13 ਫਰਵਰੀ ਨੂੰ ਮੁੜ ਹੋਵੇਗੀ ਪੇਸ਼ੀ
Gangster Goldy Brar News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਪਿਛਲੇਂ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਗੈਂਗਸਟਰ ਸਤਿੰਦਰਜੀਜਤ ਸਿੰਘ ਉਰਫ਼ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰੀਤਪਾਲ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਵਿੱਚ ਦਰਜ਼ ਰੰਗਦਾਰੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਇੱਕ ਕੇਸ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਜਿਨਾਂ ਨੂੰ ਪਹਿਲਾਂ 26 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਜਿੱਥੇ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ, ਜੋ 27 ਜਨਵਰੀ ਨੂੰ ਖ਼ਤਮ ਹੋ ਗਿਆ ਸੀ।
ਇਹ ਵੀ ਪੜ੍ਹੋ: Robbery Case: ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 5 ਨੌਜਵਾਨ ਗ੍ਰਿਫਤਾਰ
ਉਸ ਤੋਂ ਬਾਅਦ ਮੁੜ ਤੋਂ ਮੰਗਲਵਾਰ ਦੀ ਦੇਰ ਸ਼ਾਮ ਸੀਜੇਐਮ ਨੀਰਜ ਕੁਮਾਰ ਸਿੰਗਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ 30 ਜਨਵਰੀ ਤੱਕ ਦਾ ਰਿਮਾਂਡ ਮਿਲਿਆ ਸੀ ਅਤੇ 30 ਜਨਵਰੀ ਦੇ ਰਿਮਾਂਡ ਦੇ ਖ਼ਤਮ ਹੋਣ ਉਪਰੰਤ ਜਦੋਂ ਉਕਤ ਦੋਵਾਂ ਨੂੰ ਫਿਰ ਤੋਂ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਮਾਣਯੋਗ ਅਦਾਲਤ ਨੇ ਸਮਸ਼ੇਰ ਸਿੰਘ ਅਤੇ ਮਾਤਾ ਪ੍ਰਿਤਪਾਲ ਕੌਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਅਤੇ 13 ਫਰਵਰੀ ਨੂੰ ਮੁੜ ਤੋਂ ਦੋਵਾਂ ਦੀ ਪੇਸ਼ੀ ਹੋਵੇਗੀ। ਜ਼ਿਕਰਯੋਗ ਹੈ ਕਿ ਸਮਸ਼ੇਰ ਸਿੰਘ ਅਤੇ ਮਾਤਾ ਪ੍ਰੀਤਪਾਲ ਕੌਰ ’ਤੇ ਸਤਨਾਮ ਸਿੰਘ ਨਾਮਕ ਵਿਅਕਤੀ ਵੱਲੋਂ 50 ਲੱਖ ਦੀ ਫਰੌਤੀ ਮੰਗਣ ਦੇ ਦੋਸ਼ ਲਗਾਏ ਗਏ ਹਨ, ਜਿਸ ਦੇ ਬਿਆਨਾਂ ਤਹਿਤ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ਼ ਹੈ। Gangster Goldy Brar News













