Cancer In Punjab: ਪੰਜਾਬ ’ਚ ਕੈਂਸਰ ਦਾ ਭਿਆਨਕ ਰੂਪ, ਮੌਤਾਂ ਨੇ ਵਧਾਈ ਚਿੰਤਾ

Cancer In Punjab
Cancer In Punjab: ਪੰਜਾਬ ’ਚ ਕੈਂਸਰ ਦਾ ਭਿਆਨਕ ਰੂਪ, ਮੌਤਾਂ ਨੇ ਵਧਾਈ ਚਿੰਤਾ

Cancer In Punjab: ਕੈਂਸਰ ਕੋਈ ਇੱਕਲੀ ਬਿਮਾਰੀ ਨਹੀਂ, ਸਗੋਂ 100 ਤੋਂ ਵੱਧ ਬਿਮਾਰੀਆਂ ਦਾ ਇੱਕ ਅਜਿਹਾ ਸਮੂਹ ਹੈ ਜੋ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਮ ਤੌਰ ’ਤੇ ਸਾਡੇ ਸਰੀਰ ਦੇ ਸੈੱਲ ਇੱਕ ਨਿਯਮਤ ਪ੍ਰਕਿਰਿਆ ਤਹਿਤ ਪੈਦਾ ਹੁੰਦੇ ਹਨ ਅਤੇ ਪੁਰਾਣੇ ਹੋਣ ’ਤੇ ਖ਼ਤਮ ਹੋ ਜਾਂਦੇ ਹਨ। ਪਰ ਕੈਂਸਰ ਹੋਣ ’ਤੇ ਇਹ ਕੁਦਰਤੀ ਚੱਕਰ ਟੁੱਟ ਜਾਂਦਾ ਹੈ। ਖਰਾਬ ਹੋ ਚੁੱਕੇ ਸੈੱਲ ਮਰਨ ਦੀ ਬਜਾਏ ਬੇਕਾਬੂ ਹੋ ਕੇ ਵਧਣ ਲੱਗਦੇ ਹਨ, ਜੋ ਅੱਗੇ ਚੱਲ ਕੇ ‘ਟਿਊਮਰ’ ਜਾਂ ਗੰਢ ਦਾ ਰੂਪ ਲੈ ਲੈਂਦੇ ਹਨ। ਇਹ ਘਾਤਕ ਟਿਊਮਰ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲ ਕੇ ਤੰਦਰੁਸਤ ਸੈੱਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਹਾਲਾਂਕਿ, ਬਲੱਡ ਕੈਂਸਰ (ਲਿਊਕੀਮੀਆ) ਵਰਗੀਆਂ ਸਥਿਤੀਆਂ ਵਿੱਚ ਗੰਢ ਨਹੀਂ ਬਣਦੀ, ਸਗੋਂ ਇਹ ਸਿੱਧਾ ਖੂਨ ਰਾਹੀਂ ਫੈਲਦਾ ਹੈ। ਕੈਂਸਰ ਅੱਜ ਵਿਸ਼ਵ ਪੱਧਰ ’ਤੇ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਣ ਚੁੱਕਾ ਹੈ, ਜਿੱਥੇ ਹਰ ਸਾਲ ਲਗਭਗ 2 ਕਰੋੜ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਤੇ 1 ਕਰੋੜ ਲੋਕ ਆਪਣੀ ਜਾਨ ਗੁਆ ਬੈਠਦੇ ਹਨ; ਭਾਵ ਦੁਨੀਆ ਵਿੱਚ ਹੋਣ ਵਾਲੀ ਹਰ 6 ’ਚੋਂ 1 ਮੌਤ ਕੈਂਸਰ ਕਾਰਨ ਹੁੰਦੀ ਹੈ। Cancer In Punjab

ਇਹ ਖਬਰ ਵੀ ਪੜ੍ਹੋ : Jassi Khangura: ਸਾਬਕਾ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਸਮੇਤ ਇੱਕ ਹੋਰ ਨੂੰ ਦੋ-ਦੋ ਸਾਲ ਦੀ ਸਜ਼ਾ

