
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 50ਵੀਂ ਕਾਨਵੋਕੇਸ਼ਨ ਦਾ ਸਫਲਤਾਪੂਰਵਕ ਆਯੋਜਨ
GNDU Convocation: (ਰਾਜਨ ਮਾਨ) ਅੰਮ੍ਰਿਤਸਰ। ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੁ ਨੇ ਕਿਹਾ ਹੈ ਕਿ ਇਸਤਰੀ ਸ਼ਕਤੀ ਦੇਸ਼ ਦੇ ਵਿਕਾਸ ਨੂੰ ਹੋਰ ਉਚਾਈਆਂ ‘ਤੇ ਲਿਜਾਣ ਦੇ ਸਮਰੱਥ ਹੈ ਅਤੇ ਔਰਤਾਂ ਨੂੰ ਬੇਝਿਜਕ ਵਿਸ਼ਵਾਸ ਨਾਲ ਅੱਗੇ ਵਧਣ ਲਈ ਸਸ਼ਕਤ ਬਣਾਉਣਾ ਸਮਾਜਿਕ ਸਦਭਾਵਨਾ ਅਤੇ ਰਾਸ਼ਟਰੀ ਜੀਵਨਤਾ ਲਈ ਜ਼ਰੂਰੀ ਹੈ। ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ 50ਵੀਂ ਕਨਵੋਕੇਸ਼ਨ ਵੱਡੇ ਉਤਸ਼ਾਹ ਅਤੇ ਅਕਾਦਮਿਕ ਸ਼ਾਨ ਨਾਲ ਸਫਲਤਾਪੂਰਵਕ ਆਯੋਜਿਤ ਕੀਤੀ। ਇਹ ਇਤਿਹਾਸਕ ਅਕਾਦਮਿਕ ਜਸ਼ਨ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਵੱਡੀ ਧੂਮ-ਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੁ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਨਾਲ ਵਿਦਿਆਰਥੀਆਂ ਨੂੰ ਰਾਸ਼ਟਰ ਸੇਵਾ, ਨਵੀਨਤਾ ਅਤੇ ਨੈਤਿਕ ਮੁੱਲਾਂ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਇਸ ਮੌਕੇ ਮੰਚ ਉੱਪਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਮਾਨਯੋਗ ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਸਮੇਤ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀ 56 ਸਾਲਾਂ ਦੀ ਗੌਰਵਮਈ ਵਿਰਾਸਤ, ਅਕਾਦਮਿਕ ਪ੍ਰਾਪਤੀਆਂ ਅਤੇ ਸਿੱਖਿਆ, ਖੋਜ ਤੇ ਨਵੀਨਤਾ ਵਿੱਚ ਉੱਤਮਤਾ ਪ੍ਰਤੀ ਵਚਨਬੱਧਤਾ ਬਾਰੇ ਵਿਸਥਾਰ ਨਾਲ ਦੱਸਿਆ।
ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੁ ਦੀ ਸ਼ਿਰਕਤ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 50ਵੀਂ ਕਾਨਵੋਕੇਸ਼ਨ ਦੇ ਪਲ ਬਣੇ ਇਤਿਹਾਸਕ
