ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ

Maghi Muktsar Sahib
Maghi Muktsar Sahib: ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ

ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਪੁਰਾਤਨ ਸਮੇਂ ਤੋਂ ਹੀ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਹੀਦਾਂ ਦੀ ਧਰਤੀ ’ਤੇ ਨਤਮਸਤਕ ਹੋਣ ਆਉਂਦੇ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਦੇਸੀ ਮਹੀਨੇ ਦੀ ਪਹਿਲੀ ਮਾਘ ਲੋਹੜੀ ਤੋਂ ਦੂਸਰੇ ਦਿਨ ਸੰਗਰਾਂਦ ਵਾਲੇ ਦਿਨ ਖਾਸਕਰ ਪੰਜਾਬੀਆਂ ਵੱਲੋਂ ਪੂਰੀ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਮਾਘੀ ਮੇਲਾ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦਾ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਮੁਗਲਾਂ ਦੇ ਜਬਰ ਤੇ ਜ਼ੁਲਮ ਖਿਲਾਫ ਸਮਾਜ ਤੇ ਦੇਸ਼ ਲਈ ਲੜਦੇ ਹੋਏ ਇਸ ਜਗ੍ਹਾ ’ਤੇ ਸ਼ਹੀਦੀਆਂ ਦਾ ਜਾਮ ਪੀ ਗਏ ਸਨ।

ਸ੍ਰੀ ਮੁਕਤਸਰ ਸਾਹਿਬ ਵਾਲੀ ਅੱਜ ਦੀ ਮੌਜੂਦਾ ਜਗ੍ਹਾ ਉਸ ਸਮੇਂ ਖਿਦਰਾਣੇ ਦੀ ਢਾਬ ਕਰਕੇ ਮਸ਼ਹੂਰ ਸੀ। ਜਦੋਂ ਇਸ ਜਗ੍ਹਾ ’ਤੇ 40 ਸਿੱਖ ਸਿਪਾਹੀ ਮੁਗਲਾਂ ਦੇ ਜ਼ੁਲਮਾਂ ਖਿਲਾਫ ਲੜਦੇ ਹੋਏ ਜੰਗ ਵਿਚ ਸ਼ਹੀਦ ਹੋ ਗਏ ਤਾਂ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਕਹੀ ਜਾਣ ਵਾਲੀ ਇਸ ਜਗ੍ਹਾ ਦਾ ਨਾਂਅ 40 ਮੁਕਤਿਆਂ ਦੀ ਯਾਦ ਵਿਚ ਮੁਕਤੀਸਰ ਰੱਖਿਆ, ਜਿਸ ਨੂੰ ਬਾਅਦ ਵਿਚ ਮੁਕਤਸਰ ਆਖਿਆ ਜਾਣ ਲੱਗਾ।

ਇਸ ਤੋਂ ਬਾਅਦ ਮੌਕੇ ਦੀ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ ਮੁਗਲਾਂ ਦੇ ਜੁਲਮਾਂ ਖਿਲਾਫ ਝੂਜਦੇ ਸ਼ਹੀਦ ਹੋਏ 40 ਸਿੱਖ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ 40 ਮੁਕਤਿਆਂ ਦਾ ਖਿਤਾਬ ਦਿੱਤਾ ਸੀ, ਦੇ ਸਨਮਾਨ ਵਿਚ ਇਸ ਥਾਂ ਦਾ ਨਾਮ ਮੁਕਤਸਰ ਤੋਂ ਬਦਲਕੇ ਸ੍ਰੀ ਮੁਕਤਸਰ ਸਾਹਿਬ ਰੱਖ ਦਿੱਤਾ। ਮਾਘੀ ਮੇਲੇ ਦੇ ਇਤਿਹਾਸ ਅਨੁਸਾਰ ਗੁਰੂ ਸਾਹਿਬ ਉਨ੍ਹੀਂ ਦਿਨੀਂ ਅਨੰਦਪੁਰ ਸਾਹਿਬ ਦੇ ਕਿਲੇ੍ਹ ਤੋਂ ਆਪਣੇ ਦੁਸ਼ਮਣਾਂ ਵਿਰੁੱਧ ਲੜਾਈ ਲੜ ਰਹੇ ਸਨ।

