Food Delivery Habit: ਅੱਜ-ਕੱਲ੍ਹ ਮੋਬਾਇਲ ਵਿੱਚ ਫੂਡ ਡਿਲਿਵਰੀ ਐਪ ਹੋਣਾ ਬਿਲਕੁਲ ਆਮ ਗੱਲ ਹੈ। ਭੁੱਖ ਲੱਗੀ, ਦਿਲ ਕੀਤਾ ਅਤੇ ਬੱਸ ਦੋ-ਤਿੰਨ ਕਲਿੱਕਾਂ ਨਾਲ ਪਸੰਦੀਦਾ ਖਾਣਾ ਘਰ ਦੇ ਦਰਵਾਜ਼ੇ ’ਤੇ ਪਹੁੰਚ ਜਾਂਦਾ ਹੈ। ਸ਼ੁਰੂਆਤ ’ਚ ਇਹ ਸਹੂਲਤ ਬਹੁਤ ਸੌਖੀ ਤੇ ਸਮਾਂ ਬਚਾਉਣ ਵਾਲੀ ਲੱਗਦੀ ਹੈ। ਦਫ਼ਤਰ ਤੋਂ ਵਾਪਸ ਆ ਕੇ ਥਕਾਵਟ ਹੋਵੇ, ਬਾਹਰ ਜਾਣ ਦਾ ਮੂਡ ਨਾ ਹੋਵੇ ਜਾਂ ਅਚਾਨਕ ਮਹਿਮਾਨ ਆ ਜਾਣ, ਤਾਂ ਫੂਡ ਡਿਲੀਵਰੀ ਇੱਕ ਤੁਰੰਤ ਹੱਲ ਬਣ ਜਾਂਦੀ ਹੈ। ਪਰ ਹੌਲੀ-ਹੌਲੀ ਇਹੀ ਸਹੂਲਤ ਬਹੁਤ ਸਾਰੇ ਲੋਕਾਂ ਲਈ ਆਦਤ ਬਣ ਜਾਂਦੀ ਹੈ। Food Delivery Habit
ਇਹ ਖਬਰ ਵੀ ਪੜ੍ਹੋ : Misleading Advertisements: ਚਮਕਦਾਰ ਇਸ਼ਤਿਹਾਰਬਾਜ਼ੀ, ਚਮਕਦਾਰ ਪੈਕੇਜਿੰਗ ਤੇ ਗੁੰਮਰਾਹਕੁਨ ਦਾਅਵੇ
ਕਈ ਵਾਰ ਅਸੀਂ ਭੁੱਖ ਕਰਕੇ ਨਹੀਂ, ਸਗੋਂ ਸੁਆਦ, ਲਾਲਚ ਤੇ ਡਿਸਕਾਊਂਟ ਆਫਰ ਵੇਖ ਕੇ ਆਰਡਰ ਕਰ ਦਿੰਦੇ ਹਾਂ। ਕੁਝ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਕਦੋਂ ਇਸ ਆਦਤ ਦੇ ਇੰਨੇ ਆਦੀ ਹੋ ਗਏ ਕਿ ਘਰ ਦਾ ਖਾਣਾ ਪਿੱਛੇ ਰਹਿ ਗਿਆ। ਇਹ ਆਦਤ ਸਿਰਫ਼ ਜੇਬ੍ਹ ’ਤੇ ਅਸਰ ਨਹੀਂ ਪਾਉਂਦੀ, ਸਗੋਂ ਸਿਹਤ, ਰੁਟੀਨ ਅਤੇ ਮਾਨਸਿਕ ਸੰਤੁਲਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਅੱਜ ਲੋੜ ਹੈ ਸਮਝਣ ਦੀ ਕਿ ਫੂਡ ਡਿਲਿਵਰੀ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ ਅਤੇ ਇਸ ਦੀ ਲਤ ਤੋਂ ਕਿਵੇਂ ਬਾਹਰ ਨਿੱਕਲਣਾ ਹੈ।
