Kothi Culture Punjab: ਮਨੁੱਖ ਨੇ ਜਦੋਂ ਜੰਗਲਾਂ ਵਿੱਚੋਂ ਨਿੱਕਲ ਕੇ ਸੱਭਿਅਕ ਜੀਵਨ ਜਿਊਣਾ ਸ਼ੁਰੂ ਕੀਤਾ ਤਾਂ ਉਸ ਨੇ ਸਭ ਤੋਂ ਪਹਿਲਾਂ ਘਰ ਹੀ ਬਣਾਇਆ ਹੋਵੇਗਾ। ਘਰ ਭਾਵੇਂ ਉਸ ਕੋਲ ਉਦੋਂ ਵੀ ਹੁੰਦਾ ਸੀ ਜਦ ਉਹ ਜੰਗਲ ਵਿੱਚ ਰਹਿੰਦਾ ਸੀ ਪਰ ਉਸ ਵਕਤ ਮਨੁੱਖ ਕੋਲ ਘਰ ਦੇ ਨਾਂ ’ਤੇ ਸਿਰਫ਼ ਗੁਫਾਵਾਂ ਜਾਂ ਖੁੱਡਾਂ ਹੀ ਹੁੰਦੀਆਂ ਸਨ ਜਿਨ੍ਹਾਂ ਵਿੱਚ ਉਹ ਰਹਿੰਦਾ ਸੀ। ਫਿਰ ਮਨੁੱਖੀ ਸੱਭਿਅਤਾ ਦੇ ਵਿਕਾਸ ਕਰਨ ਨਾਲ ਜਦੋਂ ਮਨੁੱਖ ਨੇ ਘਰ ਬਣਾ ਕੇ ਇੱਕ ਥਾਂ ਰਹਿਣਾ ਸ਼ੁਰੂ ਕੀਤਾ ਤਾਂ ਉਸ ਦੇ ਜੀਵਨ ਵਿੱਚ ਸਥਿਰਤਾ ਆਈ ਨਹੀਂ ਤਾਂ ਪਹਿਲਾਂ ਮਨੁੱਖ ਜੰਗਲਾਂ ਵਿੱਚ ਤੁਰਦਾ-ਫਿਰਦਾ ਰਹਿੰਦਾ ਸੀ। ਇਸ ਤਰ੍ਹਾਂ ਸੱਭਿਅਕ ਜੀਵਨ ਦੇ ਸ਼ੁਰੂ ਹੋਣ ਨਾਲ ਮਨੁੱਖ ਤੇ ਘਰ ਦੀ ਸਾਂਝ ਬਣੀ, ਜਿਹੜੀ ਅੱਜ ਤੱਕ ਵੀ ਬਰਕਰਾਰ ਹੈ। Kothi Culture Punjab
ਇਹ ਖਬਰ ਵੀ ਪੜ੍ਹੋ : IPL 2026: ਬੀਸੀਸੀਆਈ ਦਾ ਨਿਰਦੇਸ਼, ਕੇਕੇਆਰ ਬੰਗਲਾਦੇਸ਼ੀ ਕ੍ਰਿਕੇਟਰ ਨੂੰ ਹਟਾਵੇ
ਘਰ ਭਾਵੇਂ ਦੋ ਅੱਖਰਾਂ ਦਾ ਛੋਟਾ ਜਿਹਾ ਸ਼ਬਦ ਹੈ ਪਰ ਇਹ ਆਪਣੇ ਵਿੱਚ ਅਸੀਮ ਅਰਥ ਛੁਪਾਈ ਬੈਠਾ ਹੈ। ਇਹ ਘਰ ਹੀ ਹੈ ਜਿੱਥੇ ਹਰੇਕ ਵਿਅਕਤੀ ਦਿਨ ਭਰ ਦੀ ਭੱਜ-ਦੌੜ ਕਰਨ ਬਾਅਦ ਦੋ ਘੜੀ ਆਰਾਮ ਕਰਨ ਲਈ ਆਉਂਦਾ ਹੈ। ਘਰ ਵਿੱਚ ਵਿਅਕਤੀ ਨੂੰ ਉਹ ਸਕੂਨ ਮਿਲਦਾ ਹੈ ਜੋ ਦੁਨੀਆਂ ਦੇ ਕਿਸੇ ਵੀ ਥਾਂ ਨਹੀਂ ਮਿਲਦਾ। ਜੇਕਰ ਸਦੀਆਂ ਪਹਿਲਾਂ ਮਨੁੱਖ ਘਰ ਨਾ ਬਣਾਉਂਦਾ ਤਾਂ ਸ਼ਾਇਦ ਉਸ ਨੇ ਇਸ ਧਰਤੀ ’ਤੇ ਹਮੇਸ਼ਾ ਭਟਕਦੇ ਹੀ ਰਹਿਣਾ ਸੀ। ਵਿਅਕਤੀ ਦੇ ਰੁਤਬੇ ਨਾਲ ਘਰ ਦੀ ਬਣਤਰ ਵਿੱਚ ਜ਼ਰੂਰ ਫ਼ਰਕ ਪੈ ਸਕਦਾ ਹੈ ਪਰ ਇਸ ਵਿਚਲੇ ਅਹਿਸਾਸ, ਖਲੂਸ, ਅਪਣੱਤ ਤੇ ਆਪਣੇਪਣ ਦਾ ਅਮੀਰੀ-ਗ਼ਰੀਬੀ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ।
