Joint Family System: ਪੰਜਾਬ ਦੀ ਜੀਵਨ ਸ਼ੈਲੀ ਵਿਚ ਸੱਭਿਆਚਾਰ ਦੀ ਅਮਿੱਟ ਛਾਪ ਹੈ, ਜਿਸ ਦਾ ਚਾਨਣ ਰੋਜ਼ਮਰਾ ਦੀ ਕਿਰਿਆ ਨੂੰ ਖੁਸ਼ੀਆਂ ਨਾਲ ਰੁਸ਼ਨਾਉਦਾ ਹੈ। ਇਸ ਦੀਆਂ ਮਿੱਥਾਂ, ਕਲਾ, ਰੀਤੀ-ਰਿਵਾਜ਼ ਨਾਲ ਉਪਜੀ ਆਪਸੀ ਸਾਂਝ ਇੱਕ ਵੱਖਰੀ ਕਾਇਨਾਤ ਸਿਰਜਦੀ ਹੈ ਸੱਭਿਆਚਾਰ ਬਾਰੇ ਮਹਾਤਮਾ ਗਾਂਧੀ ਲਿਖਦੇ ਹਨ, ‘‘ਇੱਕ ਰਾਸ਼ਟਰ ਦਾ ਸੱਭਿਆਚਾਰ ਉਸ ਦੇ ਲੋਕਾਂ ਦੇ ਦਿਲਾਂ ਅਤੇ ਆਤਮਾ ਵਿੱਚ ਵੱਸਦਾ ਹੈ ਬਸ਼ਰਤੇ ਪੀੜ੍ਹੀ-ਦਰ-ਪੀੜ੍ਹੀ ਚੱਲਣਾ ਵੀ ਜਰੂਰੀ ਹੈ।’’ ਸਾਂਝੇ ਕਾਰਜ, ਸਮਾਜਿਕ ਵਿਹਾਰ, ਖੁਸ਼ੀਆਂ-ਗਮੀਆਂ ਦੀਆਂ ਰਸਮਾਂ ਅਤੇ ਮੋਹ ਦੀਆਂ ਤੰਦਾਂ ਨਾਲ ਬੱਝੇ ਸਾਂਝੇ ਪਰਿਵਾਰ ਰੱਬ ਦੀਆਂ ਬਖਸ਼ਿਸ਼ਾਂ ਹਨ, ਜਿਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ।
ਇਹ ਖਬਰ ਵੀ ਪੜ੍ਹੋ : Cancer In Punjab: ਪੰਜਾਬ ’ਚ ਕੈਂਸਰ ਦਾ ਭਿਆਨਕ ਰੂਪ, ਮੌਤਾਂ ਨੇ ਵਧਾਈ ਚਿੰਤਾ
ਕੁੱਲ ਆਲਮ ਵਿੱਚ ਪੰਜਾਬ ਦੇ ਵਿਰਾਸਤੀ ਸੱਭਿਆਚਾਰ ਦੀ ਵੱਖਰੀ ਸ਼ਾਨ ਅਤੇ ਪਹਿਚਾਣ ਹੈ। ਸਾਂਝਾ ਚੁੱਲ੍ਹਾ ਪਰਿਵਾਰ ਦੀਆਂ ਖੁਸ਼ੀਆਂ ਦਾ ਅਧਾਰ ਹੈ। ਇਸ ਵਿੱਚ ਪਰਿਵਾਰ ਨੂੰ ਜੋੜ ਕੇ ਰੱਖਣ ਦੀ ਅਲੌਕਿਕ ਸ਼ਕਤੀ ਹੈ। ਇੱਕ ਖ਼ਾਸ ਸਥਾਨ ਤੈਅ ਕਰਕੇ ਘਰ ਦੀਆਂ ਔਰਤਾਂ ਪਿੰਡ ਦੇ ਟੋਭੇ ’ਚੋਂ ਚੀਕਣੀ ਮਿੱਟੀ ਲਿਆ ਕੇ ਤਿਆਰ ਕਰਦੀਆਂ ਸਨ। ਉਸ ਮਿੱਟੀ ਨਾਲ ਚੁੱਲ੍ਹਾ ਤਿਆਰ ਕਰਦੇ, ਜਿਸ ਦੇ ਢਾਂਚੇ ਦੀ ਮਜ਼ਬੂਤੀ ਲਈ ਇੱਟਾਂ, ਪੀਲੀ ਮਿੱਟੀ ਤੇ ਤੂੜੀ ਦੀ ਵਰਤੋਂ ਵੀ ਕੀਤੀ ਜਾਂਦੀ । ਚੁੱਲ੍ਹੇ ਦੇ ਨਾਲ ਹਾਰਾ, ਲੋਹ, ਚੁਰ, ਤੰਦੂਰ ਅਤੇ ਭੱਠੀ ਵੀ ਬਣਾਈ ਜਾਂਦੀ। ਜੋ ਸਰਦੀਆਂ ਵਿੱਚ ਖੋਆ ਕੱਢਣ ਜਾਂ ਵਿਆਹ-ਸ਼ਾਦੀਆਂ ਦੇ ਸਮੇਂ ਵਰਤਦੇ ਸਨ ਅੱਜ ਵਾਂਗ ਕੰਮ ਕਰਦੇ ਹਾਲ਼ੀ-ਪਾਲ਼ੀ ਆਪਣੇ ਨਾਲ ਰੋਟੀ ਦੇ ਡੱਬੇ ਚੁੱਕ ਕੇ ਨਹੀਂ ਲਿਆਉਂਦੇ ਸਨ, ਸਭ ਲਈ ਖਾਣਾ ਘਰ ਹੀ ਤਿਆਰ ਹੁੰਦਾ। Joint Family System
ਹਾਰੇ ਵਿੱਚ ਮੱਠੀ ਅੱਗ ਨਾਲ ਕੜ੍ਹਦਾ ਦੁੱਧ, ਰਿੱਝਦੀ ਦਾਲ ਜਾਂ ਸਾਗ ਦੀ ਮਹਿਕ ਘਰ ਦੇ ਮਾਹੌਲ ਨੂੰ ਮਹਿਕਣ ਲਾ ਦਿੰਦੀ। ਚੁੱਲ੍ਹੇ ਦੀ ਵਰਤੋਂ ਥੋੜ੍ਹੀ ਦਾਲ-ਰੋਟੀ ਬਣਾਉਣ ਲਈ ਕੀਤੀ ਜਾਂਦੀ। ਲੋਹ ਵੱਡੇ ਅਕਾਰ ਦਾ ਚੁੱਲ੍ਹਾ ਹੁੰਦਾ ਹੈ ਜਿਸ ਉੱਪਰ ਲੋਹੇ ਦੀ ਤਵੀ ਰੱਖ 10 ਤੋਂ 15 ਰੋਟੀਆਂ ਇੱਕੋ ਸਮੇਂ ਬਣ ਸਕਦੀਆਂ ਹਨ। ਲੋਹ ਦੀ ਤੇਜ ਅੱਗ ਲਈ ਹਰ-ਹਰ ਜਾਂ ਕਪਾਹ ਦੀਆਂ ਛਿਟੀਆਂ ਅਤੇ ਕਮਾਦ ਦੀ ਪੱਤੀ ਦੀ ਵਰਤੋਂ ਬਾਲਣ ਦੇ ਰੂਪ ਵਿਚ ਕਰਦੇ ਸਨ ਸਰਦੀਆਂ ਵਿੱਚ ਚੁੱਲ੍ਹੇ ਦੀ ਅੱਗ ਮਾਨਣ ਦਾ ਨਿੱਘਾ ਨਜ਼ਾਰਾ ਬਿਜਲਈ ਹੀਟਰਾਂ ਨੂੰ ਫੇਲ੍ਹ ਕਰ ਦਿੰਦਾ। ਸਾਂਝੇ ਚੁੱਲ੍ਹੇ ਦੇ ਢਾਂਚੇ ਜਾਂ ਚੌਂਤਰਾ ਬੀਤੇ ਜਮਾਨੇ ਦੀ ਖੁੱਲ੍ਹੀ ਰਸੋਈ (ਓਪਨ ਕਿਚਨ) ਸੀ, ਜਿਸ ਵਿੱਚ ਭਾਂਡੇ ਰੱਖਣ ਲਈ ਚੌਂਕਾ ਬਣਾਉਂਦੇ ਸਨ ਮਾਡਰਨ ਸਮੇਂ ਦੀ ਅਤਿ ਆਧੁਨਿਕ ਮੌਡਰਨ ਕਿਚਨ ਦੇ ਤੁੱਲ ਭਾਵੇਂ ਮਾਸਾ ਵੀ ਨਹੀਂ ਪਰ ਉੱਥੇ ਤਿਉ-ਮੁਹੱਬਤ ਨਾਲ ਬਣਦਾ ਖਾਣਾ ਤੇ ਤੀਆਂ ਦੀਆਂ ਰੌਣਕਾਂ ਵਰਗੇ ਦਿਨਾਂ ਦਾ ਸਵਰਗਮਈ ਵਾਸਾ ਕਿਧਰੇ ਨਜ਼ਰ ਨਹੀਂ ਆਉਂਦਾ। Joint Family System
ਉਸ ਵਕਤ ਪਰਦੇ ਦਾ ਵੀ ਖਾਸ ਧਿਆਨ ਰੱਖਦੇ ਸਨ ਚੁੱਲ੍ਹੇ ਦੁਆਲੇ ਤਿੰਨ ਤੋਂ ਚਾਰ ਫੁੱਟ ਉੱਚਾ ਓਟਾ ਬਣਾਇਆ ਜਾਂਦਾ ਤਾਂ ਜੋ ਬਾਹਰੋਂ ਆਏ ਵਿਅਕਤੀ ਦੀ ਨਜ਼ਰ ਖਾਣੇ ਉੱਪਰ ਨਾ ਜਾਵੇ ਚੌਂਤਰੇ ਦੀ ਕੰਧ ਵਿੱਚ ਆਲੇ ਬਣਾਏ ਜਾਂਦੇ ਸਨ, ਜਿਸ ਵਿੱਚ ਸਜਾਵਟੀ ਜਾ ਨਿੱਕਾ-ਮੋਟਾ ਸਾਮਾਨ ਸਾਂਭਿਆ ਜਾਂਦਾ ਸੀ। ਚੁੱਲ੍ਹੇ ਦੀ ਸਜਾਵਟੀ ਦਿੱਖ ਲਈ ਆਂਢ-ਗੁਆਂਢ ਨਾਲੋਂ ਆਪਸ ਵਿੱਚ ਨਣਦਾਂ, ਭਰਜਾਈ, ਬਾਲੜੀਆਂ ਤੇ ਮਾਈਆਂ ਦਾ ਮੁਕਾਬਲਾ ਨਿਰੰਤਰ ਚੱਲਦਾ ਰਹਿੰਦਾ, ਜਿਸ ਨੂੰ ਸਜਾਉਣ ਵਿਚ ਪੂਰੀ ਵਾਹ ਲਾ ਦਿੰਦੀਆਂ ਸਨ ਵਿਹੜੇ ਤੇ ਚੌਂਤਰੇ ਵਿੱਚ ਸਾਫ ਹੱਥ ਨਾਲ ਪੀਲੀ ਮਿੱਟੀ ਦਾ ਪੋਚਾ ਲਾਉਂਦੇ । ਓਟੇ ਅਤੇ ਭਾਂਡੇ ਰੱਖਣ ਵਾਲੇ ਚੌਂਕੇ ਨੂੰ ਵਿਰਾਸਤੀ ਹੱਥੀਂ ਚਿੱਤਰਕਾਰੀ ਨਾਲ ਸਜਾਇਆ ਜਾਂਦਾ ਸੀ ਕੰਧਾਂ ਉੱਪਰ ਪਾਂਡੂ ਫੇਰਨ ਪਿੱਛੋਂ ਫੁੱਲ-ਬੂਟੇ, ਤਾਰੇ, ਚਿੜੀਆਂ, ਕਬੂਤਰ, ਮੋਰ, ਘੋੜੇ ਆਦਿ ਬਣਾ ਕੇ ਸਜਾਉਂਦੇ ਸਨ।