ਇਸ ਯਾਦਗਾਰ ਮੌਕੇ ਯੂਨੀਵਰਸਿਟੀ ਵੱਲੋਂ ਦੋ ਪ੍ਰਸਿੱਧ ਸ਼ਖਸੀਅਤਾਂ ਨੂੰ ਆਨਰੇਰੀ ਡਾਕਟਰੇਟ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਹਨਾਂ ਵਿੱਚ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ (ਦੂਰਦਰਸ਼ੀ ਉਦਯੋਗਪਤੀ ਅਤੇ ਸਮਾਜ ਸੇਵੀ), ਜਿਨ੍ਹਾਂ ਨੇ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਅਸਾਧਾਰਨ ਯੋਗਦਾਨ ਪਾਇਆ ਅਤੇ ਸ੍ਰੀ ਜਸਵੀਰ ਗਿੱਲ, ਸੀ.ਈ.ਓ., ਅਲਰਟ ਐਂਟਰਪ੍ਰਾਈਜ਼ ਇੰਕ., ਕੈਲੀਫੋਰਨੀਆ (ਯੂ.ਐੱਸ.ਏ.), ਜਿਨ੍ਹਾਂ ਨੇ ਟੈਕਨਾਲੋਜੀ ਖੇਤਰ ਵਿੱਚ ਵਿਸ਼ਵ ਪੱਧਰੀ ਅਗਵਾਈ ਕੀਤੀ। ਇਸ ਮੌਕੇ 17 ਮੈਡਲ, 176 ਯੂ.ਜੀ./ਪੀ.ਜੀ. ਡਿਗਰੀਆਂ ਅਤੇ 258 ਪੀਐਚ.ਡੀ. ਡਿਗਰੀਆਂ ਵੰਡੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਹਸਤੀਆਂ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ,ਐਮਪੀ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੁ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੈਨੂੰ ਅੱਜ ਉਸ ਯੂਨੀਵਰਸਿਟੀ ਵਿਚ ਆਉਣ ਦਾ ਮੌਕਾ ਮਿਲਿਆ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਸਥਾਪਿਤ ਹੋਈ ਸੀ ਅਤੇ ਗੁਰੂ ਜੀ ਦੀਆਂ ਸਦੀਵੀ ਸਿੱਖਿਆਵਾਂ ਅੱਜ ਵੀ ਇਸਦਾ ਸਥਾਈ ਮਾਰਗਦਰਸ਼ਕ ਹਨ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿਿਖਆਵਾਂ ਨੂੰ ਸਾਡੀ ਸਾਂਝੀ ਵਿਰਾਸਤ ਦੱਸਿਆ ਅਤੇ ਕਿਹਾ ਕਿ ਇਹਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਮਲ ਵਿਚ ਲਿਆ ਕੇ ਅਸੀਂ ਅਨੇਕ ਸਮਾਜਿਕ ਰੋਗਾਂ ਦਾ ਇਲਾਜ ਲੱਭ ਸਕਦੇ ਹਾਂ।