ਜੋ ਸਕੂਨ ਇੱਕ ਅਮੀਰ ਆਦਮੀ ਨੂੰ ਆਪਣੀ ਆਲੀਸ਼ਾਨ ਕੋਠੀ ਵਿੱਚ ਆਉਂਦਾ ਹੈ ਉਹੀ ਸਕੂਨ ਗ਼ਰੀਬ ਨੂੰ ਆਪਣੀ ਕੁੱਲੀ ਵਿੱਚ ਆਉਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਘਰ ਉਹ ਥਾਂ ਹੁੰਦੀ ਹੈ ਜਿੱਥੇ ਮਨੁੱਖ ਦੀਆਂ ਸਧਰਾਂ, ਸੁਫ਼ਨੇ ਤੇ ਚਾਅ ਪਲਦੇ ਹਨ। ਦੁਨੀਆਂ ਦੇ ਹਰੇਕ ਖਿੱਤੇ ਵਿੱਚ ਘਰਾਂ ਦੀ ਬਣਤਰ ਅਲੱਗ-ਅਲੱਗ ਹੋਣ ਦਾ ਕਾਰਨ ਧਰਤੀ ਦੇ ਜਲਵਾਯੂ ਤੇ ਪੌਣ-ਪਾਣੀ ਵਿੱਚ ਭਿੰਨਤਾ ਹੈ। ਇਸ ਕਰਕੇ ਹੀ ਹਰੇਕ ਇਲਾਕੇ ਦੇ ਮੌਸਮ ਤੇ ਵਾਤਾਵਰਨ ਨੂੰ ਧਿਆਨ ਵਿੱਚ ਰੱਖ ਕੇ ਹੀ ਘਰ ਬਣਾਇਆ ਜਾਂਦਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਮੁੱਢ ਤੋਂ ਖੇਤੀ ਪ੍ਰਧਾਨ ਸੂਬਾ ਰਿਹਾ ਹੋਣ ਕਰਕੇ ਇੱਥੇ ਘਰ ਬਹੁਤ ਸਾਦ-ਮੁਰਾਦੀ ਬਣਤਰ ਵਾਲੇ ਰਹੇ ਹਨ।
ਪੁਰਾਣੇ ਪੰਜਾਬ ਦੇ ਪਿੰਡਾਂ ਵਿੱਚ ਪਿੱਛੇ ਸਬਾਤਾਂ ਅੱਗੇ ਬਰਾਂਡਾ ਤੇ ਵਿਹੜੇ ਤੋਂ ਅੱਗੇ ਫਿਰ ਦਰਵਾਜ਼ੇ ਵਾਲੇ ਘਰ ਆਮ ਵੇਖਣ ਨੂੰ ਮਿਲਦੇ ਸਨ। ਪਰ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੇ ਪਿੰਡਾਂ ਵਿੱਚ ਪੁਰਾਣੇ ਘਰਾਂ ਦੀ ਥਾਂ ’ਤੇ ਕੋਠੀਆਂ ਬਣਨ ਲੱਗ ਪਈਆਂ ਹਨ। ਘਰਾਂ ਦੇ ਕੱਚੇ ਵਿਹੜਿਆਂ ਵਿੱਚ ਲਗਾਤਾਰ ਪੱਥਰ ਵਿਛਦਾ ਜਾ ਰਿਹਾ ਹੈ। ਜਿਸ ਰਫ਼ਤਾਰ ਨਾਲ ਪੰਜਾਬ ਦੇ ਪਿੰਡਾਂ ਵਿੱਚ ਕੋਠੀਆਂ ਪੈ ਰਹੀਆਂ ਹਨ ਉਸ ਨੂੰ ਵੇਖ ਕੇ ਲੱਗਦੈ ਕਿ ਆਉਣ ਵਾਲੇ ਕੁਝ ਦਹਾਕਿਆਂ ਵਿੱਚ ਪੰਜਾਬ ਦੇ ਪਿੰਡਾਂ ਵਿੱਚੋਂ ਪੁਰਾਣੇ ਘਰ ਅਲੋਪ ਹੀ ਹੋ ਜਾਣਗੇ। ਅੱਜ ਜੇਕਰ ਕੋਈ ਵੀ ਵਿਅਕਤੀ ਨਵਾਂ ਘਰ ਬਣਾਉਣ ਦੀ ਸੋਚਦਾ ਹੈ ਤਾਂ ਉਸ ਦੇ ਦਿਮਾਗ਼ ਵਿੱਚ ਪਹਿਲਾਂ ਕੋਠੀ ਆਉਂਦੀ ਹੈ। Kothi Culture Punjab
ਉਹ ਕੋਠੀ ਵਿੱਤ ਮੁਤਾਬਕ ਛੋਟੀ-ਵੱਡੀ ਹੋ ਸਕਦੀ ਹੈ ਪਰ ਹਰ ਬੰਦਾ ਘਰ ਬਣਾਉਣ ਲੱਗਿਆਂ ਸੁਪਨਾ ਕੋਠੀ ਬਣਾਉਣ ਦਾ ਹੀ ਵੇਖਦਾ ਹੈ। ਕਹਿਣ ਦਾ ਭਾਵ ਪੁਰਾਣੇ ਘਰਾਂ ਦੀ ਦਿੱਖ ਅੱਜ-ਕੱਲ੍ਹ ਸਾਡੇ ਖ਼ਿਆਲਾਂ ਵਿੱਚ ਵੀ ਆਉਣੋਂ ਹਟ ਗਈ ਹੈ। ਇਸ ਤੋਂ ਇਲਾਵਾ ਘਰ ਦੇ ਮੁਕਾਬਲੇ ਕੋਠੀ ਦਾ ਪ੍ਰਭਾਵ ਸਾਡੇ ਰਿਸ਼ਤਿਆਂ ਵਿੱਚ ਵੀ ਸਾਫ਼ ਝਲਕਦਾ ਹੈ ਇੱਥੇ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਪੰਜਾਬ ਦੀ ਜ਼ਿਆਦਾ ਵਸੋਂ ਖੇਤੀ ਨਾਲ ਸੰਬੰਧਤ ਹੈ ਜਿਸ ਕਰਕੇ ਉਹ ਖੇਤੀ ਦੇ ਨਾਲ-ਨਾਲ ਪਸ਼ੂ ਵੀ ਪਾਲਦੇ ਹਨ। ਇਸ ਲਈ ਪੰਜਾਬ ਦੇ ਪਿੰਡਾਂ ਦੇ ਲੋਕ ਭਾਵੇਂ ਪੁਰਾਣੇ ਘਰਾਂ ਦੀ ਜਗ੍ਹਾ ਕੋਠੀਆਂ ਬਣਾਉਣ ਤਾਂ ਲੱਗ ਪਏ ਹਨ। Kothi Culture Punjab
ਪਰ ਇਨ੍ਹਾਂ ਕੋਠੀਆਂ ਵਿੱਚ ਉਹ ਮਾਲ-ਪਸ਼ੂ ਨਹੀਂ ਰੱਖ ਸਕਦੇ ਹਨ ਤੇ ਉਨ੍ਹਾਂ ਨੂੰ ਪਸ਼ੂਆਂ ਲਈ ਅਲੱਗ ਤੋਂ ਵਾੜਾ ਬਣਾਉਣਾ ਪੈਂਦਾ ਹੈ ਨਹੀਂ ਤਾਂ ਪਹਿਲਾਂ ਵਾਲੇ ਸਮੇਂ ਵਿੱਚ ਇੱਕ ਘਰ ਵਿੱਚ ਹੀ ਸਾਰੇ ਟੱਬਰ ਤੇ ਮਾਲ-ਡੰਗਰ ਦਾ ਗੁਜ਼ਾਰਾ ਹੋ ਜਾਂਦਾ ਸੀ। ਇਸ ਤੋਂ ਇਲਾਵਾ ਪੁਰਾਣੇ ਬਜ਼ੁਰਗ ਜਦੋਂ ਘਰ ਬਣਾਉਂਦੇ ਸਨ ਤਾਂ ਉਹ ਇਸ ਢੰਗ ਨਾਲ ਘਰਾਂ ਦੀ ਉਸਾਰੀ ਕਰਦੇ ਸਨ ਕਿ ਜੇਕਰ ਅੱਗੇ ਜਾ ਕੇ ਕਦੇ ਘਰ ਦੋ ਭਰਾਵਾਂ ਵਿੱਚ ਵੰਡਣਾ ਵੀ ਪੈ ਜਾਂਦਾ ਸੀ ਤਾਂ ਘਰ ਵਿਚਕਾਰ ਇੱਕ ਕੰਧ ਕੱਢ ਕੇ ਹੀ ਘਰ ਦੀ ਵੰਡ ਹੋ ਜਾਂਦੀ ਸੀ। ਇੱਕ ਹੋਰ ਪੱਖ ਤੋਂ ਵੀ ਪੁਰਾਣੇ ਘਰ ਕੋਠੀ ਦੇ ਮੁਕਾਬਲੇ ਵਧੀਆ ਸਨ ਕਿ ਜੇਕਰ ਕਦੇ ਕਿਸੇ ਕਾਰਨ ਕਰਕੇ ਘਰ ਢਾਹੁਣਾ ਪੈ ਜਾਂਦਾ ਸੀ।