ਜਿਸ ਲਈ ਨੀਲ, ਪੀਲੀ ਗਾਚਣੀ, ਲਾਲ, ਹਰਾ ਤੇ ਗੁਲਾਨਾਰੀ ਰੰਗ ਦੀ ਵਧੇਰੇ ਵਰਤੋਂ ਹੁੰਦੀ ਚੌਂਕੇ ਵਿੱਚ ਪਏ ਕਾਂਸੀ, ਤਾਂਬੇ, ਸਟੀਲ, ਪਿੱਤਲ ਦੇ ਥਾਲ, ਕੰਗਣੀ ਵਾਲੇ ਗਲਾਸ, ਛੰਨੇ, ਬਾਟੀਆਂ ਤੇ ਪਤੀਲੇ ਵਰਗੇ ਭਾਂਡਿਆਂ ਦੀ ਪੈਂਦੀ ਸੋਨੇ-ਚਾਂਦੀ ਵਰਗੀ ਚਮਕ ਚੌਂਕੇ ਦੀ ਸੋਭਾ ਨੂੰ ਹੋਰ ਵਧਾ ਦਿੰਦੀ ਦੁੱਧ ਕਾੜ੍ਹਨ ਵਾਲੇ ਹਾਰੇ ਨੂੰ ਜ਼ਿਆਦਾਤਰ ਖਿੜਕੀ ਲਾ ਕੇ ਰੱਖਦੇ ਸਨ ਤਾਂ ਜੋ ਜਾਨਵਰਾਂ ਤੋਂ ਬਚਾ ਹੋ ਜਾਵੇ ਤੇ ਕੰਮ ਬਿਨਾਂ ਡਰ ਤੋਂ ਕਰ ਸਕਣ। ਤਿਉਹਾਰਾਂ ਦੇ ਦਿਨਾਂ ਵਿਚ ਔਰਤਾਂ ਚੁੱਲ੍ਹੇ-ਚੌਂਕੇ ਦੀ ਸਜਾਵਟ ਦਾ ਖਾਸ ਧਿਆਨ ਰੱਖਦੀਆਂ ਸਨ ਮਹਿਮਾਨਾਂ ਦੀ ਆਮਦ ’ਤੇ ਪਹਿਲਾਂ ਖਾਣਾ ਉਨ੍ਹਾਂ ਨੂੰ ਪਰੋਸਦੇ ਉਂਜ ਜ਼ਿਆਦਾਤਰ ਚੌਂਕੇ ਵਿੱਚੋਂ ਪਹਿਲਾ ਖਾਣਾ ਵੱਡੇ ਬਜ਼ੁਰਗਾਂ ਨੂੰ ਦਿੰਦੇ ਸਨ। Joint Family System
ਤਿਉਹਾਰਾਂ ਦੇ ਸਮੇਂ ਚੁੱਲ੍ਹੇ-ਚੌਂਕੇ ਦੀ ਰੌਣਕ ਦੁੱਗਣੀ ਹੋ ਜਾਂਦੀ ਉਸ ਸਮੇਂ ਖੋਏ ਦੀ ਬਰਫੀ, ਚੌਲਾਂ ਦੀਆਂ ਪਿੰਨੀਆਂ, ਪਕੌੜੇ ਅਤੇ ਲੁੱਡੂ ਘਰ ਹੀ ਬਣਾਉਂਦੇ ਸਨ ਚੁੱਲ੍ਹੇ ਕੋਲੋਂ ਉੱਠਦੀਆਂ ਸੁਗੰਧਾਂ ਦੇ ਨਾਲ ਘਰ ਦਾ ਕੋਨਾ-ਕੋਨਾ ਸਵਾਦਲੀ ਖੁਸ਼ਬੂ ਨਾਲ ਮਹਿਕਣ ਲੱਗ ਜਾਂਦਾ ਸਾਂਝੇ ਪਰਿਵਾਰ ਦੀ ਪਵਿੱਤਰ ਰੀਤ ਜਿੱਥੇ ਕੁਨਬੇ ਨੂੰ ਸੰਯੁਕਤ ਰੱਖਦੀ, ਉੱਥੇ ਹੀ ਬੱਚਿਆਂ ਨੂੰ ਸੰਸਕਾਰੀ ਸਿੱਖਿਆ ਵੀ ਆਪ-ਮੁਹਾਰੇ ਪ੍ਰਾਪਤ ਹੋ ਜਾਂਦੀ ਸੀ ਪਿਆਰ ਨਾਲ ਰਹਿਣਾ, ਵੰਡ ਕੇ ਖਾਣਾ, ਮਿਲ ਕੇ ਖੇਡਣਾ ਵਰਗੀਆਂ ਸਧਾਰਨ ਗੱਲਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਸੀ ਇਹ ਸਭ ਕੁਝ ਘਰ ਦੇ ਵਰਤਾਰੇ ਨੂੰ ਦੇਖ ਹੀ ਸਿੱਖ ਜਾਂਦੇ। ਭਾਵੇਂ ਅੱਜ ਵਾਂਗ ਪੈਸੇ ਦੀ ਬਹੁਤਾਤ ਨਹੀਂ ਸੀ ਪਰ ਖੁਸ਼ੀਆਂ ਜਰੂਰ ਬੇਹਿਸਾਬੀਆਂ ਸਨ। ਤੰਗੀਆਂ-ਤੁਰਸ਼ੀਆਂ ਦਾ ਸੰਘਰਸ਼ੀ ਜੀਵਨ ਹਰ ਕਸੌਟੀ ’ਤੇ ਖਰਾ ਉੱਤਰਨ ਦੀ ਤਾਂਘ ਰੱਖਦਾ ਬਚਪਨ ਵਿੱਚ ਮਿਲੀ ਸਿੱਖਿਆ ਜੀਵਨ ਜਾਂਚ ਸਿਖਾਉਂਦੀ ਹੈ।
ਜਿਸ ਨਾਲ ਘਾਟੇ ਨੂੰ ਸਹਿਣਾ, ਵਾਧੇ ਵੇਲੇ ਸੰਜਮ, ਮਿਹਨਤ ਕਰਨਾ, ਮੁਸ਼ਕਲਾਂ ਵਿੱਚ ਸਾਥ ਨਿਭਾਉਣ ਵਾਲੇ ਗੁਣ ਬੱਚੇ ਦੇ ਮਨ ’ਤੇ ਉੱਕਰ ਜਾਂਦੇ ਹਨ, ਜੋ ਤਾਉਮਰ ਮਿਹਨਤ ਨਾਲ ਜੀਵਨ ਨੂੰ ਸੁਖਾਲਾ ਬਣਾਉਣ ਵਿਚ ਸਹਾਈ ਹੁੰਦੇ ਹਨ ਇਹ ਵਿਰਾਸਤ ਸਤਿਕਾਰ, ਪਿਆਰ, ਸੰਵੇਦਨਾ, ਸਮਾਜਿਕ ਵਿਕਾਸ, ਸੁਰੱਖਿਆ, ਸਿੱਖਿਆ ਅਤੇ ਜਿੰਮੇਵਾਰੀ ਨਿਭਾਉਣ ਦੇ ਗੁਣ ਦੇਣ ਵਾਲੀ ਸੰਸਥਾ ਤੋਂ ਘੱਟ ਨਹੀਂ ਅਜੋਕੇ ਸਮੇਂ ਦੀ ਪੀੜ੍ਹੀ ਲਈ ਇਹ ਪਰੰਪਰਾ ਵੱਡਾ ਸਬਕ ਹੋ ਸਕਦੀ ਸੀ ਪਰ ਇਸ ਰੀਤ ਦੀ ਖੜੋਤ ਤੇ ਅਲੋਪ ਹੋਣ ਦਾ ਮੰਜਰ ਸਾਹਮਣੇ ਹੈ। ਬਾਕੀ ਕਸਰ ਨਵਯੁੱਗ ਦੀਆਂ ਕਾਢਾਂ ਨੇ ਪੂਰੀ ਕਰ ਦਿੱਤੀ, ਜਿਨ੍ਹਾਂ ਦੇ ਸਦਉਪਯੋਗ ਦੇ ਨਾਲੋਂ ਦੁਰਉਪਯੋਗ ਜ਼ਿਆਦਾ ਹੋ ਰਿਹਾ ਹੈ ਅੱਜ ਸਭ ਹੱਥੀਂ ਤੇ ਦਿਮਾਗੀ ਕੰਮ ਜ਼ਲਦੀ ਤੇ ਸੌਖਿਆਂ ਹੋਣ ਦਾ ਅਨੰਦ ਮਾਣ ਰਹੇ ਹਨ ਪਰ ਉਸ ਕਾਰਨ ਵਿਹਲਾ ਮਨ ਸ਼ੈਤਾਨ ਦਾ ਘਰ ਹੋਰ ਵੱਡਾ ਹੋ ਗਿਆ।
ਸਾਂਝੀ ਸੰਗਤ ਵਿਚ ਮਿਲਣ ਵਾਲੀ ਸੰਜੀਦਾ ਸਿੱਖਿਆ ਤੋਂ ਵਾਂਝੇ ਹੋ ਗਏ। ਸਾਕ-ਸਬੰਧੀਆਂ ਦੀ ਮਿਲਣੀ ਖੁਸ਼ੀ ਤੇ ਗ਼ਮੀ ਦੇ ਸਮਾਗਮਾਂ ਤੱਕ ਸਿਮਟ ਕੇ ਰਹਿ ਗਈ ਅਸੀਂ ਸੱਭਿਆਚਾਰ ਦੇ ਨਾਲ-ਨਾਲ ਸੰਸਕਾਰਾਂ ਤੋਂ ਵੀ ਪਾਸਾ ਵੱਟ ਗਏ ਮਾਡਰਨ ਜੁੱਗ ਦੇ ਮਾਪੇ ਪੀੜ੍ਹੀ-ਦਰ-ਪੀੜੀ ਵਾਲੇ ਸੰਸਕਾਰ ਮਹਿੰਗੇ ਸਕੂਲਾਂ ਜਾਂ ਇੰਟਰਨੱੈਟ ਦੇ ਜਰੀਏ ਮੋਬਾਇਲ ਤੋਂ ਲੱਭਦੇ ਹਨ ਪਰ ਉਹ ਸਿੱਖਿਆਵਾਂ ਬੱਚਿਆਂ ਲਈ ਮਨੋਰੰਜਨ ਤੋਂ ਅੱਗੇ ਨਹੀਂ ਵਧਦੀਆਂ ਬੀਤੇ ਸਮੇਂ ਨੂੰ ਮੋੜਿਆ ਨਹੀਂ ਜਾ ਸਕਦਾ ਪਰ ਸਾਡੇ ਚਿੰਤਨਸ਼ੀਲ ਬਜੁਰਗ ਅੱਜ ਵੀ ਝੌਲੀਆਂ ਨਜ਼ਰਾਂ ਨਾਲ ਇਹੀ ਲੱਭਦੇ ਹਨ ਕਿ ਕਾਸ਼! ਕਿਤੇ ਉਹ ਬੀਤੇ ਵੇਲੇ ਮੁੜ ਆਵਣ ਹਕੀਕਤ ਵਿਚ ਸ਼ਾਨਾਮੱਤਾ ਸੱਭਿਆਚਾਰ ਸਾਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਦੱਸਦਾ ਹੈ।
