ਜਨਮ ਦਿਨ ‘ਤੇ ਵਿਸ਼ੇਸ਼ | Azad Hind Fauj
Subhas Chandra Bose: ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਕਟਕ (ਉੜੀਸਾ) ਵਿੱਚ ਉੱਘੇ ਵਕੀਲ ਪਿਤਾ ਜਾਨਕੀ ਨਾਥ ਬੋਸ ਅਤੇ ਮਾਤਾ ਪ੍ਰਭਾਵਤੀ ਬੋਸ ਦੇ ਘਰ ਹੋਇਆ। ਨੇਤਾ ਜੀ ਨੇ ਸ਼ੁਰੂਆਤੀ ਪੜ੍ਹਾਈ ਕਟਕ ਦੇ ਰੇਵੇਂਸੋਵ ਕਾਲਜੀਏਟ ਸਕੂਲ ਤੋਂ ਹਾਸਲ ਕੀਤੀ। ਉਹ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਲਕੱਤਾ ਦੇ ਪ੍ਰੈਜੀਡੈਂਸੀ ਕਾਲਜ ਅਤੇ ਸਕਾਟਿਸ਼ ਚਰਚ ਕਾਲਜ ਤੋਂ ਸਿੱਖਿਆ ਹਾਸਲ ਕੀਤੀ। 1919 ਵਿੱਚ ਉਨ੍ਹਾਂ ਨੇ ਫਿਲਾਸਫ਼ੀ ਵਿਸ਼ੇ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਬਾਅਦ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ (ਇੰਡੀਅਨ ਸਿਵਿਲ ਸਰਵਿਸ) ਦੀ ਤਿਆਰੀ ਲਈ ਉਨ੍ਹਾਂ ਦੇ ਮਾਤਾ-ਪਿਤਾ ਨੇ ਬੋਸ ਨੂੰ ਇੰਗਲੈਂਡ ਦੀ ਕੈਂਬਿ੍ਰਜ ਯੂਨੀਵਰਸਿਟੀ ਭੇਜ ਦਿੱਤਾ। ਅੰਗਰੇਜਾਂ ਦੇ ਰਾਜ ਵਿੱਚ ਭਾਰਤੀਆਂ ਲਈ ਸਿਵਿਲ ਸਰਵਿਸ ਵਿੱਚ ਜਾਣਾ ਬਹੁਤ ਹੀ ਮੁਸ਼ਕਿਲ ਸੀ।
ਇਹ ਖਬਰ ਵੀ ਪੜ੍ਹੋ : ਸੇਵਾ ਦਾ ਮਹਾਂਕੁੰਭ: ਡੇਰਾ ਸੱਚਾ ਸੌਦਾ ’ਚ ਮੈਡੀਕਲ ਕੈਂਪ ਲਗਾਤਾਰ ਜਾਰੀ, ਮਰੀਜਾਂ ਨੂੰ ਮਿਲ ਰਿਹੈ ਭਰਪੂਰ ਲਾਭ
ਪਰ ਉਨ੍ਹਾਂ ਨੇ ਸਿਵਿਲ ਸਰਵਿਸ ਦੀ ਪ੍ਰੀਖਿਆ ਸਿਰਫ਼ 8 ਮਹੀਨਿਆਂ ਵਿੱਚ ਪਾਸ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। ਸੰਨ 1919 ਵਿੱਚ ਜਲਿਆਂਵਾਲਾ ਬਾਗ ਸਾਕੇ ਤੋਂ ਬਾਅਦ ਮਹਾਤਮਾ ਗਾਧੀ ਜੀ ਵੱਲੋਂ ਸ਼ੁਰੂ ਕੀਤੇ ਨਾਨ ਕੋਪਰੇਸ਼ਨ ਮੂਵਮੈਂਟ ਵਿੱਚ ਲੱਖਾਂ ਲੋਕਾਂ ਨੇ ਰੋਸ ਵਜੋਂ ਨੌਕਰੀਆਂ ਤੋਂ ਅਸਤੀਫ਼ੇ ਦਿੱਤੇ, ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕੀਤਾ ਉਸ ਸਮੇਂ ਸੁਭਾਸ਼ ਚੰਦਰ ਬੋਸ ਵੀ ਆਪਣੀ ਭਾਰਤ ਦੀ ਸਭ ਤੋਂ ਵੱਡੀ ਸਿਵਿਲ ਸਰਵਿਸ ਪੋਸਟ ਨੂੰ ਠੁਕਰਾ ਕੇ ਅਸਤੀਫ਼ਾ ਦੇ ਕੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋ ਗਏ। ‘ਜੈ ਹਿੰਦ’ ਦਾ ਨਾਅਰਾ ਨੇਤਾ ਜੀ ਨੇ ਹੀ ਦਿੱਤਾ ਸੀ ਜੋ ਅੱਜ ਭਾਰਤ ਦਾ ਰਾਸ਼ਟਰੀ ਨਾਅਰਾ ਹੈ। ਸੁਭਾਸ਼ ਚੰਦਰ ਬੋਸ ਭਾਰਤੀ ਰਾਸ਼ਟਰਵਾਦੀ ਸਨ।
ਜਿਨ੍ਹਾਂ ਵਿੱਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਸੀ ਜਿਸ ਦੇ ਸਿੱਟੇ ਵਜੋਂ ਉਹ ਭਾਰਤ ਵਿੱਚ ਨਾਇਕ ਬਣੇ। 1921 ਵਿੱਚ ਉਹ ਭਾਰਤ ਵਾਪਸ ਆ ਗਏ ਤੇ ਭਾਰਤੀ ਰਾਸ਼ਟਰ ਕਾਂਗਰਸ ਨਾਲ ਜੁੜ ਗਏ। 1929 ਵਿੱਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਚੁਣੇ ਗਏ। 1931 ਵਿੱਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ। ਫਿਰ 1938 ਵਿੱਚ ਉਹ 51ਵੇਂ ਇਜ਼ਲਾਸ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਅਤੇ ਉਨ੍ਹਾਂ ਨੇ ਰਾਸ਼ਟਰੀ ਯੋਜਨਾ ਆਯੋਗ ਦਾ ਗਠਨ ਕੀਤਾ। ਇਹ ਨੀਤੀ ਗਾਂਧੀਵਾਦੀ ਆਰਥਿਕ ਵਿਚਾਰਾਂ ਦੇ ਅਨੁਕੂਲ ਨਹੀਂ ਸੀ। 1939 ਵਿੱਚ ਬੋਸ ਦੁਬਾਰਾ ਫਿਰ ਇੱਕ ਗਾਂਧੀਵਾਦੀ ਵਿਰੋਧੀ ਨੂੰ ਹਰਾ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਵਜੋਂ ਜੇਤੂ ਬਣੇ ਪਰ ਉਨ੍ਹਾਂ ਨੇ ਇਹ ਪੋਸਟ ਠੁਕਰਾ ਦਿੱਤੀ। Subhas Chandra Bose
ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਅਹਿੰਸਾ ਦੇ ਨਾਲ ਆਜ਼ਾਦੀ ਹਾਸਲ ਨਹੀਂ ਕੀਤੀ ਜਾ ਸਕਦੀ। 20 ਜੂਨ 1940 ਵਿੱਚ ਉਨ੍ਹਾਂ ਨੇ ਵੀਰ ਸਾਵਰਕਰ ਨਾਲ ਮੁਲਾਕਾਤ ਕੀਤੀ। 16 ਜਨਵਰੀ 1941 ਨੂੰ ਨੇਤਾ ਜੀ ਭੇਸ ਬਦਲ ਕੇ ਕਲਕੱਤਾ ਤੋਂ ਪਿਸ਼ਾਵਰ ਚਲੇ ਗਏ। ਫਿਰ ਉੱਥੋਂ ਉਹ ਕਾਬਲ ਅਤੇ ਅੱਗੇ ਜਰਮਨੀ ਚਲੇ ਗਏ। 