ਪਾਕਿ ਪ੍ਰਧਾਨ ਮੰਤਰੀ ਨੇ ਬੁਲਾਈ ਐਮਰਜੈਂਸੀ ਮੀਟਿੰਗ
ਨਵੀਂ ਦਿੱਲੀ (ਏਜੰਸੀ)। ਅੱਤਵਾਦ ਦੀ ਪੁਸ਼ਤ-ਪਨਾਹੀ ਕਰਨ ਵਾਲੇ ਪਾਕਿਸਤਾਨ ਨੂੰ ਅਮਰੀਕਾ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 255 ਮਿਲੀਅਨ ਡਾਲਰ (1624 ਕਰੋੜ ਰੁਪਏ) ਦੀ ਆਰਥਿਕ ਮੱਦਦ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅਬਾਸੀ ਨੇ ਜਲਦਬਾਜ਼ੀ ਵਿੱਚ ਕੌਮੀ ਸੁਰੱਖਿਆ ਕੌਂਸਲ (ਐਨਐਸਸੀ) ਦੀ ਐਮਰਜੈਂਸੀ ਬੈਠਕ ਬੁਲਾਈ ਹੈ। ਰਾਸ਼ਟਰਪਤੀ ਟਰੰਪ ਨੇ ਪਿਛਲੇ ਸਾਲ ਏਸ਼ੀਆ-ਪੈਸੀਫਿਕ ਅਤੇ ਦੱਖਣੀ ਏਸ਼ੀਆ ਲਈ ਨਵੀਂ ਨੀਤੀ ਦਾ ਐਲਾਨ ਕੀਤਾ ਸੀ। ਇਸ ਵਿੱਚ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿੱਚ ਅੱਤਵਾਦੀਆਂ ਦੀ ਪਨਾਹਗਾਹ ਨੂੰ ਖਤਮ ਕਰਨ ਜਾਂ ਫਿਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ। ਅਮਰੀਕਾ ਸਰਕਾਰ ਨੇ ਫੰਡ ਰੋ ਕੇ ਉਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਿਆ ਹੈ।
ਵਾੲ੍ਹੀਟ ਹਾਊਸ ਨੇ ਪਾਕਿਸਤਾਨ ਨੂੰ ਕਰੋੜਾਂ ਰੁਪਏ ਦੀ ਆਰਥਿਕ ਮੱਦਦ ‘ਤੇ ਰੋਕ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਨੇ ਸਪੱਸ਼ਟ ਕੀਤਾ ਕਿ ਅੱਤਵਾਦ ਦੇ ਖਿਲਾਫ਼ ਇਸਲਾਮਾਬਾਦ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ‘ਤੇ ਹੀ ਇਹ ਨਿਰਭਰ ਕਰੇਗਾ ਕਿ ਉਸ ਨੂੰ ਭਵਿੱਖ ਵਿੱਚ ਆਰਥਿਕ ਮੱਦਦ ਦਿੱਤੀ ਜਾਵੇਗੀ ਜਾਂ ਨਹੀਂ। ਨੇਵੀ ਵਰ੍ਹੇ ਮੌਕੇ ਰਾਸ਼ਟਰਪਤੀ ਟਰੰਪ ਨੇ ਆਪਣੇ ਪਹਿਲੇ ਟਵੀਟ ਵਿੱਚ ਅੱਤਵਾਦੀ ਸੰਗਠਨਾਂ ਲਈ ਪਨਾਹਗਾਹ ਬਣੇ ਪਾਕਿਸਤਾਨ ਨੂੰ ਫਟਕਾਰ ਲਾਈ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਅਮਰੀਕਾ ਨੇ ਮੂਰਖਤਾਪੂਰਨ ਤਰੀਕੇ ਨਾਲ 15 ਸਾਲਾਂ ਤੋਂ ਪਾਕਿਸਤਾਨ ਨੂੰ 33 ਅਰਬਡਾਲਰ ਦੀ ਸਹਾਇਤਾ ਦਿੱਤੀ ਹੈ। ਬਦਲੇ ਵਿੱਚ ਝੂਠ ਅਤੇ ਛਲ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ। ਅਮਰੀਕੀ ਨੇਤਾਵਾਂ ਨੂੰ ਮੂਰਖ ਸਮਝਿਆ ਗਿਆ।
ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਨੇ ਬੁੱਧਵਾਰ 3 ਜਨਵਰੀ ਨੂੰ ਐਨਐਸਸੀ ਦੀ ਐਮਰਜੈਂਸੀ ਬੈਠਕ ਬੁਲਾਈ ਹੈ। ਇਸ ਵਿੱਚ ਡੋਨਾਲਡ ਟਰੰਪ ਦੇ ਸਖ਼ਤ ਰੁਖ ਤੋਂ ਬਾਅਦ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਬੈਠਕ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਵਿਦੇਸ਼ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਤਿੰਨੇ ਫੌਜਾਂ ਦੇ ਮੁਖੀ ਹਿੱਸਾ ਲੈਣਗੇ।