ਤਾਂ ਉਸ ਵਿੱਚੋਂ ਇੱਟਾਂ, ਸ਼ਤੀਰ, ਗਾਰਡਰ ਵਗੈਰਾ ਸਾਬਤ ਨਿੱਕਲ ਜਾਂਦੇ ਸਨ। ਪਰ ਜੇਕਰ ਕੋਈ ਕੋਠੀ ਢਾਹੁਣੀ ਪੈ ਜਾਵੇ ਤਾਂ ਉਸ ਵਿੱਚੋਂ ਮਲਬੇ ਤੋਂ ਬਗੈਰ ਕੁਝ ਵੀ ਨਹੀਂ ਸਾਬਤ ਨਹੀਂ ਮਿਲਦਾ ਹੈ ਬਾਕੀ ਰੁਪਏ ਦੀ ਲਾਗਤ ਦੇ ਪੱਖ ਤੋਂ ਵੀ ਪੁਰਾਣੀ ਦਿੱਖ ਵਾਲਾ ਘਰ ਕੋਠੀ ਨਾਲੋਂ ਬਹੁਤ ਘੱਟ ਰੁਪਏ ਵਿੱਚ ਬਣ ਜਾਂਦਾ ਸੀ ਜਦਕਿ ਕੋਠੀ ਬਣਾਉਣ ਦੇ ਖ਼ਰਚ ਦੀ ਕੋਈ ਨਿਸ਼ਚਿਤ ਸੀਮਾ ਨਹੀਂ ਹੈ। ਇਸ ਤਰ੍ਹਾਂ ਕੋਠੀ ਕਲਚਰ ਨੂੰ ਭਾਵੇਂ ਤਰੱਕੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਪਰ ਅਸਲ ਵਿੱਚ ਇਸ ਨੇ ਸਾਡੇ ਪੁਰਾਤਨ ਘਰਾਂ ਦੀ ਦਿੱਖ ਨੂੰ ਨਿਗਲ ਲਿਆ ਹੈ। ਪੰਜਾਬ ਦੇ ਸਬਾਤ, ਬਰਾਂਡਾ, ਬੈਠਕ ਤੇ ਦਰਵਾਜ਼ੇ ਵਾਲੇ ਘਰ ਹਰ ਮੌਸਮ ਦੇ ਅਨੁਸਾਰ ਅਨੁਕੂਲ ਹੁੰਦੇ ਸਨ। Kothi Culture Punjab
ਪਰ ਕੋਠੀ ਚਾਰੇ ਪਾਸਿਓਂ ਬੰਦ ਤੇ ਪੱਕੀ ਹੋਣ ਕਰਕੇ ਮੌਸਮ ਅਨੁਸਾਰ ਆਪਣੀ ਤਾਸੀਰ ਨਹੀਂ ਬਦਲਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਕੋਠੀ ਭਾਵੇਂ ਅੱਜ ਪੰਜਾਬ ਦੇ ਪੇਂਡੂ ਜੀਵਨ ਦਾ ਸਟੇਟਸ ਸਿੰਬਲ ਬਣ ਗਈ ਹੈ ਪਰ ਉਹ ਪੁਰਾਣੇ ਘਰਾਂ ਵਾਂਗ ਸਮੁੱਚੇ ਰੂਪ ਵਿੱਚ ਪੇਂਡੂ ਵਸੋਂ ਦੇ ਅਨੁਕੂਲ ਨਹੀਂ ਹੈ। ਇਸ ਤਰ੍ਹਾਂ ਭਾਵੇਂ ਪਰਿਵਰਤਨ ਕੁਦਰਤ ਦਾ ਨਿਯਮ ਹੈ ਤੇ ਸਮੇਂ ਮੁਤਾਬਿਕ ਹਰ ਚੀਜ਼ ਬਦਲਦੀ ਰਹਿੰਦੀ ਹੈ ਪਰ ਇਹ ਪਰਿਵਰਤਨ ਅਜਿਹਾ ਵੀ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਮੂਲ ਜਾਂ ਆਪਣੀਆਂ ਜੜ੍ਹਾਂ ਨਾਲੋਂ ਹੀ ਸਾਨੂੰ ਤੋੜ ਦੇਵੇ।