1921 ਤੋਂ 1941 ਦੌਰਾਨ ਉਹ ਕਈ ਵਾਰ ਜੇਲ੍ਹ ਵੀ ਗਏ। ਸਰਗਰਮ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਨੇਤਾ ਜੀ ਨੇ ਲਗਭਗ ਪੂਰੀ ਦੁਨੀਆ ਦੀ ਸੈਰ ਕੀਤੀ। ਉਹ 1933 ਤੋਂ 36 ਤੱਕ ਯੂਰਪ ਵਿੱਚ ਰਹੇ। ਯੂਰਪ ਵਿੱਚ ਇਹ ਦੌਰ ਹਿਟਲਰ ਦੇ ਨਾਜੀਵਾਦ ਅਤੇ ਮੁਸੋਲਿਨੀ ਦੇ ਫਾਸੀਵਾਦ ਦਾ ਸੀ। ਨਾਜੀਵਾਦ ਅਤੇ ਫਾਸੀਵਾਦ ਦਾ ਨਿਸ਼ਾਨਾ ਇੰਗਲੈਂਡ ਸੀ, ਜਿਸਨੇ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ’ਤੇ ਇੱਕਤਰਫ਼ਾ ਸਮਝੌਤੇ ਥੋਪੇ ਸਨ। Subhas Chandra Bose
ਉਹ ਉਸਦਾ ਬਦਲਾ ਇੰਗਲੈਂਡ ਤੋਂ ਲੈਣਾ ਚਾਹੁੰਦੇ ਸਨ। ਉਸ ਸਮੇਂ ਭਾਰਤ ’ਤੇ ਵੀ ਅੰਗਰੇਜਾਂ ਦਾ ਕਬਜ਼ਾ ਸੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਦੇ ਖਿਲਾਫ਼ ਲੜਾਈ ਵਿੱਚ ਨੇਤਾ ਜੀ ਨੂੰ ਹਿਟਲਰ ਅਤੇ ਮੁਸੋਲਿਨੀ ਵਿੱਚ ਭਵਿੱਖ ਦਾ ਮਿੱਤਰ ਦਿਖਾਈ ਦੇ ਰਿਹਾ ਸੀ ਕਿਉਂਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਆਜ਼ਾਦੀ ਹਾਸਲ ਕਰਨ ਲਈ ਰਾਜਨੀਤਿਕ ਗਤੀਵਿਧੀਆਂ ਦੇ ਨਾਲ-ਨਾਲ ਕੂਟਨੀਤਿਕ ਅਤੇ ਸੈਨਾ ਦੇ ਸਹਿਯੋਗ ਦੀ ਵੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਨੇ ਜਪਾਨ ਵਿੱਚ ਜਪਾਨ ਦੀ ਹੀ ਮੱਦਦ ਨਾਲ ਪਹਿਲਾਂ ਭਾਰਤੀ ਆਰਮਡ ਫੋਰਸ ਦੀ ਸਥਾਪਨਾ ਕੀਤੀ, ਜਿਸ ਦਾ ਨਾਂਅ ‘ਆਜ਼ਾਦ ਹਿੰਦ ਫੌਜ’ ਰੱਖਿਆ ਗਿਆ। Subhas Chandra Bose
ਜਿਸ ਨੇ ਅੰਗਰੇਜੀ ਰਾਜ ਦੀਆਂ ਜੜ੍ਹਾਂ ਪੁੱਟਣ ਵਿੱਚ ਵੱਡੀ ਭੂਮਿਕਾ ਨਿਭਾਈ। ਔਰਤਾਂ ਲਈ ‘ਰਾਣੀ ਝਾਂਸੀ ਰੈਜ਼ੀਮੈਂਟ’ ਦਾ ਗਠਨ ਕੀਤਾ ਜਿਸ ਦੀ ਕੈਪਟਨ ਲੱਛਮੀ ਸਹਿਗਲ ਬਣੀ। ਨੇਤਾ ਜੀ ਦੇ ਨਾਂਅ ਨਾਲ ਮਸ਼ਹੂਰ ਸੁਭਾਸ਼ ਚੰਦਰ ਬੋਸ ਨੇ ਦਿ੍ਰੜ ਕ੍ਰਾਂਤੀ ਰਾਹੀਂ ਭਾਰਤ ਨੂੰ ਸੁਤੰਤਰ ਕਰਵਾਉਣ ਦੇ ਉਦੇਸ਼ ਨਾਲ 21 ਅਕਤੂਬਰ, 1943 ਨੂੰ ‘ਆਜ਼ਾਦ ਹਿੰਦ ਸਰਕਾਰ’ ਦੀ ਸਥਾਪਨਾ ਕੀਤੀ । ਨੇਤਾ ਜੀ ਆਪਣੀ ਆਜ਼ਾਦ ਹਿੰਦ ਫੌਜ ਨਾਲ 4 ਜੁਲਾਈ 1944 ਨੂੰ ਬਰਮਾ ਪਹੁੰਚੇ। ਇੱਥੇ ਹੀ ਉਨ੍ਹਾਂ ਨੇ ਆਪਣਾ ਮਸ਼ਹੂਰ ਨਾਅਰਾ ‘‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’’ ਦਿੱਤਾ ਸੀ, ਜੋ ਕਿ ਭਾਰਤੀਆਂ ਦੇ ਦਿਲ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।
