ਮੁਲਾਜ਼ਮਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲਿਆ
ਨਵੀਂ ਦਿੱਲੀ (ਏਜੰਸੀ)। 10 ਮਿੰਟ ਡਿਲੀਵਰੀ ਦੇ ਦਾਅਵੇ ’ਤੇ ਕੇਂਦਰ ਸਰਕਾਰ ਨੇ ਸਖ਼ਤ ਫੈਸਲਾ ਲਿਆ ਹੈ ਅਤੇ ਗਿਗ ਵਰਕਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਵਿੱਕ ਕਮੱਰਸ ਪਲੇਟਫਾਰਮਾਂ ਨੂੰ ਡਿਲੀਵਰੀ ਲਈ ਸਮਾਂ ਹੱਦ ਹਟਾਉਣ ਦੀ ਸਲਾਹ ਦਿੱਤੀ ਹੈ। ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਬਲਿੰਕਿਟ, ਜ਼ੇਪਟੋ, ਸਵਿੱਗੀ ਅਤੇ ਜ਼ੋਮੈਟੋ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਗਿਗ ਵਰਕਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਸਖ਼ਤ ਡਿਲੀਵਰੀ ਟਾਈਮ ਲਿਮਿਟ ਹਟਾਉਣ ਦੀ ਸਲਾਹ ਦਿੱਤੀ।
ਕੰਪਨੀਆਂ ਨੇ ਵੀ ਸਰਕਾਰ ਨੂੰ ਭਰੋਸਾ ਦਿੱਤਾ ਕਿ ਉਹ ਡਿਲੀਵਰੀ ਟਾਈਮ ਲਿਮਿਟ ਨੂੰ ਆਪਣੇ ਵਿਗਿਆਪਨਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾ ਦੇਣਗੀਆਂ। ਕੇਂਦਰੀ ਮੰਤਰੀ ਦੀ ਸਲਾਹ ਤੋਂ ਬਾਅਦ ਬਲਿੰਕਿਟ ਨੇ ਤੁਰੰਤ ਪ੍ਰਭਾਵ ਨਾਲ ਕਦਮ ਚੁੱਕਦੇ ਹੋਏ 10 ਮਿੰਟਾਂ ’ਚ ਡਿਲੀਵਰੀ ਦੇ ਕਲੇਮ ਨੂੰ ਆਪਣੇ ਬ੍ਰਾਂਡ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਕੰਪਨੀ ਹੁਣ ਡਿਲੀਵਰੀ ਲਈ 10 ਮਿੰਟਾਂ ਦੀ ਟਾਈਮਲਾਈਨ ਨੂੰ ਫਿਕਸ ਨਹੀਂ ਕਰੇਗੀ।
Read Also : ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਪਿਤਾ ਬੂਟਾ ਢਿੱਲੋਂ ਦਾ ਦੇਹਾਂਤ
ਹਾਲ ਹੀ ਦਿਨਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਸੰਸਦ ਰਾਘਵ ਚੱਢਾ ਨੇ ਡਿਲੀਵਰੀ ਪਾਰਟਨਰਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਲਗਾਤਾਰ ਉਜਾਗਰ ਕੀਤਾ ਹੈ। ਸੋਮਵਾਰ ਨੂੰ ਚੱਢਾ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਰਾਜਧਾਨੀ ਦੀਆਂ ਸੜਕਾਂ ’ਤੇ ਇੱਕ ਡਿਲੀਵਰੀ ਪਾਰਟਨਰ ਵਜੋਂ ਇੱਕ ਦਿਨ ਬਿਤਾਉਂਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਉਨ੍ਹਾਂ ਨੇ ਗਿਗ ਵਰਕਰਾਂ ਨਾਲ ਇਕਜੁਟਤਾ ਜ਼ਾਹਰ ਕਰਨ ਲਈ ਬਣਾਇਆ ਸੀ।
GIG Workers News
ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਬਾਅਦ 10 ਮਿੰਟ ਡਿਲੀਵਰੀ ਭਾਵ ਕਵਿਕ ਕਮੱਰਸ ਤੇਜ਼ੀ ਨਾਲ ਹਰਮਨ-ਪਿਆਰਾ ਹੋਇਆ ਹੈ। ਇਸ ਵਿੱਚ ਪਲੇਟਫਾਰਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਡਾਰਕ ਸਟੋਰ ਖੋਲ੍ਹ ਕੇ ਆਪਣੇ ਆਨਲਾਈਨ ਪਲੇਟਫਾਰਮ ਰਾਹੀਂ ਰਾਈਡਰਾਂ ਵੱਲੋਂ ਡਿਲੀਵਰੀ ਪੂਰੀ ਕਰਦੇ ਹਨ। ਮੌਜ਼ੂਦਾ ਸਮੇਂ ਇਸ ਸੈਕਟਰ ਵਿੱਚ ਬਲਿੰਕਿਟ, ਜ਼ੇਪਟੋ, ਬਿਗਬਾਸਕਟ, ਫਿਲਿਪਕਾਰਟ ਅਤੇ ਸਵਿੱਗੀ ਵਰਗੇ ਵੱਡੇ ਖਿਡਾਰੀ ਕੰਮ ਕਰ ਰਹੇ ਹਨ।
ਕਵਿਕ ਕਮੱਰਸ ਪਰੰਪਰਾਗਤ ਕਮੱਰਸ ਨਾਲੋਂ ਕਾਫ਼ੀ ਵੱਖਰਾ ਹੁੰਦਾ ਹੈ। ਪਰੰਪਰਾਗਤ ਕਮੱਰਸ ਵਿੱਚ ਉਤਪਾਦਾਂ ਦੀ ਡਿਲੀਵਰੀ ਵਿੱਚ ਕਈ ਦਿਨ ਲੱਗ ਜਾਂਦੇ ਹਨ, ਜਦਕਿ ਕਵਿਕ ਕਮੱਰਸ ਵਿੱਚ ਇਹ ਕੰਮ ਕੁਝ ਮਿੰਟਾਂ ਵਿੱਚ ਹੀ ਹੋ ਜਾਂਦਾ ਹੈ। ਹਾਲ ਹੀ ਵਿੱਚ ਨਵੇਂ ਸਾਲ ਦੇ ਮੌਕੇ ’ਤੇ ਕਵਿਕ ਕਮੱਰਸ ਡਿਲੀਵਰੀ ਪਾਰਟਨਰਾਂ ਨੇ ਮੁਸ਼ਕਲ ਕੰਮ ਵਾਲੀਆਂ ਸਥਿਤੀਆਂ, ਘੱਟ ਤਨਖਾਹ ਅਤੇ ਪ੍ਰਤੀਕੂਲ ਮਾਹੌਲ ਕਾਰਨ ਹੜਤਾਲ ਕੀਤੀ ਸੀ।