ਘਰਾਂ ਦੀ ਦਿੱਖ ਦੇ ਮਾਮਲੇ ਵਿੱਚ ਵੀ ਸਾਨੂੰ ਗਹਿਰਾਈ ਨਾਲ ਸੋਚਣ ਦੀ ਲੋੜ ਹੈ ਕਿ ਅਸੀਂ ਕੋਠੀਨੁਮਾ ਘਰਾਂ ਦੇ ਨਾਂਅ ’ਤੇ ਕਿੱਧਰੇ ਪੰਜਾਬ ਦੀ ਉਪਜਾਊ ਧਰਤੀ ਵਿੱਚ ਬੱਜਰੀ, ਪੱਥਰ ਤੇ ਕੰਕਰੀਟ ਤਾਂ ਨਹੀਂ ਭਰ ਰਹੇ ਹਾਂ। ਸੋ ਅੱਜ ਲੋੜ ਹੈ ਕਿ ਅਸੀਂ ਆਪਣੇ ਪੁਰਖਿਆਂ ਦੇ ਘਰਾਂ ਦੀ ਦਿੱਖ ਨੂੰ ਸੰਭਾਲੀਏ। ਅਸੀਂ ਆਪਣਾ ਖਾਣ-ਪੀਣ ਤੇ ਪਹਿਰਾਵਾ ਤਾਂ ਪਹਿਲਾਂ ਹੀ ਬਦਲ ਲਿਆ ਹੈ ਹੁਣ ਤਾਂ ਡਰ ਹੈ ਕਿਤੇ ਅਸੀਂ ਆਪਣੇ ਪੁਰਾਤਨ ਘਰਾਂ ਦੀ ਦਿੱਖ ਨੂੰ ਹੀ ਨਾ ਗਵਾ ਲਈਏ। Kothi Culture Punjab
ਸਾਨੂੰ ਇੱਕ-ਦੂਜੇ ਦੀ ਰੀਸ ਕਰਕੇ ਵੀ ਅੱਡੀਆਂ ਚੁੱਕ ਕੇ ਫਾਾਹਾ ਲੈ ਕੇ ਕੋਠੀਆਂ ਨਹੀਂ ਉਸਾਰਨੀਆਂ ਚਾਹੀਦੀਆਂ ਹਨ ਸਗੋਂ ਆਪਣੇ ਵਿੱਤ ਅਨੁਸਾਰ ਸਾਦ-ਮੁਰਾਦਾ ਘਰ ਬਣਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਘਰ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਤੇ ਸੋਹਣਾ ਬਣਾ ਲਵੋ ਪਰ ਜੇਕਰ ਉਸ ਘਰ ਵਿੱਚ ਰਹਿਣ ਵਾਲੇ ਜੀਆਂ ਵਿੱਚ ਮੋਹ, ਪਿਆਰ, ਵਿਸ਼ਵਾਸ ਤੇ ਮਿਲਵਰਤਣ ਨਹੀਂ ਤਾਂ ਉਹ ਘਰ ਕਹਾਉਣ ਦੇ ਲਾਇਕ ਨਹੀਂ ਹੈ। ਇਸ ਲਈ ਸਾਨੂੰ ਘਰ ਬਣਾਉਣ ਵੇਲੇ ਇੱਕ-ਦੂਜੇ ਦੇ ਪਿੱਛਲੱਗ ਬਣ ਕੇ ਰੀਸ ਨਹੀਂ ਕਰਨੀ ਚਾਹੀਦੀ ਬਲਕਿ ਆਪਣੀ ਹੈਸੀਅਤ ਮੁਤਾਬਕ ਆਪਣੀ ਮਿੱਟੀ ਤੇ ਆਬੋ-ਹਵਾ ਦੇ ਅਨੁਕੂਲ ਘਰ ਬਣਾਉਣਾ ਚਾਹੀਦਾ ਹੈ। Kothi Culture Punjab
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸਾਹਨੇਵਾਲੀ (ਮਾਨਸਾ)
ਮਨਜੀਤ ਮਾਨ