ਗੁਰੂ ਸਾਹਿਬ ਨੂੰ ਜੰਗ ਵਿਚ ਹਰਾਉਣ ਦੇ ਇਰਾਦੇ ਨਾਲ ਲਾਹੌਰ, ਸਰਹਿੰਦ ਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਿਲ੍ਹੇ ਵਿਚ ਮੌਜੂਦ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਦੁਸ਼ਮਣ ਦੀਆਂ ਭਾਰੀ ਗਿਣਤੀ ਫੌਜਾਂ ਦਾ ਟਾਕਰਾ ਕੀਤਾ। ਖਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੀ ਫੌਜ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਆਖਰ’ਚ ਪਹਾੜੀ ਰਾਜਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਉਸ ਸਮੇਂ ਦੇ ਮੁਗਲ ਬਾਦਸਾਹ ਔਰੰਗਜੇਬ ਤੋਂ ਸਹਾਇਤਾ ਮੰਗੀ। ਔਰੰਗਜੇਬ ਨੇ ਪਹਾੜੀ ਰਾਜਿਆਂ ਦੀ ਮੱਦਦ ਲਈ ਲਾਹੋਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ।

ਇੱਧਰ ਕਿਲ੍ਹੇ ਵਿਚੋਂ ਵੀ ਹੌਲੀ-ਹੌਲੀ ਰਾਸ਼ਨ-ਪਾਣੀ ਮੁੱਕਦਾ ਜਾ ਰਿਹਾ ਸੀ, ਪਰੰਤੂ ਕਿਲੇ੍ਹ ਵਿਚੋਂ ਸਿੱਖ ਸ਼ੇਰਾਂ ਵਾਂਗ ਲੜ ਰਹੇ ਸਨ। ਪਰ ਕੁਝ ਸਿੱਖ ਉਸ ਵੇਲੇ ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ, ਤੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਸਲਾਹਾਂ ਦੇਣ ਲੱਗੇ। ਗੁਰੂ ਜੀ ਨੇ ਦੂਰ ਅੰਦੇਸ਼ੀ ਨਾਲ ਸਿੱਖਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ, ਪਰੰਤੂ ਉਨ੍ਹਾਂ ਦਾ ਆਤਮਬਲ ਐਨਾ ਕਮਜ਼ੋਰ ਹੋ ਗਿਆ ਕਿ ਉਨ੍ਹਾਂ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ, ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ, ਤੇ ਉਹ ਘਰਾਂ ਨੂੰ ਚਲੇ ਗਏ।

ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਇਹ ਸਿੱਖ ਜਦ ਆਪਣੇ ਘਰਾਂ ਵਿਚ ਪਹੁੰਚੇ ਤਾਂ ਮਾਈ ਭਾਗੋ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਲੱਖ-ਲੱਖ ਲਾਹਨਤਾਂ ਪਾਈਆਂ ਤੇ ਕਿਹਾ ਕਿ ਤੁਸੀਂ ਚੂੜੀਆਂ ਪਾ ਕੇ ਘਰ ਬੈਠੋ, ਅਸੀਂ ਜਾਂਦੀਆਂ ਹਾਂ ਜੰਗ ਦੇ ਮੈਦਾਨ ਵਿਚ ਗੁਰੂ ਜੀ ਦਾ ਸਾਥ ਦੇਣ ਮਾਈ ਭਾਗੋ ਅਤੇ ਹੋਰ ਬੀਬੀਆਂ ਤੋਂ ਖਰੀਆਂ ਤੇ ਸੱਚੀਆਂ ਗੱਲਾਂ ਸੁਣਨ ਤੋਂ ਇਲਾਵਾ ਜਦੋਂ ਇਨ੍ਹਾਂ ਬੇਦਾਵਾ ਲਿਖਣ ਵਾਲਿਆਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਮੁਗ਼ਲ ਫੌਜਾਂ ਬਾਰੇ ਪਤਾ ਲੱਗਾ ਤਾਂ ਇਨ੍ਹਾਂ ਸਿੱਖਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਵਿਚ ਗੁਰੂ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ।

