ਦੋਸ਼ੀ ਨੂੰ ਜਲਦੀ ਹੀ ਫੜ ਕੇ ਕੀਤਾ ਜਾਵੇਗਾ ਸਲਾਖਾਂ ਪਿੱਛੇ : ਚੌਕੀ ਇੰਚਾਰਜ ਗੁਰਦੇਵ ਸਿੰਘ
Snatching: ਲਹਿਰਾਗਾਗਾ, (ਰਾਜ ਸਿੰਗਲਾ)। ਸਥਾਨਕ ਸ਼ਹਿਰ ਦੇ ਵਾਰਡ ਨੰਬਰ ਇੱਕ ਮਲਕਾਂ ਵਾਲਾ ਮੁਹੱਲਾ ਵਿੱਚ ਦਿਨ-ਦਿਹਾੜੇ ਵਾਪਰੀ ਲੁੱਟ ਦੀ ਵਾਰਦਾਤ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਕਮਲੇਸ਼ ਰਾਣੀ ਆਪਣੇ ਘਰ ਦੇ ਬਾਹਰ ਬੈਠੀ ਧੁੱਪ ਸੇਕ ਰਹੀ ਸੀ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ, ਜਿਸ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ, ਅਚਾਨਕ ਕੋਲ ਆਇਆ ਅਤੇ ਉਸ ਦੇ ਕੰਨਾਂ ਦੀਆਂ ਬਾਲੀਆਂ ਖਿੱਚਣ ਲੱਗ ਪਿਆ। ਬਜ਼ੁਰਗ ਔਰਤ ਵੱਲੋਂ ਰੌਲਾ ਪਾਉਣ ’ਤੇ ਲੁੱਟੇਰਾ ਇੱਕ ਬਾਲੀ ਖਿੱਚ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਘਰ ਵਾਲਿਆਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ: Sad News: 18 ਲੱਖ ਦਾ ਕਰਜ਼ਾ ਚੁੱਕ ਕੇ ਕੈਨੇਡਾ ਗਏ ਰਾਜਪ੍ਰੀਤ ਦੀ ਮੌਤ
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਜਾਂਚ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਚੌਂਕੀ ਇੰਚਾਰਜ ਨੇ ਦੱਸਿਆ ਕਿ ਲੁਟੇਰਿਆਂ ਦੀ ਪਹਿਚਾਣ ਲਈ ਫੁੱਟੇਜ ਖੰਗਾਲੀ ਜਾ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਦਿਨ-ਦਿਹਾੜੇ ਹੋਈ ਇਸ ਘਟਨਾ ਕਾਰਨ ਇਲਾਕਾ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ ਅਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ ’ਤੇ ਨਕੇਲ ਕੱਸੀ ਜਾ ਸਕੇ।