ਵਿਸ਼ਵ ਸਿਹਤ ਸੰਗਠਨ ਅਨੁਸਾਰ 2050 ਤੱਕ ਇਨ੍ਹਾਂ ਮਾਮਲਿਆਂ ਵਿੱਚ 77% ਵਾਧੇ ਦੀ ਸੰਭਾਵਨਾ ਹੈ, ਪਰ ਭਾਰਤ ਵਿੱਚ ਇਹ ਸਥਿਤੀ ਬਾਕੀ ਦੁਨੀਆ ਨਾਲੋਂ ਵੀ ਤੇਜ਼ੀ ਨਾਲ ਵਿਗੜ ਰਹੀ ਹੈ। ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ ਤੇ ਹਰ ਸਾਲ ਲਗਭਗ 9 ਤੋਂ 10 ਲੱਖ ਭਾਰਤੀ ਇਸ ਬਿਮਾਰੀ ਕਾਰਨ ਦਮ ਤੋੜ ਦਿੰਦੇ ਹਨ, ਜਿਸ ਕਾਰਨ ਇੱਥੇ ਹਰ 9 ਵਿੱਚੋਂ 1 ਵਿਅਕਤੀ ਨੂੰ ਆਪਣੇ ਜੀਵਨ ਕਾਲ ਵਿੱਚ ਕੈਂਸਰ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਜਿੱਥੇ ਵਿਸ਼ਵ ਪੱਧਰ ’ਤੇ ਫੇਫੜਿਆਂ ਦਾ ਕੈਂਸਰ ਸਭ ਤੋਂ ਆਮ ਹੈ, ਉੱਥੇ ਹੀ ਭਾਰਤੀ ਔਰਤਾਂ ਵਿੱਚ ਛਾਤੀ ਅਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਸਭ ਤੋਂ ਉੱਪਰ ਹੈ, ਜਦਕਿ ਮਰਦਾਂ ਵਿੱਚ ਤੰਬਾਕੂ ਅਤੇ ਸੁਪਾਰੀ ਦੇ ਸੇਵਨ ਕਾਰਨ ਮੂੰਹ ਦਾ ਕੈਂਸਰ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਮਾਲਵਾ ਖੇਤਰ (ਬਠਿੰਡਾ, ਫ਼ਰੀਦਕੋਟ, ਮਾਨਸਾ) ਤੋਂ ਰਾਜਸਥਾਨ ਦੇ ਬੀਕਾਨੇਰ ਜਾਣ ਵਾਲੀ ਰੇਲਗੱਡੀ ਅੱਜ ਦੁਨੀਆ ਭਰ ਵਿੱਚ ‘ਕੈਂਸਰ ਟਰੇਨ’ ਵਜੋਂ ਜਾਣੀ ਜਾਂਦੀ ਹੈ।

ਜਿਸ ਵਿੱਚ ਸਸਤੇ ਇਲਾਜ ਦੀ ਭਾਲ ਵਿੱਚ ਜਾਣ ਵਾਲੇ ਲਗਭਗ 60% ਤੋਂ 70% ਮੁਸਾਫ਼ਰ ਕੈਂਸਰ ਦੇ ਮਰੀਜ਼ ਹੁੰਦੇ ਹਨ। ਸੂਬੇ ਵਿੱਚ ਇਹ ਸਮੱਸਿਆ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਹੀ ਹੈ, ਜਿੱਥੇ ਹਰ ਰੋਜ਼ ਲਗਭਗ 68 ਲੋਕ ਕੈਂਸਰ ਕਾਰਨ ਦਮ ਤੋੜ ਰਹੇ ਹਨ। ਸਾਲ 2021 ਵਿੱਚ ਕੈਂਸਰ ਕਾਰਨ ਹੋਣ ਵਾਲੀਆਂ 22,786 ਮੌਤਾਂ ਦੇ ਮੁਕਾਬਲੇ 2025 ਵਿੱਚ ਇਹ ਅੰਕੜਾ ਵਧ ਕੇ 25,000 ਤੱਕ ਪਹੁੰਚ ਗਿਆ ਹੈ ਅਤੇ ਨਵੇਂ ਮਰੀਜ਼ਾਂ ਦੀ ਸਾਲਾਨਾ ਗਿਣਤੀ ਵੀ 39,251 ਤੋਂ ਵਧ ਕੇ 43,196 ਹੋ ਗਈ ਹੈ। ਸਭ ਤੋਂ ਚਿੰਤਾਜਨਕ ਤੱਥ ਇਹ ਹੈ ਕਿ ਬਿਮਾਰੀ ਦਾ ਦੇਰੀ ਨਾਲ ਪਤਾ ਲੱਗਣ ਕਾਰਨ ਪੰਜਾਬ ਵਿੱਚ ਲਗਭਗ 57.6% ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਪਿਛਲੇ ਪੰਜ ਸਾਲਾਂ (2021-2025) ਦੌਰਾਨ 13,299 ਔਰਤਾਂ ਕੈਂਸਰ ਕਾਰਨ ਮੌਤ ਦਾ ਸ਼ਿਕਾਰ ਹੋਈਆਂ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 7,186 ਮੌਤਾਂ ਇਕੱਲੇ ਛਾਤੀ ਦੇ ਕੈਂਸਰ ਕਾਰਨ ਹੋਈਆਂ, ਜੋ ਸੂਬੇ ਵਿੱਚ ਸਿਹਤ ਸੇਵਾਵਾਂ ਅਤੇ ਜਾਗਰੂਕਤਾ ਦੀ ਵੱਡੀ ਲੋੜ ਵੱਲ ਇਸ਼ਾਰਾ ਕਰਦੀਆਂ ਹਨ।