ਇਹ ਸਿੱਖ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿਚ ਮੁਗ਼ਲ ਫੌਜਾਂ ਨਾਲ ਲੜਨ ਲਈ ਚੱਲ ਪਏ। ਇਸ ਮੌਕੇ ਮਾਈ ਭਾਗੋ ਵੀ ਮਰਦਾਵੇਂ ਭੇਸ ਵਿਚ ਉਨ੍ਹਾਂ ਦੇ ਨਾਲ ਸੀ। ਰਸਤੇ ਵਿਚ ਇਨ੍ਹਾਂ ਨੂੰ ਗੁਰੂ ਜੀ ਦੇ ਆਨੰਦਪੁਰ ਸਾਹਿਬ ਛੱਡਣ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ ਤਾਂ ਇਨਾਂ ਦਾ ਖੂਨ ਹੋਰ ਵੀ ਖੌਲਣ ਲੱਗ ਪਿਆ। ਉਹ ਸਾਰੇ ਪੁੱਛਦੇ-ਪੁਛਾਉਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਉੱਧਰ ਨੂੰ ਚੱਲ ਪਏ। ਉਧਰ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਏਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪਹੁੰਚੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਵਜ਼ੀਦ ਖਾਨ ਭਾਰੀ ਲਾਮ-ਲਸ਼ਕਰ ਨਾਲ ਉਨ੍ਹਾਂ ਦਾ ਪਿੱਛਾ ਕਰਦਾ ਆ ਰਿਹਾ ਹੈ।

ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਇਧਰ ਮਾਝੇ ਦੇ ਸਿੱਖਾਂ ਦਾ ਜਥਾ ਜਦੋਂ ਗੁਰੂ ਸਾਹਿਬ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਤੇ ਪਹੁੰਚਿਆ ਤਾਂ ਇਨਾਂ ਨੂੰ ਵੀ ਵਜ਼ੀਦ ਖਾਨ ਦੀ ਫੌਜ ਦੇ ਇਥੇ ਪਹੁੰਚਣ ਦੀ ਖਬਰ ਮਿਲੀ, ਤਾਂ ਇਨਾਂ ਮੁਗ਼ਲ ਫੋਜ ਦੇ ਖਿਲਾਫ ਲੜਨ ਲਈ ਮੋਰਚੇ ਸੰਭਾਲ ਲਏ। ਇਸ ਸਮੇਂ ਗੁਰੂ ਜੀ ਵੱਲੋਂ ਅਪਣਾਈ ਯੁੱਧ ਨੀਤੀ ਪੂਰੀ ਤਰਾਂ ਸਫ਼ਲ ਰਹੀ, ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਸਾਰੀ ਮੁਗ਼ਲ ਫੌਜ ਵੀ ਉਸੇ ਪਾਸੇ ਝੁਕ ਗਈ। ਦੂਸਰੇ ਪਾਸੇ ਮਾਤਾ ਭਾਗ ਕੌਰ ਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਇੱਕਦਮ ਅਚਾਨਕ ਮੁਗ਼ਲ ਫੌਜਾਂ ’ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿਚ ਮੁਗਲ ਫੌਜ ਦੇ ਸੈਂਕੜੇ ਸੈਨਿਕ ਮਾਰੇ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਫੌਜ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਮਾਰ ਹੇਠ ਆਉਂਦੇ ਗਏ।