ਉਨ੍ਹਾਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਇਸ ਦੀ ਸਫਲਤਾ ਦਾ ਸਿਹਰਾ ਅਧਿਆਪਕਾਂ, ਵਿਦਿਆਰਥੀਆਂ ਅਤੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਦਿੱਤਾ। ਉਨ੍ਹਾਂ ਵਿਦਿਆਰਥਣਾਂ ਦੀ ਵੱਧ ਗਿਣਤੀ ਅਤੇ ਉਨ੍ਹਾਂ ਦੀ ਵਧੀਆ ਪ੍ਰਦਰਸ਼ਨ ‘ਤੇ ਵਿਸ਼ੇਸ਼ ਖੁਸ਼ੀ ਜ਼ਾਹਰ ਕੀਤੀ। GNDU Convocation
ਇਸਤਰੀ ਸ਼ਕਤੀ ਦੇਸ਼ ਦੇ ਵਿਕਾਸ ਨੂੰ ਹੋਰ ਉਚਾਈਆਂ ’ਤੇ ਲਿਜਾਣ ਦੇ ਸਮਰੱਥ : ਸ਼੍ਰੀਮਤੀ ਦ੍ਰੌਪਦੀ ਮੁਰਮੁ
ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਰਸਮੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਉਹ ਵੱਖ-ਵੱਖ ਰਾਹਾਂ ‘ਤੇ ਚੱਲਣਗੇ – ਕੁਝ ਸਰਕਾਰੀ ਜਾਂ ਨਿੱਜੀ ਖੇਤਰ ਵਿੱਚ ਯੋਗਦਾਨ ਪਾਉਣਗੇ, ਕੁਝ ਉੱਚ ਅਧਿਐਨ ਜਾਂ ਖੋਜ ਵਿੱਚ ਜਾਣਗੇ, ਜਦੋਂਕਿ ਬਹੁਤ ਸਾਰੇ ਆਪਣੇ ਉੱਦਮ ਜਾਂ ਸਿੱਖਿਆ ਖੇਤਰ ਵਿੱਚ ਕਰੀਅਰ ਅਪਣਾਉਣਗੇ। ਹਰ ਖੇਤਰ ਵਿੱਚ ਵਿਸ਼ੇਸ਼ ਯੋਗਤਾਵਾਂ ਦੀ ਲੋੜ ਹੈ ਪਰ ਕੁਝ ਸਦੀਵੀ ਗੁਣ ਹਰ ਥਾਂ ਸਫਲਤਾ ਲਈ ਜ਼ਰੂਰੀ ਹਨ – ਜਿਵੇਂ ਜੀਵਨ ਭਰ ਸਿੱਖਣਾ, ਚੁਣੌਤੀਆਂ ਵਿੱਚ ਵੀ ਨੈਤਿਕਤਾ, ਇਮਾਨਦਾਰੀ ਅਤੇ ਸੱਚਾਈ ਪ੍ਰਤੀ ਅਟੱਲ ਵਚਨਬੱਧਤਾ, ਬਦਲਾਅ ਨੂੰ ਖੁੱਲ੍ਹੇ ਦਿਲ ਨਾਲ ਕਬੂਲਣ ਦੀ ਹਿੰਮਤ, ਅਸਫਲਤਾਵਾਂ ਤੋਂ ਸਿੱਖ ਕੇ ਅੱਗੇ ਵਧਣ ਦਾ ਸੰਕਲਪ, ਸਹਿਯੋਗ ਅਤੇ ਟੀਮ ਵਰਕ, ਸਮੇਂ ਅਤੇ ਸਰੋਤਾਂ ਦਾ ਬੁੱਧੀਮਤਾ ਨਾਲ ਪ੍ਰਬੰਧਨ ਅਤੇ ਆਪਣੀ ਵਿਦਵਤਾ ਤੇ ਪ੍ਰਤਿਭਾ ਨੂੰ ਸਿਰਫ਼ ਨਿੱਜੀ ਲਾਭ ਲਈ ਨਹੀਂ ਸਗੋਂ ਸਮਾਜ ਅਤੇ ਦੇਸ਼ ਦੇ ਵੱਡੇ ਹਿੱਤ ਲਈ ਵਰਤਣਾ।
ਉਨ੍ਹਾਂ ਕਿਹਾ ਕਿ ਇਹ ਗੁਣ ਉਨ੍ਹਾਂ ਨੂੰ ਸਿਰਫ਼ ਸ਼ਾਨਦਾਰ ਪੇਸ਼ੇਵਰ ਨਹੀਂ ਸਗੋਂ ਜ਼ਿੰਮੇਵਾਰ ਨਾਗਰਿਕ ਵੀ ਬਣਾਉਣਗੇ। ਰਾਸ਼ਟਰਪਤੀ ਨੇ ਯਾਦ ਕਰਵਾਇਆ ਕਿ ਸਿੱਖਿਆ ਸਿਰਫ਼ ਰੁਜ਼ਗਾਰ ਲਈ ਨਹੀਂ ਸਗੋਂ ਸਮਾਜ ਅਤੇ ਰਾਸ਼ਟਰ ਦੀ ਤਰੱਕੀ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੈ। ਵਿਦਿਆਰਥੀਆਂ ‘ਤੇ ਉਸ ਸਮਾਜ ਦਾ ਬਹੁਤ ਵੱਡਾ ਕਰਜ਼ ਹੈ ਜਿਸ ਨੇ ਉਨ੍ਹਾਂ ਦੀ ਪਰਵਰਿਸ਼ ਕੀਤੀ ਅਤੇ ਇਸ ਨੂੰ ਚੁਕਾਉਣ ਦਾ ਇੱਕ ਅਰਥਪੂਰਨ ਤਰੀਕਾ ਉਹ ਲੋਕਾਂ ਨੂੰ ਸਹਾਇਤਾ ਕਰਨਾ ਹੈ ਜੋ ਆਪਣੇ ਸਮਾਜਿਕ ਤੇ ਹੋਰ ਤਰੱਕੀ ਵਿੱਚ ਪਿੱਛੇ ਰਹਿ ਗਏ ਹਨ।
