬੈਂਕਾਂ ਰਾਹੀਂ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਕਰਨ ਦੇ ਦਿੱਤੇ ਗਏ ਹੁਕਮਾਂ ਨੂੰ ਰੱਦ ਕਰਵਾਉਣ ਲਈ ਫਰੀਦਕੋਟ ਵਿਖੇ ਲੈਂਡ ਮੌਰਗੇਜ ਬੈਂਕ ਅੱਗੇ ਧਰਨਾ ਚੱਲ ਰਿਹਾ ਅਤੇ ਧਰਨੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਪੁਤਲਾ ਫੂਕਿਆ ਗਿਆ।
ਉਹਨਾਂ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਦੀਆਂ ਕਿਸਾਨ ਮਾਰੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਹੀ ਕਿਸਾਨ ਕਰਜਾਈ ਹੋਏ ਹਨ ਇਸ ਲਈ ਸਰਕਾਰ ਵੱਲੋਂ ਜਿਵੇਂ ਕਾਰਪੋਰੇਟ ਘਰਾਣਿਆਂ ਦੇ ਕਰਜੇ ਮਾਫ਼ ਕੀਤੇ ਗਏ ਸਨ ਉਸੇ ਤਰਜ਼ ਉੱਪਰ ਹੀ ਸਾਰੇ ਕਿਸਾਨਾਂ ਦੀ ਕਰਜ ਮੁਕਤੀ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਜੋ ਜਡਮੀਨਾਂ ਦੀ ਕੁਰਕੀ ਕਰਨ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ ਉਸ ਨੂੰ ਵਾਪਸ ਲਿਆ ਜਾਵੇ ਅਤੇ ਜਿੰਨੀਆਂ ਵੀ ਬੈਂਕਾਂ ਕੋਲ ਕਿਸਾਨਾਂ ਦੇ ਖਾਲੀ ਚੈੱਕ ਪਏ ਹਨ ਉਹਨਾਂ ਨੂੰ ਵਾਪਸ ਕਿਸਾਨਾਂ ਨੂੰ ਦਿਵਾਇਆ ਜਾਵੇ। Farmer News
ਬੇਮੌਸਮੀ ਬਰਸਾਤ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ
ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਣਕ ਅਤੇ ਸਰੋਂ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਇਸ ਬੇਮੌਸਮੀ ਬਰਸਾਤ ਗੜੇਮਾਰੀ ਅਤੇ ਝੱਖੜ ਨੇ ਪਹਿਲਾਂ ਹੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਫਸਲਾਂ ਵਿੱਚ ਪੈ ਰਹੀਆਂ ਮਾਰਾਂ ਜਿਵੇਂ ਕਿ ਝੋਨੇ,ਮੱਕੀ,ਗੰਨਾ ਅਤੇ ਆਲੂ ਦੀ ਫਸਲ ਨੇ ਪਹਿਲਾ ਹੀ ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਤੋੜ ਕੇ ਰੱਖ ਦਿੱਤਾ ਸੀ ਅਤੇ ਹੁਣ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਕਣਕ ਦੀ ਫਸਲ ਉੱਪਰ ਹੋ ਰਹੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ, ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ, ਜ਼ਿਲ੍ਹਾ ਖਜਾਨਚੀ ਗੁਰਾਂਦਿੱਤਾ ਸਿੰਘ ਬਾਜਾਖਾਨਾ, ਸ਼ਿੰਦਰਪਾਲ ਸਿੰਘ ਪ੍ਰਧਾਨ ਬਲਾਕ ਜੈਤੋ, ਬਲਜਿੰਦਰ ਸਿੰਘ ਵਾੜਾ ਭਾਈਕਾ ਪ੍ਰਧਾਨ ਬਲਾਕ ਬਾਜਾਖਾਨਾ, ਨਾਇਬ ਸਿੰਘ ਸ਼ੇਰ ਸਿੰਘ ਵਾਲਾ ਪ੍ਰਧਾਨ ਸਾਦਿਕ ਬਲਾਕ, ਨਿਰਮਲ ਸਿੰਘ ਢਿਲਵਾਂ ਪ੍ਰਧਾਨ ਬਲਾਕ ਕੋਟਕਪੂਰਾ, ਸੁਖਚਰਨ ਸਿੰਘ ਕਾਲਾ ਪ੍ਰਧਾਨ ਬਲਾਕ ਗੋਲੇਵਾਲਾ, ਤੇਜਾ ਸਿੰਘ ਪੱਕਾ ਪ੍ਰਧਾਨ ਬਲਾਕ ਫਰੀਦਕੋਟ, ਜਤਿੰਦਰਜੀਤ ਸਿੰਘ ਭਿੰਡਰ ਨੌਜਵਾਨ ਆਗੂ, ਰਾਜਵੀਰ ਸਿੰਘ ਪੱਖੀ, ਹੁਸ਼ਿਆਰ ਸਿੰਘ ਸੋਨਾ ਮਿਸ਼ਰੀ ਵਾਲਾ, ਨਾਇਬ ਸਿੰਘ ਢਿੱਲਵਾਂ ਆਦਿ ਕਿਸਾਨ ਆਗੂ ਹਾਜ਼ਰ ਸਨ। Farmer News