ਸਿੱਖ ਅਜਿਹੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਦੀ ਫੌਜ ਵਿਚ ਖਲਬਲੀ ਮੱਚ ਗਈ। ਦੁਸ਼ਮਣ ਹਾਰ ਖਾ ਕੇ ਭੱਜ ਉੱਠਿਆ ਤੇ ਸਿੱਖਾਂ ਨੇ ਜੰਗ ਦਾ ਮੈਦਾਨ ਫਤਿਹ ਕਰ ਲਿਆ। ਪਰ ਇਸ ਜੰਗ ਵਿਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੱਖ, ਜਿਨ੍ਹਾਂ ਨੂੰ ਬਾਅਦ ਵਿਚ ਆਪਣੀ ਕੀਤੀ ਬੱਜਰ ਗਲਤੀ ਦਾ ਅਹਿਸਾਸ ਹੋਇਆ, ਨੇ ਵੀ ਗੁਰੂ ਸਾਹਿਬ ਦੀ ਅਗਵਾਈ ਵਿਚ ਜੰਗ ਦੇ ਮੈਦਾਨ ਵਿਚ ਮੁਗਲ ਫੌਜ ਦਾ ਡਟ ਕੇ ਮੁਕਾਬਲਾ ਕੀਤਾ, ਬਹੁਤ ਸਾਰੇ ਸਿੱਖਾਂ ਸਮੇਤ ਇਹ 40 ਸਿੱਖ ਵੀ ਲੜਾਈ ਦੇ ਮੈਦਾਨ ਵਿਚ ਜੂਝਦੇ ਹੋਏ ਸ਼ਹੀਦ ਹੋ ਗਏ। ਮੁਗ਼ਲਾਂ ਦੇ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਣ ਤੋਂ ਬਾਅਦ ਗੁਰੂ ਜੀ ਨੇ ਰਣਭੂਮੀ ਵਿਚ ਦੇਖਿਆ ਕਿ ਢਾਬ ਕੰਢੇ ਜਖ਼ਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜਖ਼ਮਾਂ ਨੂੰ ਧੋ ਰਹੀ ਸੀ।

ਮਾਤਾ ਭਾਗੋ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉ੍ਹਨਾਂ ਦੇ ਚਰਨਾਂ ਵਿਚ ਆਪਣਾ ਸੀਸ ਨਿਵਾਇਆ। ਉਸ ਨੇ ਦਸ਼ਵੇਂ ਪਾਤਸ਼ਾਹ ਨੂੰ ਸੂਰਬੀਰ ਸਿੱਖਾਂ ਦੀ ਬਹਾਦਰੀ ਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਗੁਰੂ ਸਾਹਿਬ ਨੇ ਜੰਗ ਵਿਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ ਅਤੇ ਦਸ ਹਜ਼ਾਰੀ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ-ਕਮਲਾਂ ਨਾਲ ਪਲੋਸਿਆ। ਜੰਗ ਦੇ ਮੈਦਾਨ ਵਿਚ ਪਈਆਂ ਸਿੱਖਾਂ ਦੀਆਂ ਦੇਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰ ਨਾਲ ਨਿਹਾਰਿਆ ਤੇ ਹਰ ਇੱਕ ਨੂੰ ਛਾਤੀ ਨਾਲ ਲਾ ਕੇ ਅਤਿਅੰਤ ਸਨੇਹ ਨਾਲ ਅਨੇਕਾਂ ਬਖ਼ਸ਼ਿਸ਼ਾਂ ਕੀਤੀਆਂ।

Read Also : ਵਿਗਿਆਨੀਆਂ ਦੀ ਚਿਤਾਵਨੀ, ਬੱਚਿਆਂ ਨੂੰ ਮੋਬਾਇਲ ਫੋਨ ਦੇਣਾ ਕਿੰਨਾ ਖਤਰਨਾਕ?, ਨਾ ਕਰੋ ਇਹ ਗਲਤੀ, ਜਾਣੋ ਸਭ ਤੋਂ ਵੱਡੇ ਨੁਕਸਾਨ ਬਾਰੇ

ਐਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੇ ਨਜ਼ਰੀ ਪਿਆ। ਗੁਰੂ ਸਾਹਿਬ ਨੇ ਉਸ ਦੇ ਸਿਰ ਨੂੰ ਆਪਣੀ ਗੋਦ ਵਿਚ ਲੈ ਕੇ ਉਸ ਦੇ ਮੂੰਹ ਨੂੰ ਸਾਫ ਕੀਤਾ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਕਲਗ਼ੀਧਰ ਪਾਤਸ਼ਾਹ ਨੇ ਗੋਦੀ ਵਿਚ ਲਏ ਭਾਈ ਮਹਾਂ ਸਿੰਘ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਕੇ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ਕਿ ‘ਉੱਤਮ ਭਾਗ ਹਨ’ ਕਿ ਅੰਤਿਮ ਸਮੇਂ ਆਪ ਜੀ ਦੇ ਦੀਦਾਰ ਹੋ ਗਏ, ਸਭ ਇੱਛਾਵਾਂ ਪੂਰੀਆਂ ਹੋ ਗਈਆਂ। ਪਰੰਤੂ ਜੇ ਆਪ ਤੁੱਠੇ ਹੋ ਤਾਂ ਸਮੇਂ ਦੇ ਗੇੜ ਤੇ ਬਿਖੜੇ ਹਾਲਾਤਾਂ ਕਾਰਨ ਉਸ ਸਮੇਤ ਜੋ 40 ਸਿੱਖ ਆਪ ਜੀ ਨੂੰ ਗੁਰਸਿੱਖੀ ਤੋਂ ਬੇਦਾਵਾ ਲਿਖ ਕੇ ਦੇ ਆਏ ਸਨ, ਉਸ ਨੂੰ ਨਾ ਚਿਤਾਰਦੇ ਹੋਏ ਉਹ ਬੇਦਾਵੇ ਵਾਲਾ ਕਾਗਜ਼ ਪਾੜ ਕੇ ਟੁੱਟੀ ਗੰਢੋ।

ਭਾਈ ਸਾਹਿਬ ਦੇ ਮੁੂੰਹੋਂ ਇਹ ਸ਼ਬਦ ਸੁਣਕੇ ਗੁਰੂ ਸਾਹਿਬ ਬੜੇ ਹੀ ਪ੍ਰਸੰਨ ਹੋਏ ਉਨ੍ਹਾਂ ਭਾਈ ਮਹਾਂ ਸਿੰਘ ਦੀ ਅੰਤਿਮ ਇੱਛਾ ਨੂੰ ਪੁੂਰਾ ਕਰਦਿਆਂ ਆਪਣੇ ਕਮਰਕੱਸੇ ਵਿਚੋਂ ਬੇਦਾਵੇ ਵਾਲਾ ਕਾਗਜ ਕੱਢਿਆ ਤੇ ਟੁਕੜੇ-ਟੁਕੜੇ ਕਰ ਦਿੱਤਾ। ਇਸ ਤੋ ਬਾਅਦ ਗੁਰੂ ਜੀ ਨੇ ਭਾਈ ਮਹਾਂ ਸਿੰਘ ਨੂੰ ਨਾਮਦਾਨ ਬਖ਼ਸ਼ ਕੇ ਅੰਤਲੀ ਮਨੋਭਾਵਨਾ ਪੂਰੀ ਕੀਤੀ, ਤੇ ਇਸ ਜਗ੍ਹਾ ਦਾ ਨਾਂਅ ਖਿਦਰਾਣੇ ਦੀ ਢਾਬ ਤੋਂ ਬਦਲਕੇ ਮੁਕਤਸਰ ਰੱਖਿਆ, ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਆਖਿਆ ਜਾਂਦਾ। ਇਸ ਤੋਂ ਬਾਅਦ ਜਦੋਂ ਭਾਈ ਮਹਾਂ ਸਿੰਘ ਸਰੀਰ ਤਿਆਗ ਗਏ ਤਾਂ ਗੁਰੂ ਸਾਹਿਬ ਨੇ ਰਣਭੂਮੀ ਵਿਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਠਾ ਕਰਨ ਤੋਂ ਬਾਅਦ ਉਸੇ ਥਾਂ ਲੱਕੜੀਆਂ ਇਕੱਠੀਆਂ ਕਰਕੇ ਇੱਕ ਵੱਡੀ ਸਾਰੀ ਚਿਖਾ ਬਣਾਕੇ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ।