ਉਨ੍ਹਾਂ ਪਿਛਲੇ ਦਹਾਕੇ ਵਿੱਚ ਭਾਰਤ ਦੀ ਤਕਨੀਕੀ ਨਵੀਨਤਾ ਅਤੇ ਉੱਦਮੀ ਭਾਵਨਾ ਦੀ ਅਸਾਧਾਰਨ ਤਰੱਕੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਅਗਰੀਟੈਕ ਤੋਂ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਫੈਂਸ ਤੋਂ ਲੈ ਕੇ ਸਪੇਸ ਐਕਸਪਲੋਰੇਸ਼ਨ ਤੱਕ ਸਟਾਰਟਅੱਪ ਮੌਕੇ ਨੌਜਵਾਨਾਂ ਲਈ ਖੁੱਲ੍ਹੇ ਹਨ। ਉਨ੍ਹਾਂ ਉੱਚ ਸਿੱਖਿਆ ਸੰਸਥਾਵਾਂ ਨੂੰ ਅੱਗੇ ਵਧਾਉਣ ਲਈ ਅਪੀਲ ਕੀਤੀ ਕਿ ਉਹ ਅਤਿ-ਆਧੁਨਿਕ ਖੋਜ, ਅਕੈਡਮੀ ਅਤੇ ਉਦਯੋਗ ਵਿਚਕਾਰ ਸੰਬੰਧ ਮਜ਼ਬੂਤ ਕਰਨ ਅਤੇ ਸਮਾਜਿਕ ਜ਼ਰੂਰਤਾਂ ਨੂੰ ਹੱਲ ਕਰਨ ਵਾਲੀਆਂ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨ।
ਰਾਸ਼ਟਰਪਤੀ ਨੇ ਪੰਜਾਬ ਵਿੱਚ ਵੱਧ ਰਹੀ ਨਸ਼ਿਆਂ ਦੀ ਗੰਭੀਰ ਸਮੱਸਿਆ ‘ਤੇ ਚਿੰਤਾ ਜ਼ਾਹਰ ਕੀਤੀ
ਰਾਸ਼ਟਰਪਤੀ ਨੇ ਪੰਜਾਬ ਵਿੱਚ ਵੱਧ ਰਹੀ ਨਸ਼ਿਆਂ ਦੀ ਗੰਭੀਰ ਸਮੱਸਿਆ ‘ਤੇ ਚਿੰਤਾ ਜ਼ਾਹਰ ਕੀਤੀ ਜੋ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਹੀ ਹੈ ਅਤੇ ਸਮਾਜਿਕ, ਆਰਥਿਕ ਤੇ ਨੈਤਿਕ ਬਣਤਰ ਨੂੰ ਖੋਖਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸਦਾ ਸਥਾਈ ਹੱਲ ਲੱਭਣਾ ਜ਼ਰੂਰੀ ਹੈ ਅਤੇ ਇਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।
ਰਾਸ਼ਟਰਪਤੀ ਨੇ ਜ਼ੋਰ ਦਿੱਤਾ ਕਿ ਅਗਲੇ ਦੋ ਦਹਾਕੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨਿਰਣਾਇਕ ਹਨ ਅਤੇ ਭਾਰਤ ਦਾ ਭਵਿੱਖ ਵਿਗਿਆਨਕ ਉਤਸੁਕਤਾ, ਜ਼ਿੰਮੇਵਾਰੀ ਅਤੇ ਨਿਰਸਵਾਰਥ ਸੇਵਾ ਨਾਲ ਭਰਪੂਰ ਨੌਜਵਾਨਾਂ ‘ਤੇ ਨਿਰਭਰ ਹੈ। ਉਨ੍ਹਾਂ ਸਿੱਖਿਆ ਸੰਸਥਾਵਾਂ ਨੂੰ ਇਹਨਾਂ ਆਦਰਸ਼ਾਂ ਨੂੰ ਆਪਣੇ ਪਾਠਕ੍ਰਮ ਅਤੇ ਵਾਤਾਵਰਣ ਵਿੱਚ ਡੂੰਘਾਈ ਨਾਲ ਸਮਾਉਣ ਦੀ ਅਪੀਲ ਕੀਤੀ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਨੂੰ ਅਜਿਹੇ ਢੰਗ ਨਾਲ ਚੁਣਨ ਲਈ ਪ੍ਰੇਰਿਤ ਕੀਤਾ ਕਿ ਹਰ ਕੰਮ ਦੇਸ਼ ਦੀ ਮਜ਼ਬੂਤੀ ਅਤੇ ਮਾਨਵਤਾ ਦੇ ਮੁੱਢਲੇ ਸਿਧਾਂਤਾਂ ਨੂੰ ਵਧਾਏ।
