Ludhiana News: ਲੁਧਿਆਣਾ ਕੇਂਦਰ ਬਣਿਆ ਅੰਤਰਰਾਸ਼ਟਰੀ ਕਰੰਸੀ ਲੁੱਟ ਦਾ
- ਸਿਸਟਮ ’ਤੇ ਗੰਭੀਰ ਸੁਆਲ
Ludhiana News: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਪੰਜਾਬ ਵਿੱਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦਿੰਦਿਆਂ ਸੀਆਈਏ ਅਧਿਕਾਰੀ ਬਣ ਕੇ ਕੈਨੇਡੀਅਨ ਡਾਲਰਾਂ ਦੀ ਡਕੈਤੀ ਦੀ ਘਟਨਾ ਨੇ ਸੂਬੇ ਭਰ ਵਿੱਚ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸੁਆਲ ਖੜ੍ਹੇ ਕਰ ਦਿੱਤੇ ਹਨ। ਲੁਧਿਆਣਾ ਵਿੱਚ 30 ਹਜ਼ਾਰ ਕੈਨੇਡੀਅਨ ਡਾਲਰ (ਕਰੀਬ 20 ਲੱਖ ਰੁਪਏ) ਦੀ ਵੱਡੀ ਡਕੈਤੀ ਤੋਂ ਬਾਅਦ ਪੁਲਿਸ ਵੱਲੋਂ ਗਿਰੋਹ ਨੂੰ ਕਾਬੂ ਕਰਨਾ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ, ਪਰ ਇਹ ਮਾਮਲਾ ਅੰਤਰਰਾਸ਼ਟਰੀ ਕਰੰਸੀ ਨਾਲ ਜੁੜੇ ਅਪਰਾਧਾਂ ਦੇ ਪੰਜਾਬ ਵਿੱਚ ਵਧਦੇ ਰੁਝਾਨ ਵੱਲ ਵੀ ਇਸ਼ਾਰਾ ਕਰਦਾ ਹੈ।
Read Also : 10 ਮਿੰਟਾਂ ’ਚ ਡਿਲੀਵਰੀ ’ਤੇ ਸਰਕਾਰ ਸਖ਼ਤ, ਸਮਾਂ ਹੱਦ ਹਟਾਉਣ ਦੀ ਪਲੇਟਫਾਰਮਾਂ ਨੂੰ ਕੀਤੀ ਹਦਾਇਤ
ਇਹ ਵਾਰਦਾਤ 5 ਜਨਵਰੀ ਨੂੰ ਉਸ ਸਮੇਂ ਵਾਪਰੀ, ਜਦੋਂ ਜਗਰਾਉਂ ਸਥਿਤ ਚਾਈਨਾ ਵੈਸਟਰਨ ਯੂਨੀਅਨ ਦਾ ਮੁਲਾਜ਼ਮ ਰਵੀ ਕੁਮਾਰ ਲੁਧਿਆਣਾ ਵਿੱਚ ਬੱਸ ਤੋਂ ਉਤਰਿਆ। ਮੁਲਜ਼ਮਾਂ ਨੇ ਖੁਦ ਨੂੰ ਸੀਆਈਏ ਸਟਾਫ ਦੇ ਅਧਿਕਾਰੀ ਦੱਸ ਕੇ ਉਸ ਨੂੰ ਘੇਰ ਲਿਆ। ਗਿਰੋਹ ਵਿੱਚ ਸ਼ਾਮਲ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਸਾਬਕਾ ਫੌਜੀ ਦੱਸ ਕੇ ਬੰਦੂਕ ਦਿਖਾਈ, ਜਿਸ ਨਾਲ ਪੀੜਤ ਡਰ ਗਿਆ ਅਤੇ ਡਾਲਰਾਂ ਨਾਲ ਭਰਿਆ ਬੈਗ ਲੁੱਟ ਲਿਆ ਗਿਆ। ਬਾਅਦ ਵਿੱਚ ਮੁਲਜ਼ਮ ਚਿੱਟੀ ਇਨੋਵਾ ਕਾਰ ਵਿੱਚ ਮੌਕੇ ਤੋਂ ਫ਼ਰਾਰ ਹੋ ਗਏ।
Ludhiana News
ਘਟਨਾ ਤੋਂ ਬਾਅਦ ਸੀਆਈਏ ਸਟਾਫ ਅਤੇ ਸਰਾਭਾ ਨਗਰ ਥਾਣੇ ਦੀ ਸਾਂਝੀ ਟੀਮ ਨੇ ਤੇਜ਼ੀ ਨਾਲ ਜਾਂਚ ਕਰਦਿਆਂ ਚਾਰ ਮੁਲਜ਼ਮ—ਸਰਬਜੀਤ ਸਿੰਘ ਉਰਫ਼ ਗੋਸ਼ਾ, ਹਰਜੀਤ ਸਿੰਘ, ਸਕੱਤਰ ਸਿੰਘ (ਵਾਸੀ ਅੰਮ੍ਰਿਤਸਰ) ਅਤੇ ਸਟੀਫਨ ਮਸੀਹ (ਵਾਸੀ ਗੁਰਦਾਸਪੁਰ) ਨੂੰ ਗਿਰਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਇਸ ਸਾਜ਼ਿਸ਼ ਦਾ ਮੁੱਖ ਸਰਗਨਾ ਹਰਜੀਤ ਸਿੰਘ ਸੀ।
ਹਾਲਾਂਕਿ ਜਸਪਾਲ ਸਿੰਘ (ਵਾਸੀ ਅੰਮ੍ਰਿਤਸਰ) ਅਜੇ ਵੀ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਲੁੱਟੀ ਗਈ ਪੂਰੀ ਰਕਮ 30 ਹਜ਼ਾਰ ਕੈਨੇਡੀਅਨ ਡਾਲਰ, ਦੋ ਲਾਇਸੈਂਸੀ .32 ਬੋਰ ਪਸਤੌਲ, ਛੇ ਜ਼ਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤੀ ਗਈ ਇਨੋਵਾ ਕਾਰ ਵੀ ਬਰਾਮਦ ਕਰ ਲਈ ਹੈ।