ਪੰਜਾਬ ਵਿੱਚ ਕੈਂਸਰ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਇੱਥੋਂ ਦੇ ਵਾਤਾਵਰਨ ਵਿੱਚ ਘੁਲਿਆ ਜ਼ਹਿਰ ਹੈ; ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਅਤੇ ਆਰਸੈਨਿਕ ਦੀ ਮਾਤਰਾ ਨਿਰਧਾਰਤ ਸੀਮਾ ਨਾਲੋਂ 50 ਤੋਂ 100 ਗੁਣਾ ਜ਼ਿਆਦਾ ਪਾਈ ਗਈ ਹੈ, ਜੋ ਸਿੱਧੇ ਤੌਰ ’ਤੇ ਮਨੁੱਖੀ ਡੀਐੱਨਏ ਨੂੰ ਨਸ਼ਟ ਕਰ ਰਹੇ ਹਨ। ਇਸੇ ਕਾਰਨ ਮਾਲਵਾ ਖੇਤਰ ਵਿੱਚ ਨਾ ਸਿਰਫ਼ ਕੈਂਸਰ ਦੇ ਮਾਮਲੇ ਵਧੇ ਹਨ, ਸਗੋਂ ਬੱਚੇ ਵੀ ਜਮਾਂਦਰੂ ਨੁਕਸਾਂ ਨਾਲ ਪੈਦਾ ਹੋ ਰਹੇ ਹਨ। ਭਾਰਤ ਦੀ ਮਹਿਜ਼ 1.5% ਵਾਹੀਯੋਗ ਜ਼ਮੀਨ ਹੋਣ ਦੇ ਬਾਵਜ਼ੂਦ, ਪੰਜਾਬ ਦੇਸ਼ ਦੇ ਕੁੱਲ ਕੀਟਨਾਸ਼ਕਾਂ ਦਾ ਲਗਭਗ 15% ਤੋਂ 18% ਇਕੱਲਾ ਹੀ ਵਰਤਦਾ ਹੈ, ਜਿਸ ਕਾਰਨ ਇਹ ਘਾਤਕ ਜ਼ਹਿਰ ਹੁਣ ਸਾਡੀ ‘ਫੂਡ ਚੇਨ’ ਦਾ ਹਿੱਸਾ ਬਣ ਚੁੱਕਾ ਹੈ। ਵਿਗਿਆਨਕ ਤਰੱਕੀ ਸਦਕਾ ਅੱਜ ਕੈਂਸਰ ਦਾ ਇਲਾਜ ਕਾਫ਼ੀ ਪ੍ਰਭਾਵਸ਼ਾਲੀ ਹੋ ਚੁੱਕਾ ਹੈ। Cancer In Punjab