ਫੂਡ ਡਿਲਿਵਰੀ ਦੀ ਆਦਤ ਕਿਉਂ ਪੈ ਜਾਂਦੀ ਹੈ? | Food Delivery Habit
ਫੂਡ ਡਿਲਿਵਰੀ ਐਪਸ ਨੇ ਖਾਣੇ ਨੂੰ ਇੰਨਾ ਸੌਖਾ ਬਣਾ ਦਿੱਤਾ ਹੈ ਕਿ ਹੁਣ ਭੁੱਖ ਲੱਗਣ ਤੋਂ ਪਹਿਲਾਂ ਹੀ ਲੋਕ ਆਰਡਰ ਬਾਰੇ ਸੋਚਣ ਲੱਗ ਪੈਂਦੇ ਹਨ। ਬੱਸ ਇੱਕ ਕਲਿੱਕ ਅਤੇ ਮਨਪਸੰਦ ਖਾਣਾ ਸਾਹਮਣੇ। ਇਹ ਸਹੂਲਤ ਹੌਲੀ-ਹੌਲੀ ਆਦਤ ਵਿੱਚ ਬਦਲ ਜਾਂਦੀ ਹੈ। ਕੈਸ਼ਬੈਕ, 50 ਫੀਸਦੀ ਛੋਟ, ਫਰੀ ਡਿਲਿਵਰੀ ਤੇ ਕੌਂਬੋ ਡੀਲ ਵਰਗੇ ਆਫਰ ਲੋਕਾਂ ਨੂੰ ਵਾਰ-ਵਾਰ ਆਰਡਰ ਕਰਨ ਲਈ ਪ੍ਰੇਰਿਤ ਕਰਦੇ ਹਨ। ਕਈ ਵਾਰ ਲੋਕ ਪੈਸੇ ਬਚਾਉਣ ਦੇ ਭਰਮ ਵਿੱਚ ਲੋੜ ਤੋਂ ਵੱਧ ਖਰਚ ਕਰ ਬੈਠਦੇ ਹਨ।
ਘਰ ਦਾ ਸਾਦਾ ਖਾਣਾ ਸੁਆਦ ਵਿੱਚ ਓਨਾ ਆਕਰਸ਼ਕ ਨਹੀਂ ਲੱਗਦਾ ਜਿੰਨਾ ਪਿੱਜ਼ਾ, ਬਰਗਰ ਜਾਂ ਮਠਿਆਈਆਂ। ਹੌਲੀ-ਹੌਲੀ ਸੁਆਦ ਦੀ ਇਹ ਆਦਤ ਸਰੀਰ ਅਤੇ ਦਿਮਾਗ ਦੋਵਾਂ ਨੂੰ ਜੰਕ ਫੂਡ ਵੱਲ ਖਿੱਚਦੀ ਰਹਿੰਦੀ ਹੈ। ਤੇਜ਼ ਜੀਵਨਸ਼ੈਲੀ ਵਿੱਚ ਲੋਕ ਖਾਣਾ ਬਣਾਉਣ ਨੂੰ ਸਮੇਂ ਦੀ ਬਰਬਾਦੀ ਸਮਝਣ ਲੱਗ ਪੈਂਦੇ ਹਨ। ਉੱਥੇ ਹੀ, ਕਈ ਲੋਕ ਥਕਾਵਟ ਅਤੇ ਆਲਸ ਕਰਕੇ ਰਸੋਈ ਤੋਂ ਦੂਰੀ ਬਣਾ ਲੈਂਦੇ ਹਨ, ਜਿਸ ਨਾਲ ਡਿਲਿਵਰੀ ਦਾ ਆਸਰਾ ਵਧਦਾ ਜਾਂਦਾ ਹੈ। ਕਈ ਵਾਰ ਲੋਕ ਤਣਾਅ, ਇਕੱਲੇਪਣ ਜਾਂ ਉਦਾਸੀ ਵਿੱਚ ਖਾਣਾ ਆਰਡਰ ਕਰਦੇ ਹਨ। ਇਸ ਨੂੰ ਇਮੋਸ਼ਨਲ ਈਟਿੰਗ ਕਿਹਾ ਜਾਂਦਾ ਹੈ। ਇਸ ਹਾਲਤ ਵਿੱਚ ਖਾਣਾ ਪੇਟ ਲਈ ਨਹੀਂ, ਦਿਲ ਨੂੰ ਖੁਸ਼ ਕਰਨ ਲਈ ਮੰਗਵਾਇਆ ਜਾਂਦਾ ਹੈ।
ਇੰਜ ਛੱਡੋ ਇਸ ਆਦਤ ਨੂੰ | Food Delivery Habit
ਸਭ ਤੋਂ ਪਹਿਲਾਂ ਆਪਣੇ ਲਈ ਨਿਯਮ ਬਣਾਓ ਕਿ ਹਫ਼ਤੇ ਵਿੱਚ ਕਿੰਨੀ ਵਾਰ ਬਾਹਰ ਦਾ ਖਾਣਾ ਮੰਗਵਾਉਣਾ ਹੈ। ਉਦਾਹਰਨ ਵਜੋਂ ਹਫ਼ਤੇ ਵਿੱਚ ਸਿਰਫ਼ ਇੱਕ ਜਾਂ ਦੋ ਵਾਰ। ਇਹ ਆਦਤ ਹੌਲੀ-ਹੌਲੀ ਕੰਟਰੋਲ ਵਿੱਚ ਆ ਜਾਵੇਗੀ। ਡਿਸਕਾਊਂਟ ਅਤੇ ਆਫਰਾਂ ਦੀ ਸੂਚਨਾ ਵੇਖ ਕੇ ਮਨ ਜਲਦੀ ਲਲਚਾਉਂਦਾ ਹੈ। ਇਸ ਲਈ ਐਪ ਦੇ ਨੋਟੀਫਿਕੇਸ਼ਨ ਬੰਦ ਕਰ ਦਿਓ। ਇਸ ਨਾਲ ਬੇਲੋੜੇ ਆਰਡਰ ਕਰਨ ਦੀ ਇੱਛਾ ਘੱਟ ਹੋ ਜਾਵੇਗੀ। ਅਕਸਰ ਅਚਾਨਕ ਭੁੱਖ ਲੱਗਣ ’ਤੇ ਲੋਕ ਆਰਡਰ ਕਰ ਦਿੰਦੇ ਹਨ। ਜੇ ਘਰ ਵਿੱਚ ਫਲ, ਭੁੱਜੇ ਛੋਲੇ, ਮੂੰਗਫਲੀ, ਦਹੀਂ, ਪੁੰਗਰੀ ਦਾਲ ਜਾਂ ਡਰਾਈ ਫਰੂਟਸ ਉਪਲੱਬਧ ਹੋਣ ਤਾਂ ਬਾਹਰ ਦਾ ਖਾਣਾ ਮੰਗਵਾਉਣ ਦੀ ਲੋੜ ਨਹੀਂ ਪੈਂਦੀ।
ਇੱਕ ਮਹੀਨੇ ਵਿੱਚ ਫੂਡ ਡਿਲਿਵਰੀ ’ਤੇ ਕਿੰਨਾ ਖਰਚ ਹੋਇਆ, ਇਹ ਵੇਖ ਕੇ ਅਕਸਰ ਲੋਕ ਹੈਰਾਨ ਹੋ ਜਾਂਦੇ ਹਨ। ਜੇ ਤੁਸੀਂ ਖਰਚੇ ਦਾ ਹਿਸਾਬ ਲਿਖੋਗੇ ਤਾਂ ਖੁਦ ਹੀ ਸਮਝ ਆ ਜਾਵੇਗਾ ਕਿ ਇਹ ਆਦਤ ਤੁਹਾਡੀ ਜੇਬ੍ਹ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੀ ਹੈ। ਕਈ ਲੋਕ ਸੋਚਦੇ ਹਨ ਕਿ ਖਾਣਾ ਬਣਾਉਣਾ ਬਹੁਤ ਔਖਾ ਕੰਮ ਹੈ, ਜਦੋਂਕਿ ਅਜਿਹਾ ਨਹੀਂ ਹੈ। ਦਾਲ-ਚੌਲ, ਸਬਜ਼ੀ, ਪੋਹਾ, ਉਪਮਾ, ਖਿਚੜੀ ਵਰਗੇ ਸੌਖੇ ਬਦਲ ਘਰੇ ਜਲਦੀ ਬਣ ਸਕਦੇ ਹਨ। ਜਦੋਂ ਤੁਸੀਂ ਘਰ ਦਾ ਖਾਣਾ ਖਾਣ ਲੱਗੋਗੇ ਤਾਂ ਬਾਹਰ ਦਾ ਖਾਣਾ ਆਪੇ ਹੀ ਘੱਟ ਹੋ ਜਾਵੇਗਾ।
— ਸੱਚ ਕਹੂੰ ਡੈਸਕ














