LPG Shortage Punjab: ਕੋਟਕਪੂਰਾ ’ਚ LPG ਗੈਸ ਸਪਲਾਈ ਨੂੰ ਲੈ ਕੇ ਹਾਹਾਕਾਰ, ਲੋਕਾਂ ਵੱਲੋਂ ਗੈਸ ਏਜੰਸੀ ਬਾਹਰ ਰੋਸ ਪ੍ਰਦਰਸ਼ਨ

LPG Shortage Punjab
LPG Shortage Punjab: ਕੋਟਕਪੂਰਾ ’ਚ LPG ਗੈਸ ਸਪਲਾਈ ਨੂੰ ਲੈ ਕੇ ਹਾਹਾਕਾਰ, ਲੋਕਾਂ ਵੱਲੋਂ ਗੈਸ ਏਜੰਸੀ ਬਾਹਰ ਰੋਸ ਪ੍ਰਦਰਸ਼ਨ

LPG Shortage Punjab: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਵਿਖੇ ਐਲਪੀਜੀ ਗੈਸ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਅਜੇ ਵੀ ਹਾਹਾਕਾਰ ਮੱਚਿਆ ਹੋਇਆ ਹੈ। ਗੈਸ ਏਜੰਸੀਆਂ ਦੇ ਦਫਤਰਾਂ ਅਤੇ ਗੋਦਾਮਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਇਸੇ ਤਹਿਤ ਅੱਜ ਇੱਥੋਂ ਦੇ ਫਰੀਦਕੋਟ ਰੋਡ ’ਤੇ ਸਥਿਤ ਗੀਨਾ ਗੈਸ ਏਜੰਸੀ ਦੇ ਦਫਤਰ ਬਾਹਰ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਲੋਕਾਂ ਦਾ ਕਹਿਣਾ ਸੀ ਕਿ ਗੈਸ ਏਜੰਸੀ ਦਾ ਦਫ਼ਤਰ ਸਮੇਂ ਸਿਰ ਨਹੀਂ ਖੋਲ੍ਹਿਆ ਜਾ ਰਿਹਾ। ਰੋਸ ਪ੍ਰਦਰਸ਼ਨ ਦੀ ਸੂਚਨਾ ਮਿਲਣ ’ਤੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਅਤੇ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਚਮਕੌਰ ਸਿੰਘ ਬਰਾੜ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਗੈਸ ਏਜੰਸੀ ਦਾ ਦਫਤਰ ਖੁੱਲ੍ਹਵਾਇਆ ਗਿਆ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ 10-12 ਦਿਨਾਂ ਤੋਂ ਗੈਸ ਸਿਲੰਡਰ ਹਾਸਲ ਕਰਨ ਲਈ ਏਜੰਸੀ ਦੇ ਦਫ਼ਤਰ ਅਤੇ ਗੋਦਾਮ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਨੂੰ ਸਪਲਾਈ ਨਹੀਂ ਮਿਲ ਰਹੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵਾਰ-ਵਾਰ ਆਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਪਾਸੇ ਗੋਦਾਮ ਵਿੱਚ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਉੱਥੇ ਤੋਂ ਉਨ੍ਹਾਂ ਨੂੰ ਦਫ਼ਤਰ ਭੇਜਿਆ ਗਿਆ, ਪਰ ਜਦੋਂ ਉਹ ਦਫਤਰ ਪਹੁੰਚੇ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ।

ਇਹ ਵੀ ਪੜ੍ਹੋ: PM KISAN Scheme: ਕਿਸਾਨਾਂ ਲਈ ਅਹਿਮ ਖ਼ਬਰ: ਪੀਐਮ-ਕਿਸਾਨ ਦੀ ਅਗਲੀ ਕਿਸ਼ਤ ਲੈਣ ਲਈ ਕਰਨਾ ਪਵੇਗਾ ਇਹ ਜ਼ਰੂਰੀ ਕੰਮ ,ਜਾਣ…

ਇਸ ਦੌਰਾਨ ਦਫਤਰ ਖੁੱਲ੍ਹਣ ਤੋਂ ਬਾਅਦ ਏਜੰਸੀ ਦੇ ਮੈਨੇਜਰ ਨੇ ਕਿਹਾ ਕਿ ਗੈਸ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਦੇ ਮੁਤਾਬਕ ਅੱਜ ਸਾਰਾ ਸਟਾਫ ਗੋਦਾਮ ਵਿੱਚ ਸਪਲਾਈ ਦੇ ਕੰਮ ਵਿੱਚ ਵਿਆਸਤ ਸੀ, ਜਿਸ ਕਾਰਨ ਦਫਤਰ ਖੋਲ੍ਹਣ ਵਿੱਚ ਦੇਰੀ ਹੋ ਗਈ। ਇਸ ਮਾਮਲੇ ਵਿੱਚ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਵੀ ਕਿਹਾ ਕਿ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਵੇਲੇ ਏਜੰਸੀ ਕੋਲ ਤਕਰੀਬਨ 450 ਸਿਲੰਡਰ ਸਟਾਕ ਵਿੱਚ ਮੌਜੂਦ ਹਨ। ਉਨ੍ਹਾਂ ਨੇ ਏਜੰਸੀ ਸੰਚਾਲਕਾਂ ਨੂੰ ਹਦਾਇਤ ਦਿੱਤੀ ਕਿ ਵਿਉਂਤਬੰਦੀ ਨਾਲ ਕੰਮ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।