ਇਹ ਵੀ ਪੜ੍ਹੋ: ‘ਭਾਰਤੀ ਸੈਨਾ ਨੂੰ ਜਾਣੋ’ ਤਹਿਤ ਨਹਿਰੂ ਸਟੇਡੀਅਮ ਵਿਖੇ ਭਾਰਤੀ ਫੌਜ ਦੀ ਪ੍ਰਦਰਸ਼ਨੀ ਸਫਲਤਾਪੂਰਵਕ ਸੰਪੰਨ
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਇਸ ਗੋਲਡਨ ਜੁਬਲੀ ਕਾਨਵੋਕੇਸ਼ਨ ਨੂੰ ਸਿੱਖਿਆ ਖੇਤਰ ਲਈ ਵੱਡੀ ਖੁਸ਼ਕਿਸਮਤੀ ਦੱਸਿਆ ਕਿ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣਾ ਸਮਰਪਣ, ਪ੍ਰਤਿਭਾ ਅਤੇ ਸਥਿਰਤਾ ਨਾਲ ਗ੍ਰੈਜੂਏਟਸ ਨੂੰ ਅਸੀਸਾਂ ਦਿੱਤੀਆਂ। ਉਨ੍ਹਾਂ ਰਾਸ਼ਟਰਪਤੀ ਦੀ ਮੌਜ਼ੂਦਗੀ ਵਿੱਚ ਖਾਸ ਕਰਕੇ ਔਰਤਾਂ (ਜੋ ਹੁਣ ਉੱਚ ਸਿੱਖਿਆ ਵਿੱਚ ਪੁਰਸ਼ਾਂ ਤੋਂ ਵੱਧ ਰਹੀਆਂ ਹਨ) ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਹੋਣ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਦੇਸ਼ ਦੀਆਂ ਧੀਆਂ ਦੇ ਯੋਗਦਾਨ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਯੂਨੀਵਰਸਿਟੀ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਸ਼੍ਰੀ ਵੀ. ਵੀ. ਗਿਰੀ ਵੱਲੋਂ ਯੂਨੀਵਰਸਿਟੀ ਦਾ ਨੀਹ ਪੱਥਰ ਰੱਖਿਆ ਗਿਆ ਸੀ ਅਤੇ ਅੱਜ 50ਵੀਂ ਕਾਨਵੋਕੇਸ਼ਨ ਮੌਕੇ ਮੌਜ਼ੂਦਾ ਮਾਨਯੋਗ ਰਾਸ਼ਟਰਪਤੀ ਸਾਡੇ ਹਾਜ਼ਰ ਹਨ, ਇਹ ਵੀ ਇਕ ਇਤਿਹਾਸਕ ਪਲ ਹੈ।
ਯੂਨੀਵਰਸਿਟੀ ਨੇ ਹੁਣ ਤਕ 16 ਲੱਖ ਗਰੈਜੂਏਟ ਤੇ 13 ਲੱਖ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ
ਉਨ੍ਹਾਂ ਯੂਨੀਵਰਸਿਟੀ ਦੇ 50 ਸਾਲਾਂ ਦੇ ਸਫਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ 16 ਲੱਖ ਗਰੈਜੂਏਟ ਤੇ 13 ਲੱਖ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਅਤੇ 3900 ਪੀਐਚ.ਡੀ. ਹੋਲਡਰ ਸ਼ਾਮਲ ਹਨ ਜੋ ਦੇਸ਼-ਵਿਦੇਸ਼ ਵਿੱਚ ਸੇਵਾ ਕਰ ਰਹੇ ਹਨ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਮਾਨਯੋਗ ਰਾਸ਼ਟਰਪਤੀ, ਰਾਜਪਾਲ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਨੂੰ ਯੂਨੀਵਰਸਿਟੀ ਦਾ ਮਾਨ ਵਧਾਉਣ ਵਾਲਾ ਦੱਸਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀਆਂ ਪ੍ਰਮੁੱਖ ਪਬਲਿਕ ਯੂਨੀਵਰਸਿਟੀਆਂ ਵਿੱਚੋਂ ਇੱਕ ਬਣ ਚੁੱਕੀ ਹੈ ਜਿਸ ਨੂੰ ਕੈਟੇਗਰੀ-1 ਸਟੇਟਸ ਅਤੇ ਨੈਕ ਦਾ ਸਭ ਤੋਂ ਉੱਚਾ ਸਕੋਰ 3.85 (ਏ++) ਪ੍ਰਾਪਤ ਹੈ। ਯੂਨੀਵਰਸਿਟੀ ਨੇ ਏ.ਆਈ. ਅਧਾਰਿਤ ਅਤੇ ਨੌਕਰੀ-ਅਧਾਰਿਤ ਪ੍ਰੋਗਰਾਮ, ਸਕਿੱਲ ਵਿਕਾਸ, ਉੱਦਮੀ ਸਿੱਖਿਆ, 50 ਤੋਂ ਵੱਧ ਸਟਾਰਟਅੱਪਸ, ਡਿਜੀਟਲ ਬੁਨਿਆਦੀ ਢਾਂਚਾ, ਈ-ਆਫਿਸ, ਈ.ਆਰ.ਪੀ., ਓਪਨ ਐਂਡ ਡਿਸਟੈਂਸ ਲਰਨਿੰਗ ਅਤੇ ਅੰਤਰਰਾਸ਼ਟਰੀ ਸਹਿਯੋਗ ਵਧਾਏ ਹਨ।
ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਵਿੱਚ ਡਿਗਰੀਆਂ ਅਤੇ ਮੈਡਲ ਤਕਸੀਮ ਕੀਤੇ ਗਏ। ਸਮਾਗਮ ਵਿੱਚ ਪ੍ਰੋ. ਐਚ.ਐੱਸ. ਸੈਣੀ (ਡੀਨ ਅਕੈਡਮਿਕ ਅਫੇਅਰਜ਼), ਪ੍ਰੋ. ਕੇ.ਐੱਸ. ਚਾਹਲ (ਰਜਿਸਟਰਾਰ), ਸੀਨੀਅਰ ਅਧਿਕਾਰੀ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਮਹਿਮਾਨ ਸ਼ਾਮਲ ਹੋਏ। ਮਾਣਯੋਗ ਰਾਸ਼ਟਰਪਤੀ ਨੇ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਵੰਡੇ ਅਤੇ ਉਨ੍ਹਾਂ ਦੀ ਉੱਤਮਤਾ, ਸਮਰਪਣ ਅਤੇ ਅਟੱਲਤਾ ਦਾ ਜਸ਼ਨ ਮਨਾਇਆ। ਇਹ ਗੋਲਡਨ ਜੁਬਲੀ ਕਨਵੋਕੇਸ਼ਨ ਸਮਾਗਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਉੱਤਮਤਾ, ਖੋਜ ਨਵੀਨਤਾ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਇਸ ਨੂੰ ਦੇਸ਼ ਦੀਆਂ ਅਗਲੀਆਂ ਯੂਨੀਵਰਸਿਟੀਆਂ ਵਿੱਚ ਮਜ਼ਬੂਤੀ ਨਾਲ ਸਥਾਪਿਤ ਕਰਦਾ ਹੈ।













