ਕਿਹਾ, ਨਿਯਮ ਪਾਰਦਰਸ਼ੀ ਹੋਣੇ ਚਾਹੀਦੇ ਹਨ
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਜਸਟਿਸ ਪੀਬੀ ਸਾਵੰਤ ਸਮੇਤ ਹਾਈਕੋਰਟ ਦੇ ਕਈ ਸਾਬਕਾ ਜੱਜਾਂ ਨੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਦੇ ਨਾਂਅ ਖੁੱਲ੍ਹੀ ਚਿੱਠੀ ਲੀ ਹੈ। ਇਸ ਚਿੱਠੀ ਵਿੱਚ ਸੁਪਰੀਮ ਕੋਰਟ ਦੇ ਚਾਰ ਨਰਾਜ਼ ਜੱਜਾਂ ਵੱਲੋਂ ਚੁੱਕੇ ਗਏ ਮੁੱਦਿਆਂ ਦੀ ਹਮਾਇਤ ਕਰਦੇ ਹੋਏ ਕਿਹਾ ਗਿਆ ਹੈ ਕਿ ਬੈਂਚ ਬਣਾਉਣ ਅਤੇ ਸੁਣਵਾਈ ਲਈ ਮੁਕੱਦਮਿਆਂ ਦੀ ਵੰਡ ਕਰਨ ਦੇ ਮੁੱਖ ਜੱਜ ਦੇ ਵਿਸ਼ੇਸ਼ ਅਧਿਕਾਰ ਨੂੰ ਹੋਰ ਜ਼ਿਆਦਾ ਪਾਰਦਰਸ਼ੀ ਅਤੇ ਨਿਯਮਿਤ ਕਰਨ ਦੀ ਲੋੜ ਹੈ।
ਚਾਰ ਮੌਜ਼ੂਦਾ ਜੱਜਾਂ ਦੇ ਦੋਸ਼ਾਂ ਦੀ ਹਮਾਇਤ ਕਰਦੇ ਹੋਏ ਖੁੱਲ੍ਹੀ ਚਿੱਠੀ ਲਿਖਣ ਵਾਲੇ ਇਨ੍ਹਾਂ ਸਾਬਕਾ ਜੱਜਾਂ ਦਾ ਕਹਿਣਾ ਹੈ ਕਿ ਹਾਲ ਦੇ ਮਹੀਨਿਆਂ ਵਿੱਚ ਮੁੱਖ ਜੱਜ ਅਹਿਮ ਮੁਕੱਦਮੇ ਸੀਨੀਅਰ ਜੱਜਾਂ ਦੀ ਬੈਂਚ ਨੂੰ ਭੇਜਣ ਦੀ ਬਜਾਏ ਆਪਣੇ ਚਹੇਤੇ ਜੂਨੀਅਰ ਜੱਜਾਂ ਨੂੰ ਭੇਜਦੇ ਰਹੇ ਹਨ। ਬੈਂਚ ਬਣਾਉਣ, ਖਾਸ ਕਰਕੇ ਸੰਵਿਧਾਨ ਬੈਂਚ ਦਾ ਗਠਨ ਕਰਨ ਵਿੱਚ ਵੀ ਸੀਨੀਅਰ ਜੱਜਾਂ ਦੀ ਅਣਦੇਖੀ ਕੀਤੀ ਜਾਂਦੀ ਰਹੀ ਹੈ। ਲਿਹਾਜ਼ਾ ਮੁੱਖ ਜੱਜ ਖੁਦ ਇਸ ਮਾਮਲੇ ਵਿੱਚ ਪਹਿਲ ਕਰਨ ਅਤੇ ਭਵਿੱਖ ਲਈ ਸਮੁੱਚੇ ਅਤੇ ਪੁਖ਼ਤਾ ਨਿਆਂਇਕ ਤੇ ਪ੍ਰਸ਼ਾਸਨਿਕ ਉਪਾਅ ਕਰਨ। ਇਸ ਮੌਕੇ ਜਸਟਿਸ ਪੀਬੀ ਸਾਵੰਤ ਤੋਂ ਇਲਾਵਾ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਏਪੀ ਸ਼ਾਹ, ਮਦਰਾਸ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਕੇ ਚੰਦਰੂ ਅਤੇ ਮੁੰਬਈ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਐੱਚ ਸੁਰੇਸ਼ ਸ਼ਾਮਲ ਹਨ।