ਉਨ੍ਹਾਂ ਨੇ ਜਰਮਨ ਵਿੱਚ ‘ਆਜ਼ਾਦ ਹਿੰਦ ਰੇਡੀਓ ਸਟੇਸ਼ਨ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅੰਗਰੇਜੀ ਸਾਮਰਾਜ ਦੇ ਹੁੰਦਿਆਂ ਹੀ ਭਾਰਤ ਦੀ ਧਰਤੀ ’ਤੇ ਆਜ਼ਾਦ ਭਾਰਤ ਦਾ ਝੰਡਾ ਲਹਿਰਾ ਦਿੱਤਾ ਸੀ। 18 ਅਗਸਤ, 1945 ਨੂੰ ਟੋਕੀਓ (ਜਾਪਾਨ) ਜਾਂਦੇ ਸਮੇਂ ਤਾਈਵਾਨ ਦੇ ਕੋਲ ਤਾਈਹੋਕੂ ਹਵਾਈ ਅੱਡੇ ’ਤੇ ਹਵਾਈ ਜਹਾਜ਼ ਦੁਆਰਾ ਉਡਾਣ ਭਰਨ ਸਮੇਂ ਜਹਾਜ਼ ਨੂੰ ਅਚਾਨਕ ਅੱਗ ਲੱਗਣ ਕਾਰਨ ਹਾਦਸੇ ਵਿੱਚ ਸੁਭਾਸ਼ ਚੰਦਰ ਬੋਸ ਦੀ ਮੌਤ ਹੋਈ ਦੱਸੀ ਜਾਂਦੀ ਹੈ, ਪਰ ਉਨ੍ਹਾਂ ਦੀ ਮਿ੍ਰਤਕਦ ਦੇਹ ਨਹੀਂ ਮਿਲ ਸਕੀ। ਨੇਤਾ ਜੀ ਦੀ ਮੌਤ ਦੇ ਕਾਰਨਾਂ ’ਤੇ ਅੱਜ ਵੀ ਰਹੱਸ ਬਣਿਆ ਹੋਇਆ ਹੈ। Subhas Chandra Bose
ਲੇਖਕ ਜੁਗਰਾਜ ਗਿੱਲ (ਅਮਰੀਕਾ) ਨੇ ਆਪਣੀ ਕਿਤਾਬ ‘ਗੁੰਮਨਾਮੀ ਬਾਬਾ ਸੀ ਸੁਭਾਸ਼ ਚੰਦਰ ਬੋਸ?’ ਵਿੱਚ ਨੇਤਾ ਜੀ ਦੇ ਜੀਵਨ ਬਾਰੇ 11 ਸਾਲ ਲਗਾਤਾਰ ਖੋਜ ਕਰਕੇ ਕਾਫੀ ਜਾਣਕਾਰੀ ਦਿੱਤੀ ਹੈ। ਨੇਤਾ ਜੀ ਭਾਵੇਂ ਇਸ ਦੁਨੀਆਂ ’ਚ ਮੌਜੂਦ ਨਹੀਂ ਹਨ ਪਰ ਫਿਰ ਵੀ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੀ ਭਾਰਤ ਲਈ ਦੇਣ ਸਦਾ ਯਾਦ ਰਹੇਗੀ। ਉਹ ਸਾਡੇ ਸਭ ਦੇ ਆਦਰਸ਼ ਹਨ। ਆਓ! ਅੱਜ ਨੇਤਾ ਜੀ ਦੇ ਜਨਮ ਦਿਨ ’ਤੇ ਵਾਅਦਾ ਕਰੀਏ ਕਿ ਅਸੀਂ ਵੀ ਉਨ੍ਹਾਂ ਵਾਂਗ ਆਪਣੇ ਭਾਰਤ ਦੇਸ਼ ਲਈ ਅਤੇ ਸਮਾਜ ਦੀ ਭਲਾਈ ਲਈ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਵਾਂਗੇ, ਇਹੀ ਸਾਡੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਜੈਤੋ (ਫ਼ਰੀਦਕੋਟ)
ਮੋ. 98550-31081
ਪ੍ਰਮੋਦ ਧੀਰ