ਜਿਸ ਜਗ੍ਹਾ ’ਤੇ ਗੁਰੂ ਸਾਹਿਬ ਨੇ ਮਹਾਂ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਬੇਦਾਵੇ ਵਾਲਾ ਕਾਗਜ਼ ਪਾੜਕੇ ਟੁੱਟੀ ਗੰਢੀ, ਉੱਥੇ ਅੱਜ-ਕੱਲ੍ਹ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸੇ ਤਰ੍ਹਾਂ ਜਿੱਥੇ 40 ਮੁਕਤੇ ਸ਼ਹੀਦ ਹੋਏ ਉਸ ਜਗ੍ਹਾ ਦਾ ਨਾਂਅ ਉਸ ਸਮੇ ਤੋਂ ਮੁਕਤਸਰ ਤੇ ਜਿਸ ਜਗ੍ਹਾ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਉਸ ਜਗ੍ਹਾ ’ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਂਅ ਨਾਲ ਮਸ਼ਹੂਰ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਜੰਗਾਂ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਦੇਸ਼, ਕੌਮ, ਹੱਕ, ਸੱਚ ਅਤੇ ਧਰਮ ਦੀ ਰੱਖਿਆ ਖਾਤਰ ਲੜੀਆਂ ਤੇ ਹਰ ਵਾਰ ਚੜ੍ਹਦੀ ਕਲਾ ਵਿਚ ਉਸ ਅਕਾਲਪੁਰਖ ਦੇ ਭਾਣੇ ਵਿਚ ਰਹਿੰਦਿਆਂ ਗਰੀਬਾਂ, ਨਿਆਸਰਿਆਂ, ਮਜ਼ਲੂਮਾਂ ਨੂੰ ਲਤਾੜਨ ਵਾਲੇ ਜਾਬਰਾਂ ਦਾ ਬਹਾਦਰੀ ਨਾਲ ਡਟਕੇ ਸਾਹਮਣਾ ਕੀਤਾ। ਉਨ੍ਹਾਂ ਦੇ ਜੀਵਨ ਦਾ ਹਰ ਝਲਕਾਰਾ ਮਨੁੱਖ ਨੂੰ ਹਨ੍ਹੇਰੀਆਂ ਖੱਡਾਂ ਵਿਚੋਂ ਕੱਢ ਕੇ ਸੱਚ ਦੇ ਪ੍ਰਕਾਸ਼ ਨਾਲ ਮਿਲਾਉਂਦਾ ਹੈ।

ਇਹੀ ਪ੍ਰਕਾਸ ਇਨਸਾਨ ਨੂੰ ਅੱਗੇ ਇਨਸਾਨੀਅਤ ਦੇ ਰਸਤੇ ਚੱਲਣ ਲਈ ਰਾਹ-ਦਸੇਰਾ ਬਣਦੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ 40 ਮੁਕਤਿਆਂ ਦੇ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਵਾੳਂਦਾ ਹੈ। 40 ਮੁਕਤਿਆਂ ਨੇ ਤਾਂ ਬਹੁਤ ਹੀ ਬਿੱਖੜੇ ਸਮੇਂ ਤੇ ਹਲਾਤਾਂ ਵਿਚ ਗੁਰੂ ਸਾਹਿਬ ਤੋਂ ਵਿੱਛੜ ਜਾਣ ਦਾ ਧੁਰ ਅੰਦਰੋਂ ਪਸ਼ਚਾਤਾਪ ਕੀਤਾ ਤੇ ਆਪਣੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਤੋਂ ਆਪਣੀ ਟੁੱਟੀ ਗੰਢਵਾ ਲਈ। ਜ਼ਿਕਰ ਕਰਨਾ ਬਣਦਾ ਹੈ ਕਿ ਮਾਘੀ ਦਾ ਜੋੜ ਮੇਲਾ ਦੇਸੀ ਮਹੀਨੇ ਦੀ ਸੰਗਰਾਂਦ ਤੇ ਲੋਹੜੀ ਦੇ ਤਿਉਹਾਰ ਤੋਂ ਦੂਸਰੇ ਦਿਨ ਸੀ੍ਰ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਨਾਇਆ ਜਾਂਦਾ। ਇਸ ਦਿਨ ਦੇਸ਼ ਤੇ ਵਿਦੇਸ਼ ਤੋਂ ਸ਼ਰਧਾਲੂ ਆ ਕੇ 40 ਮੁਕਤਿਆਂ ਦੀ ਲਹੂ ਭਿੱਜੀ ਧਰਤੀ ਨੂੰ ਸਜਦਾ ਕਰਦੇ ਹਨ।

ਮੇਵਾ ਸਿੰਘ
ਪ੍ਰਤੀਨਿਧ ਜ਼ਿਲ੍ਹਾ ਸੀ੍ਰ ਮੁਕਤਸਰ ਸਾਹਿਬ,
ਮੋ. 98726-00923