ਜਿਸ ਨਾਲ ਅਸੀਂ ਸ਼ਾਂਤ, ਸੰਤੁਸ਼ਟ ਤੇ ਸਬਰ ਭਰਿਆ ਜੀਵਨ ਬਸਰ ਕਰ ਸਕਦੇ ਹਾਂ ਆਪਣੇ ਕਾਰਜਾਂ ਪ੍ਰਤੀ ਸਹਿਜ, ਸਦਾਚਾਰਕ ਤੇ ਪ੍ਰਪੱਕਤਾ ਦਾ ਪੱਖ ਉੱਨਤੀ ਦਾ ਲੈਅਬੱਧ ਸਿਧਾਂਤ ਹੈ। ਆਓ ਸਭ ਮਿਲ ਕੇ ਸੁਹਿਰਦਿਤਾ ਨਾਲ ਸਿਰਜਣਾਤਮਿਕ ਪਗਡੰਡੀਆਂ ਵੱਲ ਮੁੜ ਚੱਲੀਏ, ਜਿਸ ਨਾਲ ਖ਼ੁਸ਼ੀ ਦੀਆਂ ਫੁਹਾਰਾਂ ਫਿਰ ਤੋਂ ਫੁੱਟਣ ਲੱਗ ਜਾਵਣ ਸਾਂਝੇ ਪਰਿਵਾਰ ਦੀਆਂ ਮਜ਼ਬੂਤ ਜੜ੍ਹਾਂ ਮੁੜ ਰਿਸ਼ਤਿਆਂ ਨੂੰ ਆਪਣੀਆਂ ਵਲਗਣਾਂ ਵਿਚ ਸਮਾ ਲੈਣ। ਫ਼ਿਲਮਾਂ, ਟੀਵੀ ਜਾਂ ਕਿਤਾਬਾਂ ਵਿੱਚ ਅਮੀਰ ਸੱਭਿਆਚਾਰ ਬਾਰੇ ਸੁਣ, ਪੜ੍ਹ ਜਾਂ ਦੇਖ ਕੇ ਮਿਲਣ ਵਾਲੇ ਸਕੂਨ ਨੂੰ ਅਸਲ ਜ਼ਿੰਦਗੀ ਵਿੱਚ ਪੈਦਾ ਕਰਨ ਦੇ ਉਪਰਾਲੇ ਕਰੀਏ ਤਾਂ ਜੋ ਕੁਦਰਤ ਦੀ ਬਖਸ਼ੀ ਅਨਮੋਲ ਮਨੁੱਖੀ ਜ਼ਿੰਦਗੀ ਦਾ ਹਰ ਪਲ ਯਾਦਗਾਰ ਬਣ ਜਾਵੇ। ਸਾਂਝੇ ਚੁੱਲ੍ਹੇ ਦਾ ਵਿਹੜਾ ਹਮੇਸ਼ਾ ਵਧਦਾ, ਫੁੱਲਦਾ ਤੇ ਖੁਸ਼ੀਆਂ ਬਖੇਰਦਾ ਨਜ਼ਰ ਆਵੇ ਅਤੇ ਸਾਂਝੇ ਪਰਿਵਾਰ ਦੀਆਂ ਖੁਸ਼ੀਆਂ ਦੁਬਾਰਾ ਪ੍ਰਫੁੱਲਤ ਹੋ ਜਾਵਣ।
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ,
ਪੰਜਾਬ ਹਰਿਆਣਾ ਹਾਈ ਕੋਰਟ, ਚੰਡੀਗੜ੍ਹ
ਮੋ. 78374-90309