ਜਿਸ ਦੀ ਚੋਣ ਮੁੱਖ ਤੌਰ ’ਤੇ ਬਿਮਾਰੀ ਦੀ ਸਟੇਜ ਤੇ ਕਿਸਮ ਅਨੁਸਾਰ ਕੀਤੀ ਜਾਂਦੀ ਹੈ। ਇਲਾਜ ਦੇ ਰਵਾਇਤੀ ਤਰੀਕਿਆਂ ਵਿੱਚ ‘ਸਰਜਰੀ’ ਰਾਹੀਂ ਟਿਊਮਰ ਨੂੰ ਕੱਢਣਾ, ‘ਕੀਮੋਥੈਰੇਪੀ’ ਦੀਆਂ ਤਾਕਤਵਰ ਦਵਾਈਆਂ ਨਾਲ ਕੈਂਸਰ ਸੈੱਲਾਂ ਨੂੰ ਨਸ਼ਟ ਕਰਨਾ ਅਤੇ ‘ਰੇਡੀਏਸ਼ਨ ਥੈਰੇਪੀ’ ਦੀਆਂ ਉੱਚ-ਸ਼ਕਤੀ ਵਾਲੀਆਂ ਕਿਰਨਾਂ ਦੀ ਵਰਤੋਂ ਸ਼ਾਮਲ ਹੈ। ਇਸ ਦੇ ਨਾਲ ਹੀ ‘ਟਾਰਗੇਟਿਡ ਥੈਰੇਪੀ’ ਅਤੇ ‘ਇਮਿਊਨੋਥੈਰੇਪੀ’ ਵਰਗੀਆਂ ਆਧੁਨਿਕ ਤਕਨੀਕਾਂ ਹੁਣ ਸਰੀਰ ਦੇ ਤੰਦਰੁਸਤ ਹਿੱਸਿਆਂ ਨੂੰ ਬਚਾ ਕੇ ਸਿਰਫ਼ ਖ਼ਰਾਬ ਸੈੱਲਾਂ ਨੂੰ ਹੀ ਨਿਸ਼ਾਨਾ ਬਣਾਉਂਦੀਆਂ ਹਨ। ਕੈਂਸਰ ਤੋਂ ਬਚਾਅ ਅਤੇ ਇਲਾਜ ਦੌਰਾਨ ਸਰੀਰਕ ਤੇ ਮਾਨਸਿਕ ਮਜ਼ਬੂਤੀ ਲਈ ਸਹੀ ਜੀਵਨਸ਼ੈਲੀ ਅਤੇ ਖ਼ੁਰਾਕ ਦੀ ਭੂਮਿਕਾ ਬੇਹੱਦ ਅਹਿਮ ਹੈ। ਐਂਟੀ-ਆਕਸੀਡੈਂਟਸ ਨਾਲ ਭਰਪੂਰ ਭੋਜਨ ਜਿਵੇਂ ਕਿ ਤਾਜ਼ੇ ਫ਼ਲ, ਹਰੀਆਂ ਪੱਤੇਦਾਰ ਸਬਜ਼ੀਆਂ, ਹਲਦੀ ਅਤੇ ਲਸਣ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮੱਦਦਗਾਰ ਹੁੰਦੇ ਹਨ। ਇਸ ਦੇ ਉਲਟ ਜ਼ਿਆਦਾ ਖੰਡ ਅਤੇ ਰਿਫਾਇੰਡ ਤੇਲ ਸਰੀਰ ਵਿੱਚ ਸੋਜ ਵਧਾਉਂਦੇ ਹਨ, ਇਸ ਲਈ ਇਨ੍ਹਾਂ ਤੋਂ ਦੂਰ ਰਹਿਣਾ ਹੀ ਸਮਝਦਾਰੀ ਹੈ। Cancer In Punjab

ਨਿਯਮਿਤ ਕਸਰਤ ਨਾ ਸਿਰਫ਼ ਮੋਟਾਪੇ ਨੂੰ ਘਟਾਉਂਦੀ ਹੈ, ਸਗੋਂ ਕੈਂਸਰ ਦੇ ਜੋਖਮ ਨੂੰ ਵੀ ਕਾਫ਼ੀ ਹੱਦ ਤੱਕ ਘੱਟ ਕਰਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਸਹੀ ਸਮੇਂ ’ਤੇ ਸਕ੍ਰੀਨਿੰਗ ਅਤੇ ਟੈਸਟ ਕਰਵਾਏ ਜਾਣ, ਤਾਂ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਪਛਾਣਿਆ ਜਾ ਸਕਦਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਕੈਂਸਰ ਮਰੀਜ਼ਾਂ ਲਈ ਕਈ ਰਾਹਤ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ‘ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਚੁਣੇ ਹੋਏ ਪਰਿਵਾਰਾਂ ਨੂੰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ (ਬਿਨਾਂ ਪੈਸੇ ਦਿੱਤੇ) ਇਲਾਜ ਦੀ ਸਹੂਲਤ ਮਿਲਦੀ ਹੈ, ਜਿਸ ਵਿੱਚ ਸਰਜਰੀ, ਕੀਮੋਥੈਰੇਪੀ ਅਤੇ ਰੇਡੀਏਸ਼ਨ ਦੇ ਖਰਚੇ ਸ਼ਾਮਲ ਹਨ। ਇਸ ਤੋਂ ਇਲਾਵਾ, ‘ਮੁੱਖ ਮੰਤਰੀ ਕੈਂਸਰ ਰਾਹਤ ਕੋਸ਼’ ਸਕੀਮ ਤਹਿਤ ਪੰਜਾਬ ਦੇ ਵਸਨੀਕਾਂ ਨੂੰ 1.5 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਸਿੱਧੀ ਹਸਪਤਾਲਾਂ (ਜਿਵੇਂ ਪੀਜੀਆਈ, ਏਮਜ਼ ਅਤੇ ਹੋਰ ਮਾਨਤਾ ਪ੍ਰਾਪਤ ਸੰਸਥਾਵਾਂ) ਨੂੰ ਦਿੱਤੀ ਜਾਂਦੀ ਹੈ। Cancer In Punjab

ਜਿਸ ਲਈ ਸਿਵਲ ਸਰਜਨ ਦਫ਼ਤਰ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਮਰੀਜ਼ਾਂ ਦੀ ਆਰਥਿਕ ਮੱਦਦ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਵੀ ਦਿੱਤੀ ਗਈ ਹੈ। ਸਰਕਾਰ ਵੱਲੋਂ ਨਾ ਸਿਰਫ਼ ਦਵਾਈਆਂ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਸਗੋਂ ਪਿੰਡਾਂ ਵਿੱਚ ਮੋਬਾਈਲ ਯੂਨਿਟਾਂ ਰਾਹੀਂ ਸਕ੍ਰੀਨਿੰਗ ਕੈਂਪ ਵੀ ਲਾਏ ਜਾ ਰਹੇ ਹਨ ਤਾਂ ਜੋ ਇਸ ਬਿਮਾਰੀ ਦਾ ਸ਼ੁਰੂਆਤੀ ਪੜਾਅ ’ਤੇ ਪਤਾ ਲਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਵਿਸ਼ਵ ਪੱਧਰ ’ਤੇ ਕੈਂਸਰ ਇੱਕ ਗੰਭੀਰ ਚੁਣੌਤੀ ਬਣ ਚੁੱਕਾ ਹੈ, ਪਰ ਭਾਰਤ ਵਿੱਚ ਜਾਗਰੂਕਤਾ ਦੀ ਘਾਟ ਤੇ ਮਹਿੰਗਾ ਇਲਾਜ ਇਸ ਨੂੰ ਹੋਰ ਵੀ ਘਾਤਕ ਬਣਾ ਦਿੰਦੇ ਹਨ। ਇਹ ਇੱਕ ਹੈਰਾਨੀਜਨਕ ਪਰ ਰਾਹਤ ਦੇਣ ਵਾਲਾ ਤੱਥ ਹੈ ਕਿ 40% ਕੈਂਸਰ ਦੇ ਮਾਮਲਿਆਂ ਨੂੰ ਕੇਵਲ ਜੀਵਨਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਅਤੇ ਸਮੇਂ ਸਿਰ ਜਾਂਚ ਰਾਹੀਂ ਰੋਕਿਆ ਜਾ ਸਕਦਾ ਹੈ। ਇਹ ਅੰਕੜੇ ਸਾਨੂੰ ਡਰਾਉਣ ਲਈ ਨਹੀਂ, ਸਗੋਂ ਚੇਤੰਨ ਕਰਨ ਲਈ ਹਨ ਕਿ ਜੇਕਰ ਅਸੀਂ ਹੁਣੇ ਆਪਣੀ ਖ਼ੁਰਾਕ, ਪਾਣੀ ਦੀ ਸ਼ੁੱਧਤਾ ਤੇ ਨਿਯਮਿਤ ਸਿਹਤ ਜਾਂਚ ਵੱਲ ਗੰਭੀਰਤਾ ਨਾਲ ਧਿਆਨ ਨਾ ਦਿੱਤਾ, ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਥਿਤੀ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ। Cancer In Punjab

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਕ੍ਰਿਸ਼ਨ ਲਾਲ